ਹਿਸਾਰ ਅਦਾਲਤੀ ਕੰਪਲੈਕਸ ਵਿੱਚ ਗੋਲੀਬਾਰੀ, ਗੈਂਗਸਟਰ ਵਿਨੋਦ ਕਾਨਾ ਦੀ ਗੋਲੀ ਮਾਰ ਕੇ ਹੱਤਿਆ

Global Team
2 Min Read

ਨਿਊਜ਼ ਡੈਸਕ: ਹਿਸਾਰ ਕੋਰਟ ਕੰਪਲੈਕਸ ਦੇ ਮੁੱਖ ਗੇਟ ਦੇ ਸਾਹਮਣੇ ਵਾਲੇ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਹਥਿਆਰਬੰਦ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਥੁਰਾਨਾ ਪਿੰਡ ਦੇ ਰਹਿਣ ਵਾਲੇ ਗੈਂਗਸਟਰ ਵਿਨੋਦ ਕਾਨਾ ਦੀ ਮੌਤ ਹੋ ਗਈ ਹੈ। ਇਸ ਗੋਲੀਬਾਰੀ ਵਿੱਚ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ, ਪੁਲਿਸ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਹਮਲਾਵਰਾਂ ਵਿੱਚੋਂ ਇੱਕ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਹੈ।

ਅੱਖੀਂ ਦੇਖਣ ਵਾਲੇ ਵਕੀਲ ਸੁਖਦੀਪ ਅਨੁਸਾਰ, ਵਕੀਲ ਅਤੇ ਹੋਰ ਲੋਕ ਦੁਪਹਿਰ ਦੇ ਖਾਣੇ ਤੋਂ ਬਾਅਦ ਵਾਪਿਸ ਪਰਤ ਰਹੇ ਸਨ ਜਦੋਂ ਹਮਲਾਵਰਾਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਲਗਭਗ 30 ਸਕਿੰਟਾਂ ਦੇ ਅੰਦਰ-ਅੰਦਰ 15 ਤੋਂ 20 ਗੋਲੀਆਂ ਚਲਾਈਆਂ ਗਈਆਂ। ਹਮਲਾਵਰਾਂ ਨੇ ਸਭ ਤੋਂ ਪਹਿਲਾਂ ਅਦਾਲਤ ਦੇ ਪਾਰਕਿੰਗ ਖੇਤਰ ਵਿੱਚ ਵਿਨੋਦ ਕਾਨਾ ‘ਤੇ ਗੋਲੀਆਂ ਚਲਾਈਆਂ। ਫਿਰ ਉਨ੍ਹਾਂ ਨੇ ਮੁੱਖ ਗੇਟ ਤੱਕ ਉਸ ਦਾ ਪਿੱਛਾ ਕੀਤਾ ਅਤੇ ਉਸ ‘ਤੇ ਗੋਲੀਆਂ ਦੀ ਬੁਛਾੜ ਕਰਕੇ ਉਸ ਨੂੰ ਮੌਕੇ ‘ਤੇ ਹੀ ਮਾਰ ਦਿੱਤਾ।

ਇਸ ਘਟਨਾ ਵਿੱਚ ਸ਼ਾਮਿਲ ਹਮਲਾਵਰਾਂ ਦੀ ਗਿਣਤੀ ਦੋ ਦੱਸੀ ਜਾ ਰਹੀ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇੱਕ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦੋਂਕਿ ਦੂਜੇ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਹਮਲਾਵਰ ਬਦਨਾਮ ‘ਪਾਨੂੰ ਗੈਂਗ’ ਨਾਲ ਜੁੜੇ ਹੋਏ ਹਨ। ਸ਼ੱਕ ਹੈ ਕਿ ਇਹ ਘਟਨਾ ਗੈਂਗਾਂ ਵਿਚਕਾਰ ਆਪਸੀ ਦੁਸ਼ਮਣੀ ਅਤੇ ਪੁਰਾਣੀ ਰੰਜਿਸ਼ ਦਾ ਨਤੀਜਾ ਹੈ।

ਘਟਨਾ ਬਾਰੇ ਸੂਚਨਾ ਮਿਲਣ ‘ਤੇ, ਪੁਲਿਸ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਬਲ ਸਮੇਤ ਮੌਕੇ ‘ਤੇ ਪਹੁੰਚੇ। ਜ਼ਿਲ੍ਹੇ ਭਰ ਦੀਆਂ ਸਾਰੀਆਂ ਚੈੱਕ-ਪੋਸਟਾਂ ‘ਤੇ ਵਾਇਰਲੈੱਸ ਸੰਦੇਸ਼ ਭੇਜਣ ਤੋਂ ਬਾਅਦ ਸਖ਼ਤ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment