ਨਹੀਂ ਟਲਦਾ ਸਿੱਧੂ ! ਨਵੀਂ ‘ਸਿੱਟ’ ਦੇ ਐਲਾਨ ਤੋਂ ਬਾਅਦ ਮੁੜ ਕੈਪਟਨ ‘ਤੇ ਕੀਤਾ ਤਿੱਖਾ ਹਮਲਾ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਨਵੀਂ ‘ਸਿੱਟ’ ਦੇ ਐਲਾਨ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ।ਸਿੱਧੂ ਨੇ ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਬਿੰਨਿਆ ਹੈ ।

ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਹੈ, “ਅਫ਼ਸੋਸ ! ਗ੍ਰਹਿ ਮੰਤਰੀ ਦੀ ਨਾਕਾਬਲੀਅਤ ਕਰ ਕੇ ਸਰਕਾਰ ਹਾਈਕੋਰਟ ਦੇ ਹੁਕਮ ਮੰਨਣ ਲਈ ਮਜਬੂਰ ਹੈ |ਜਿਸ ਦੇ ਵਿਰੋਧ ਵਿਚ ਪੰਜਾਬ ਦੇ ਲੋਕ ਖੜ੍ਹੇ ਹਨ । ਨਵੀਂ ਸਿੱਟ ਨੂੰ 6 ਮਹੀਨੇ ਦਾ ਸਮਾਂ ਹੋਰ ਦੇਣ ਦਾ ਮਤਲਬ ਹੈ ਇਸ ਮਾਮਲੇ ਨੂੰ ਹੱਲ ਤੱਕ ਨਹੀਂ ਪਹੁੰਚਣ ਦੇਣਾ, ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਬਦਕਿਸਮਤੀ ਨਾਲ ਆਉਣ ਵਾਲੀਆਂ ਚੋਣਾਂ ਦੀ ਆਚਾਰ ਸੰਹਿਤਾ ਲਾਗੂ ਹੋਣ ਤੱਕ ਹੋਰ ਲਟਕਾਉਣਾ। ਦੱਸ ਦਈਏ ਕਿ ਸੂਬੇ ਦਾ ਗ੍ਰਹਿ ਮੰਤਰਾਲਾ ਇਸ ਸਮੇਂ ਮੁੱਖ ਮੰਤਰੀ ਦੇਖ ਰਹੇ ਹਨ।

ਟਵਿੱਟਰ ‘ਤੇ ਸਿੱਧੂ ਨੇ ਇਕ ਤੋਂ ਬਾਅਦ ਇੱਕ ਦੋ ਟਵੀਟ ਕੀਤੇ ਤਾਂ ਆਪਣੇ ਫੇਸਬੁੱਕ ਪੇਜ ‘ਤੇ ਵੀ ਇੱਕ ਪੋਸਟ ਸ਼ੇਅਰ ਕੀਤੀ।

ਸਿੱਧੂ ਨੇ ਲਿਖਿਆ, “ਜਾਣਬੁੱਝ ਕੇ ਦੇਰੀ ਕਰਨਾ ਬੇਇਨਸਾਫੀ ਹੈ, ਲੋਕਾਂ ਦੇ ਫ਼ਤਵੇ ਨਾਲ ਧੋਖਾ ਹੈ। ਮਲਟੀਪਲ ਇਨਕੁਆਰੀ ਕਮਿਸ਼ਨਾਂ, ਐਸ.ਆਈ.ਟੀਜ਼ ਅਤੇ 6 ਸਾਲ ਬੀਤਣ ਤੋਂ ਬਾਅਦ, ਸਬੂਤ ਕਮਜ਼ੋਰ ਹੋ ਗਏ ਹਨ, ਜਿਸ ਨਾਲ ਦੋਸ਼ੀਆਂ ਨੂੰ ਫ਼ਾਇਦਾ ਪਹੁੰਚਿਆ ਹੈ । ਇੱਕੋ ਮਾਮਲੇ ‘ਤੇ ਦੁਹਰਾਉਣ ਵਾਲੀਆਂ ਜਾਂਚਾਂ ਕਾਰਨ ਦੋਸ਼ੀਆਂ ਨੂੰ ਆਪਣਾ ਬਚਾਅ ਮਜ਼ਬੂਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।

ਸਿੱਧੂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਨੁਸ਼ਾਸਨਹੀਣਤਾ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਹਾਈਕਮਾਂਡ ਕੋਲ ਸ਼ਿਕਾਇਤ ਜਾ ਚੁੱਕੀ ਹੈ। ਸਿੱਧੂ ਪਿਛਲੇ ਲੰਮੇਂ ਸਮੇਂ ਤੋਂ ਬੇਅਦਬੀ ਦੇ ਮਾਮਲੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖੇ ਸ਼ਬਦੀ ਹਮਲੇ ਕਰਦੇ ਆ ਰਹੇ ਹਨ, ਜਿਹੜਾ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਨੂੰ ਜ਼ਾਹਰ ਕਰਦਾ ਹੈ।

ਸਿੱਧੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਵਿਰੋਧੀ ਪਾਰਟੀ ‘ਆਪ’ ਦੀ ਕੀ ਪ੍ਰਤੀਕ੍ਰਿਆ ਸਾਹਮਣੇ ਆਉਂਦੀ ਹੈ ਇਹ ਦੇਖਣਾ ਦਿਲਚਸਪ ਹੋਵੇਗਾ।

Share This Article
Leave a Comment