ਅੰਮ੍ਰਿਤਸਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਅੰਮ੍ਰਿਤਸਰ ਪੂਰਬੀ ਸੀਟ ਤੇ ਇੱਕ ਦੂਸਰੇ ਦੇ ਸਾਹਮਣੇ ਆ ਟਕਰਾਏ।
ਦੋਹਾਂ ਆਗੂਆਂ ਦੇ ਆਹਮੋ ਸਾਹਮਣੇ ਹੋਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਅੰਮ੍ਰਿਤਸਰ ਪੂਰਬੀ ਦੀ ਸੀਟ ਪੰਜਾਬ ਦੀ ਸਭ ਤੋਂ ਜ਼ਿਆਦਾ ‘ਹਾਟ ਸੀਟ’ ਮੰਨੀ ਜਾ ਰਹੀ ਹੈ ਤੇ ਸਾਰਿਆਂ ਦੀਆਂ ਨਜ਼ਰਾਂ ਇਸੇ ਹਲਕੇ ਤੇ ਲੱਗੀਆਂ ਹੋਈਆਂ ਹਨ।
ਇਹ ਹਲਕਾ ਨਵਜੋਤ ਸਿੰਘ ਸਿੱਧੂ ਦਾ ਮੌਜੂਦਾ ਜੇਤੂ ਹਲਕਾ ਹੈ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਪਹਿਲਾਂ ਇਸ ਹਲਕੇ ਤੋਂ ਵਿਧਾਇਕ ਰਹੇ ਹਨ ਤੇ ਉਹ ਲਗਾਤਾਰ ਇਸ ਹਲਕੇ ‘ਚ ਲੋਕਾਂ ਵਿਚਕਾਰ ਸਰਗਰਮ ਵੀ ਰਹਿੰਦੇ ਰਹੇ ਹਨ।
ਆਪਣੀ ਵੋਟ ਪਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਪਹਿਲਾਂ ਨਾਲੋਂ ਵੱਖ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਧਰਮਯੁੱਧ ਹੈ। ਇਕ ਪਾਸੇ ਜਿੱਥੇ ਸੂਬੇ ਨੂੰ ਲੁੱਟਿਆ ਗਿਆ ਹੈ ਤੇ ਅੰਦਰੋ ਅੰਦਰੀ ਖਾਲੀ ਕੀਤਾ ਗਿਆ ਹੈ। ਦੂਜੇ ਪਾਸੇ ਉਹ ਲੋਕ ਹਨ ਜੋ ਕਿ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਤੇ ਸੂਬੇ ਦਾ ਗਵਾਇਆ ਹੋਇਆ ਰੁਤਬਾ ਬਚਾਉਣ ‘ਚ ਲੱਗੇ ਹਨ।
ਉਨ੍ਹਾਂ ਕਿਹਾ ਕਿ ਮਾਫ਼ੀਆ ਤੰਤਰ ਨੇ ਪੰਜਾਬ ਨੂੰ ਗਹਿਣੇ ਰੱਖ ਦਿੱਤਾ ਹੈ ਤੇ ਠੇਕੇਦਾਰੀ ਸਿਸਟਮ ਵਿੱਚ ਧੱਕ ਦਿੱਤਾ ਹੈ। ਇਨ੍ਹਾਂ ਸਾਰੀਆਂ ਕਾਰਗੁਜ਼ਾਰੀਆਂ ਦੇ ਕਾਰਨ ਸੂਬੇ ਦਾ ਮਾਲੀਆ ਖਾਲੀ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਲੱਗਦਾ ਹੈ ਇਸ ਵਾਰ ਲੋਕ ਪਿਛਲੇ ਸਮੇਂ ‘ਚ ਹੋਈਆਂ ਸਾਰੀਆਂ ਕੁਤਾਹੀਆਂ ਅਤੇ ਗੱਲਾਂ ਨੂੰ ਸਾਹਮਣੇ ਰੱਖ ਕੇ ਉਸੇ ਪਾਰਟੀ ਨੂੰ ਬਹੁਮਤ ਦੇਣਗੇ ਜੋ ਕਿ ਸੂਬੇ ਦੇ ਹਿੱਤਾਂ ਵਾਸਤੇ ਕੰਮ ਕਰੇ।
ਦੂਜੇ ਪਾਸੇ ਮਜੀਠੀਆ ਨੇ ਇਹ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਕਦੇ ਵੀ ਲੋਕਾਂ ਦੀ ਪਾਰਟੀ ਨਹੀਂ ਰਹੀ ਹੇੈ। ਉਨ੍ਹਾਂ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਇੱਕ ਗਰੀਬ ਆਦਮੀ ਕਹਿ ਕੇ ਐਲਾਨਿਆ ਹੈ ਪਰ ਉਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ। ਇਹ ਗੱਲ ਹੁਣ ਸਭ ਦੇ ਸਾਹਮਣੇ ਆ ਚੁੱਕੀ ਹੈ ਤੇ ਲੋਕ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਹੀ ਵੋਟਾਂ ਪਾਉਣਗੇ।