ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਮੁੜ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਕ ਹੋਰ ਪੰਜਾਬੀ ਪਰਿਵਾਰ ‘ਤੇ ਗੋਲੀਆਂ ਚੱਲੀਆਂ ਹਨ। ਇਹ ਘਟਨਾ ਕੰਟਰਸਾਈਡ ਡਰਾਈਵ ਅਤੇ ਟੌਰਬ੍ਰਮ ਰੋਡ ਇਲਾਕੇ ‘ਚ ਵਾਪਰੀ ਦੱਸੀ ਜਾ ਰਹੀ ਹੈ। ਜਿੱਥੇ ਹਮਲਾਵਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਅੰਨੇਵਾਹ ਗੋਲੀਬਾਰੀ ਕੀਤੀ, ਜਿਨ੍ਹਾਂ ‘ਚੋਂ ਕਈ ਘਰ ਦੀਆਂ ਕੰਧਾਂ ਤੇ ਗੱਡੀ ‘ਤੇ ਵੱਜੀਆਂ। ਗੋਲੀਬਾਰੀ ਤੋਂ ਬਾਅਦ ਇਹ ਪਰਿਵਾਰ ਬਹੁਤ ਡਰਿਆ ਹੋਇਆ ਹੈ।
ਪੀੜਤ ਪਰਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੋਲੀਬਾਰੀ ਦਾ ਉਨ੍ਹਾਂ ਦੇ ਬੱਚਿਆਂ ਦੀ ਮਾਨਸਿਕ ਸਿਹਤ ’ਤੇ ਡੂੰਘਾ ਅਸਰ ਪਿਆ ਹੈ। ਫਿਲਹਾਲ ਗੋਲੀਬਾਰੀ ਕਰਨ ਵਾਲਿਆਂ ਦੀ ਪੈੜ ਨੱਪੀ ਨਹੀਂ ਜਾ ਸਕੀ ਪਰ ਕੈਲੇਡਨ ‘ਚ ਹੋਏ ਪਰਿਵਾਰ ਦੇ ਕਤਲੇਆਮ ਤੋਂ ਬਾਅਦ ਇੱਕ ਹੋਰ ਘਟਨਾ ਕਾਰਨ ਪੰਜਾਬੀ ਭਾਈਚਾਰੇ ‘ਚ ਸਹਿਮ ਦਾ ਮਾਹੌਲ ਹੈ। ਇਥੇ ਦਸਣਾ ਬਣਦਾ ਹੈ ਕਿ ਬੀਤੇ ਬੁੱਧਵਾਰ ਨੂੰ ਬਰੈਂਪਟਨ-ਕੈਲੇਡਨ ਦੇ ਬਾਰਡਰ ’ਤੇ ਗੱਡੀ ਵਿਚ ਜਾਂਦੇ ਇਕ ਸ਼ਖਸ ’ਤੇ ਗੋਲੀਬਾਰੀ ਕੀਤੀ ਗਈ।
ਪੀਲ ਰੀਜਨਲ ਪੁਲਿਸ ਮੁਤਾਬਕ ਸਵੇਰੇ ਲਗਭਗ ਅੱਠ ਵਜੇ ਟੌਰਬ੍ਰਮ ਰੋਡ ਅਤੇ ਮੇਅਫੀਲਡ ਰੋਡ ਇਲਾਕੇ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਮੌਕਾ ਏ ਵਾਰਦਾਤ ਤੋਂ ਇਕ ਜਣਾ ਜ਼ਖ਼ਮੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਨਾ ਹੀ ਸ਼ੱਕੀਆਂ ਵੱਲੋਂ ਵਰਤੀ ਗੱਡੀ ਬਾਰੇ ਕੁਝ ਪਤਾ ਲੱਗ ਸਕਿਆ ਹੈ। ਗੋਲੀਬਾਰੀ ਦੇ ਮੱਦੇਨਜ਼ਰ ਟੌਰਬ੍ਰਮ ਤੋਂ ਏਅਰਪੋਰਟ ਰੋਡ ਦਾ ਇਲਾਕਾ ਪੜਤਾਲ ਦੇ ਮੱਦੇਨਜ਼ਰ ਕਈ ਘੰਟੇ ਬੰਦ ਰੱਖਿਆ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।