ਅੰਮ੍ਰਿਤਸਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਅੱਜ ਆਪਣੇ ਪਿਤਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਮੁਆਫੀ ਮੰਗਣ ਲਈ ਪਹੁੰਚੇ ਹਨ। ਦਰਅਸਲ ਸਿੱਧੂ ਮੂਸੇਵਾਲਾ ਵਲੋਂ ਆਪਣੇ ਇਕ ਗੀਤ ‘ਚ ‘ਮਾਈ ਭਾਗੋ’ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਸੀ ਜਿਸ ‘ਤੇ ਵੱਖ-ਵੱਖ ਜਥੰਬੰਦੀਆਂ ਵਲੋਂ ਵਿਰੋਧ-ਪ੍ਰਦਰਸ਼ਨ ਕੀਤਾ ਗਿਆ ਸੀ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਈ ਮਹੀਨਿਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਿਲਣਾ ਚਾਹੁੰਦੇ ਸਨ।
ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗਾਣੇ ‘ਚ ਮਾਈ ਭਾਗੋ ਦੇ ਨਾਂ ਦਾ ਜ਼ਿਕਰ ਕੀਤਾ, ਜਿਸ ਦਾ ਸਿੱਖ ਭਾਈਚਾਰੇ ਨੇ ਡੱਟ ਕੇ ਵਿਰੋਧ ਕੀਤਾ। ਜਿਸ ਤੋਂ ਬਾਅਦ ਮੂਸੇਵਾਲਾ ਨੇ ਲਾਈਵ ਹੋ ਕੇ ਕਿਹਾ ਮੇਰੇ ਤੋਂ ਅਣਜਾਣੇ ‘ਚ ਗਲਤੀ ਹੋਈ ਹੈ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਸ ਨੇ ਕਿਹਾ ਕਿ ਇਹ ਗਾਣਾ ਲਿਖਣ ਪਿੱਛੇ ਮੇਰਾ ਕਹਿਣ ਦਾ ਮਤਲਬ ਕੁੱਝ ਹੋਰ ਸੀ ਪਰ ਇਹ ਗੱਲ ਗਲਤ ਤਰੀਕੇ ਨਾਲ ਜੁੜ ਗਈ। ਮੂਸੇਵਾਲੇ ਨੇ ਕਿਹਾ ਕਿ ਮੈਂ ਗਲਤੀ ਕੀਤੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸਭ ਤੋਂ ਮਾਫ਼ੀ ਮੰਗਦਾ ਹਾਂ।
ਸਿੱਧੂ ਨੇ ਇਸ ਗਾਣੇ ਪਿੱਛੇ ਵਜ੍ਹਾ ਦੱਸਦੇ ਹੋਏ ਕਿਹਾ ਸੀ ਕਿ ਇਹ ਗਾਣਾ ਇੱਕ ਅਜਿਹੀ ਕੁੜੀ ਨੂੰ ਦਰਸਾਉਂਦਾ ਹੈ ਜਿਹੜੀ ਬਹੁਤ ਸੰਸਕਾਰੀ ਹੈ। ਜਿਸ ਨੇ ਕੋਈ ਗਲਤ ਕੰਮ ਨਹੀਂ ਕੀਤੇ ਤੇ ਉਹ ਛੋਟੇ ਹੁੰਦੇ ਤੋਂ ਤਲਵਾਰ ਨਾਲ ਖੇਡਦੀ ਆਈ ਹੈ। ਬੇਸ਼ੱਕ ਉਹ ਮਾਡਰਨ ਹੈ ਪਰ ਉਹ ਸੰਸਕਾਰੀ ਹੈ ਤੇ ਲੋੜ ਪੈਣ ਤੇ ਮਾਈ ਭਾਗੋ ਵਾਂਗ ਤਲਵਾਰ ਵੀ ਚੁੱਕ ਸਕਦੀ ਹੈ।