ਚੰਡੀਗੜ੍ਹ, (ਅਵਤਾਰ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਬਜ਼ੀਦਪੁਰ ਵਿਖੇ ਗੁਰਦੁਆਰਾ ਜਾਮਨੀ ਸਾਹਿਬ ਨੇੜੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ’ਚ ਕੋਵਿਡ ਕੇਅਰ ਸੈਂਟਰ ਖੋਲ੍ਹਿਆ ਹੈ। 25 ਬੈੱਡਾਂ ਵਾਲਾ ਇਹ ਸੈਂਟਰ ਮਰੀਜ਼ਾਂ ਨੂੰ ਆਕਸੀਜਨ ਕੰਸੰਟ੍ਰੇਟਰਸ ਤੇ ਮਾਹਿਰ ਡਾਕਟਰ ਬਿਲਕੁਲ ਮੁਫ਼ਤ ਉਪਲਬਧ ਕਰਵਾਉਣ ਲਈ ਤਿਆਰ ਹੈ।
ਇਹ ਸੈਂਟਰ ਕੋਵਿਡ-19 ਦੇ ਮਰੀਜ਼ਾਂ ਨੂੰ ਬੁਨਿਆਦੀ ਇਲਾਜ ਮੁਫ਼ਤ ਮੁਹੱਈਆ ਕਰਵਾਏਗਾ, ਇਸ ਦੇ ਨਾਲ ਹੀ ਕਿਸੇ ਐਮਰਜੈਂਸੀ ਦੀ ਹਾਲਤ ਵਿੱਚ ਗੰਭੀਰ ਮਰੀਜ਼ਾਂ ਨੂੰ ਵਿਭਿੰਨ ਹਸਪਤਾਲਾਂ ’ਚ ਭੇਜਣ ਦੇ ਇੰਤਜ਼ਾਮ ਵੀ ਹਨ। ਬਿਲਕੁਲ ਇਹੋ ਜਿਹੀਆਂ ਸੁਵਿਧਾਵਾਂ ਲੁਧਿਆਣਾ ਦੇ ਆਲਮਗੀਰ ਵਿਖੇ ਗੁਰਦੁਆਰਾ ਮੰਜੀ ਸਾਹਿਬ, ਬਠਿੰਡਾ ਜ਼ਿਲ੍ਹੇ ’ਚ ਤਲਵੰਡੀ ਸਾਬੋ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਭੁਲੱਥ (ਕਪੂਰਥਲਾ) ਦੇ ਰਾਇਲ ਰਿਜ਼ੌਰਟਸ ’ਚ ਪਹਿਲਾਂ ਹੀ ਚਲ ਰਹੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੌਜੂਦਾ ਸਥਿਤੀ ’ਚ ਐੱਸਜੀਪੀਸੀ ਉਨ੍ਹਾਂ ਲੋਕਾਂ ਦੀ ਮਦਦ ਲਈ ਅਜਿਹੇ ਸੈਂਟਰ ਖੋਲ੍ਹ ਰਹੀ ਹੈ, ਜਿਨ੍ਹਾਂ ਨੂੰ ਇਲਾਜ ਹਾਸਲ ਕਰਨ ਵਿੱਚ ਬਹੁਤ ਸਾਰੀਆਂ ਔਕੜਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ,‘ਬਜ਼ੀਦਪੁਰ ਸਥਿਤ ਇਹ ਸੈਂਟਰ ਇਸ ਇਲਾਕੇ ਦੇ ਲੋਕਾਂ ਦੀ ਬਹੁਤ ਮਦਦ ਕਰੇਗਾ।’ ਉਨ੍ਹਾਂ ਇਹ ਵੀ ਕਿਹਾ, ‘ਅਜਿਹੇ ਸੈਂਟਰ ਸੰਗਰੂਰ, ਰੋਪੜ ਤੇ ਪਟਿਆਲਾ ’ਚ ਵੀ ਸਥਾਪਿਤ ਕੀਤੇ ਜਾ ਰਹੇ ਹਨ।’