ਬੇਅਦਬੀ ਮਾਮਲਿਆਂ ਦੀ ਜਾਂਚ ਵਿਚ ਦੇਰੀ ਅਤੇ ‘ਸਿੱਟ ਦੀ ਭੂਮਿਕਾ ‘ਤੇ ਸਿੱਧੂ ਨੇ ਮੁੜ ਖੜ੍ਹੇ ਕੀਤੇ ਸਵਾਲ

TeamGlobalPunjab
2 Min Read

ਚੰਡੀਗੜ੍ਹ : ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਹੋ ਰਹੀ ਦੇਰੀ ‘ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਮੁੜ ਤੋਂ ਕੈਪਟਨ ਸਰਕਾਰ ‘ਤੇ ਸਵਾਲ ਖੜੇ ਕੀਤੇ ਨੇ। ਸਿੱਧੂ ਨੇ ਅੱਜ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਦਿਆਂ ਇੱਕ ਤਰ੍ਹਾਂ ਨਾਲ ਤਿੱਖੇ ਤੰਜ਼ ਕੱਸੇ ਹਨ।

ਸਿੱਧੂ ਨੇ ਲਿਖਿਆ ਕਿ,”ਸਹੀ ਜਾਣ ਕੇ, ਉਸ ‘ਤੇ ਅਮਲ ਨਾ ਕਰਨਾ ਬੁਜ਼ਦਿਲੀ ਦੀ ਨਿਸ਼ਾਨੀ ਹੈ ।”

ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ‘ਸਿੱਟ’ ਦੀ ਅਹਿਮੀਅਤ ਅਤੇ ਇਸ ਦੀ ਜ਼ਰੂਰਤ ‘ਤੇ ਵੀ ਸਵਾਲੀਆ ਨਿਸ਼ਾਨ ਲਗਾਇਆ ਹੈ। ਸਿੱਧੂ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ‘ਪੰਜਾਬ ਪੁਲਿਸ ਵੱਲੋਂ ਰੋਜ਼ਾਨਾ ਹਜ਼ਾਰਾਂ ਮਾਮਲੇ ਹੱਲ ਕੀਤੇ ਜਾਂਦੇ ਹਨ, ਕਿਸੇ ਲਈ ਵੀ ‘ਸਿੱਟ’ ਜਾਂ ਜਾਂਚ ਕਮਿਸ਼ਨ ਦੀ ਜ਼ਰੂਰਤ ਨਹੀਂ ਪੈਂਦੀ ।’

“ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਬਾਦਲਾਂ ਦੀ ਭੂਮਿਕਾ ਬਾਰੇ ਅਨੇਕਾਂ ਵਾਰ ਵਿਸਥਾਰ ਵਿੱਚ ਦੱਸਿਆ ਹੈ । “

- Advertisement -

ਇਸ ਦੇ ਨਾਲ ਹੀ ਉਨ੍ਹਾਂ ਸਾਲ 2018-19 ਦਾ ਆਪਣਾ ਇੱਕ ਬਿਆਨ ਵੀ ਨੱਥੀ ਕੀਤਾ ਹੈ । ਜਿਸ ਵਿੱਚ ਕੈਬਨਿਟ ਮੰਤਰੀ ਸੁਖੀ ਰੰਧਾਵਾ ਵੀ ਨਜ਼ਰ ਆ ਰਹੇ ਹਨ।

 

ਜ਼ਿਕਰਯੋਗ ਹੈ ਕਿ ਸਿੱਧੂ 13 ਅਪ੍ਰੈਲ ਤੋਂ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਲਟਕਾਉਣ ਦਾ ਮੁੱਦਾ ਲਗਾਤਾਰ ਚੁੱਕਦੇ ਆ ਰਹੇ ਹਨ। ਉਹ ਇਸ ਮਸਲੇ ਨੂੰ ਲਟਕਾਉਣ ਪਿੱਛੇ ਅਨੇਕਾਂ ਵਾਰ ਮੁੱਖ ਮੰਤਰੀ ‘ਤੇ ਤਿੱਖੇ ਹਮਲੇ ਵੀ ਕਰ ਚੁੱਕੇ ਹਨ ।

ਸਿੱਧੂ ਦੇ ਇਸ ਰੁਖ਼ ਨੂੰ ਲੈ ਕੇ ਕੁਝ ਵੱਡੇ ਕਾਂਗਰਸੀ ਆਗੂਆਂ ਵੱਲੋਂ ਪਾਰਟੀ ਆਲਾਕਮਾਨ ਕੋਲ ਸਿੱਧੂ ਦੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਅਤੇ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ ਪਰ ਸਿੱਧੂ ਇਸ ਮੁੱਦੇ ਨੂੰ ਢਿੱਲਾ ਨਹੀਂ ਪੈਣ ਦੇਣਾ ਚਾਹੁੰਦੇ, ਉਹ ਤਕਰੀਬਨ ਹਰ ਰੋਜ਼ ਹੀ ਇਸ ਬਾਰੇ ਮੁੱਖ ਮੰਤਰੀ ਨੂੰ ਸਵਾਲ ਕਰ ਰਹੇ ਹਨ।

Share this Article
Leave a comment