ਨਵੀ ਦਿੱਲੀ : ਰੌਇਲ ਚੈਲੇਂਜਰਜ਼ ਬੈਂਗਲੁਰੂ ਦੇ ਖਿਲਾਫ਼ ਐਤਵਾਰ ਰਾਤ ਆਈ.ਪੀ.ਐੱਲ. 2026 ਦਾ ਫਾਈਨਲ ਮੁਕਾਬਲਾ ਹਾਰਨ ਤੋਂ ਬਾਅਦ ਗੁਜਰਾਤ ਟਾਈਟਨਸ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਤੋਂ ਮੈਚ ਹਾਰ ਕੇ ਹੋਟਲ ਪਰਤ ਰਹੀ ਗੁਜਰਾਤ ਟਾਈਟਨਸ ਦੀ ਟੀਮ ਬੱਸ ਵਿੱਚ ਅਚਾਨਕ ਸ਼ਾਰਟ ਸਰਕਟ ਹੋ ਗਿਆ ਅਤੇ ਬੱਸ ‘ਚ ਧੂੰਆਂ ਹੀ ਧੂੰਆਂ ਹੋ ਗਿਆ। ਸਮਾਂ ਰਹਿੰਦੇ ਸਾਰੇ ਖਿਡਾਰੀਆਂ ਅਤੇ ਸਟਾਫ਼ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਨਾਲ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ।
ਰਿਪੋਰਟਾਂ ਦੇ ਮੁਤਾਬਕ, ਇਹ ਘਟਨਾ ਐਤਵਾਰ ਦੇਰ ਰਾਤ ਦੀ ਹੈ ਜਦੋਂ ਟੀਮ ਮੈਚ ਖ਼ਤਮ ਹੋਣ ਤੋਂ ਬਾਅਦ ਸਟੇਡੀਅਮ ਤੋਂ ਵਾਪਸ ਆਪਣੇ ਹੋਟਲ ਵੱਲ ਜਾ ਰਹੀ ਸੀ। ਰਸਤੇ ਵਿੱਚ ਅਚਾਨਕ ਬੱਸ ਦੇ ਅੰਦਰ ਸ਼ਾਰਟ ਸਰਕਟ ਹੋਇਆ, ਜਿਸ ਤੋਂ ਬਾਅਦ ਬੱਸ ਵਿੱਚੋਂ ਧੂੰਆਂ ਨਿਕਲਣ ਲੱਗਿਆ। ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ, ਤੁਰੰਤ ਬੱਸ ਨੂੰ ਰੋਕ ਦਿੱਤਾ ਗਿਆ ਅਤੇ ਮੁਸਤੈਦੀ ਦਿਖਾਉਂਦੇ ਹੋਏ ਕਪਤਾਨ ਸ਼ੁਭਮਨ ਗਿੱਲ ਸਮੇਤ ਸਾਰੇ ਖਿਡਾਰੀਆਂ, ਕੋਚਾਂ ਅਤੇ ਸਪੋਰਟ ਸਟਾਫ਼ ਨੂੰ ਤੁਰੰਤ ਬਾਹਰ ਕੱਢਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ, ਇਸ ਹਾਦਸੇ ਵਿੱਚ ਕਿਸੇ ਵੀ ਖਿਡਾਰੀ ਜਾਂ ਸਟਾਫ਼ ਨੂੰ ਕੋਈ ਸੱਟ ਨਹੀਂ ਲੱਗੀ ਹੈ ਅਤੇ ਸਾਰੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਾਲਾਂਕਿ, ਇਸ ਹਾਦਸੇ ਦੇ ਕਾਰਨ ਗੁਜਰਾਤ ਟਾਈਟਨਸ ਦੇ ਖਿਡਾਰੀ ਕਰੀਬ ਇੱਕ ਘੰਟੇ ਤੱਕ ਵਿਚਕਾਰ ਸੜਕ ‘ਤੇ ਹੀ ਫਸੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਦੇ ਲਈ ਦੂਜੀ ਗੱਡੀ ਦਾ ਪ੍ਰਬੰਧ ਕੀਤਾ ਗਿਆ।
ਹਾਦਸੇ ਤੋਂ ਪਹਿਲਾਂ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਗੁਜਰਾਤ ਟਾਈਟਨਸ ਨੂੰ ਫਾਈਨਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਤੋਂ ਪੰਜ ਵਿਕਟਾਂ ਨਾਲ ਹਾਰ ਮਿਲੀ। ਜਦੋਂ ਕਿ ਬੈਂਗਲੁਰੂ ਦੀ ਟੀਮ ਦੂਜੀ ਵਾਰ ਚੈਂਪੀਅਨ ਬਣੀ ਹੈ। ਵਿਰਾਟ ਕੋਹਲੀ ਨੇ 18ਵੇਂ ਓਵਰ ਦੀ ਆਖਰੀ ਗੇਂਦ ‘ਤੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

