ਹਿਮਾਚਲ ਦਾ ਅਨੋਖਾ ਵਿਆਹ: ਦੋ ਸਕੇ ਭਰਾਵਾਂ ਨੇ ਇੱਕ ਕੁੜੀ ਨਾਲ ਰਚਾਇਆ ਵਿਆਹ

Global Team
3 Min Read

ਸਿਰਮੌਰ: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਭਰਾਵਾਂ ਨੇ ਇੱਕੋ ਲੜਕੀ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ਦੀ ਚਰਚਾ ਹੁਣ ਪੂਰੇ ਦੇਸ਼ ਵਿੱਚ ਹੋ ਰਹੀ ਹੈ। ਵਿਆਹ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਦਿਆਂ ਦੋ ਭਰਾਵਾਂ ਨੇ ਇੱਕ ਜਵਾਨ ਲੜਕੀ ਨਾਲ ਵਿਆਹ ਕੀਤਾ।

ਜਾਣਕਾਰੀ ਅਨੁਸਾਰ, ਇਹ ਮਾਮਲਾ ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਖੇਤਰ ਦਾ ਹੈ। 12, 13 ਅਤੇ 14 ਜੁਲਾਈ ਨੂੰ ਇਹ ਵਿਆਹ ਬੜੀ ਧੂਮਧਾਮ ਨਾਲ ਸੰਪੰਨ ਹੋਇਆ। ਵਿਆਹ ਦੇ ਆਖਰੀ ਦਿਨ ਦੋ ਲਾੜੇ ਆਪਣੀ ਲ਼ਾੜੀ ਨਾਲ ਸਟੇਜ ‘ਤੇ ਨਜ਼ਰ ਆਏ। ਅਹਿਮ ਗੱਲ ਇਹ ਹੈ ਕਿ ਦੋ ਭਰਾਵਾਂ ਦਾ ਇਹ ਵਿਆਹ ਕਾਫੀ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ। ਇਸ ਦੌਰਾਨ ਪਰਿਵਾਰ ਦੇ ਨਾਲ-ਨਾਲ ਪਿੰਡ ਦੇ ਕਈ ਲੋਕ ਵੀ ਸ਼ਾਮਲ ਹੋਏ। ਤਿੰਨ ਦਿਨ ਚੱਲੇ ਇਸ ਵਿਆਹ ਵਿੱਚ ਢੋਲ-ਨਗਾਰਿਆਂ ਦੇ ਨਾਲ ਵੀਡੀਓ ਸ਼ੂਟਿੰਗ ਵੀ ਕੀਤੀ ਗਈ। ਹਾਟੀ ਸਮਾਜ ਵਿੱਚ ਇਸ ਨੂੰ ‘ਉਜਲਾ ਪੱਖ’ ਕਿਹਾ ਜਾਂਦਾ ਹੈ।

ਸ਼ਿਲਾਈ ਪਿੰਡ ਦੇ ਥਿੰਡੋ ਖਾਨਦਾਨ ਨਾਲ ਸਬੰਧਤ ਇੱਕ ਵਿਅਕਤੀ ਨੇ ਆਪਣੇ ਦੋਵੇਂ ਪੁੱਤਰਾਂ ਦਾ ਵਿਆਹ ਕੁਨਹਟ ਪਿੰਡ ਦੀ ਇੱਕ ਲੜਕੀ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਕਰਵਾਇਆ। ਤਿੰਨੇ ਨਵ-ਵਿਆਹੇ ਪੜ੍ਹੇ-ਲਿਖੇ ਹਨ ਅਤੇ ਚੰਗੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇੱਕ ਲਾੜਾ ਜਲ ਸ਼ਕਤੀ ਵਿਭਾਗ ਵਿੱਚ ਨੌਕਰੀ ਕਰਦਾ ਹੈ, ਜਦਕਿ ਦੂਜਾ ਵਿਦੇਸ਼ ਵਿੱਚ ਨੌਕਰੀ ਕਰਦਾ ਹੈ।

ਪੁਰਾਣੀ ਪਰੰਪਰਾ ਦੇ ਚਲਦਿਆਂ ਕੀਤਾ ਵਿਆਹ

ਸਿਰਮੌਰ ਅਤੇ ਉੱਤਰਾਖੰਡ ਦੇ ਜੌਨਸਾਰ ਬਾਵਰ ਵਿੱਚ ਪੁਰਾਣੇ ਸਮੇਂ ਵਿੱਚ ਇੱਕ ਔਰਤ ਦੇ ਨਾਲ ਕਈ ਵਿਅਕਤੀਆਂ ਦੇ ਵਿਆਹ ਦੀ ਪਰੰਪਰਾ ਸੀ। ਇਸ ਪਰੰਪਰਾ ਅਧੀਨ ਦੋ ਜਾਂ ਵਧੇਰੇ ਭਰਾ ਇੱਕੋ ਲੜਕੀ ਨਾਲ ਵਿਆਹ ਕਰਦੇ ਸਨ। ਹਾਲਾਂਕਿ, ਆਧੁਨਿਕ ਸਮੇਂ ਵਿੱਚ ਇਹ ਪਰੰਪਰਾ ਖਤਮ ਹੋ ਗਈ ਸੀ ਅਤੇ 70 ਅਤੇ 80 ਦੇ ਦਹਾਕਿਆਂ ਤੋਂ ਬਾਅਦ ਅਜਿਹੇ ਵਿਆਹ ਬਹੁਤ ਘੱਟ ਵੇਖਣ ਨੂੰ ਮਿਲੇ। ਪਰ ਇਹ ਤਾਜ਼ਾ ਮਾਮਲਾ ਸਾਹਮਣੇ ਆਉਣ ਨਾਲ ਵਿਆਹ ਦੀ ਚਰਚਾ ਮੁੜ ਸ਼ੁਰੂ ਹੋ ਗਈ ਹੈ।

ਮੰਨਿਆ ਜਾਂਦਾ ਹੈ ਕਿ ਜ਼ਮੀਨ ਅਤੇ ਜਾਇਦਾਦ ਦੀ ਵੰਡ ਤੋਂ ਬਚਣ ਲਈ ਦੋ ਜਾਂ ਵਧੇਰੇ ਭਰਾ ਇੱਕੋ ਔਰਤ ਨਾਲ ਵਿਆਹ ਕਰਦੇ ਸਨ। ਨਾਲ ਹੀ, ਪੁਰਾਣੇ ਸਮੇਂ ਵਿੱਚ ਪੁਰਸ਼ ਲੰਬੇ ਸਮੇਂ ਲਈ ਕੰਮ ਦੀ ਖੋਜ ਵਿੱਚ ਬਾਹਰ ਚਲੇ ਜਾਂਦੇ ਸਨ, ਅਤੇ ਅਜਿਹੇ ਵਿੱਚ ਪਤਨੀ ਪਰਿਵਾਰ ਵਿੱਚ ਮੌਜੂਦ ਹੋਰ ਭਰਾਵਾਂ ਨਾਲ ਰਹਿ ਕੇ ਸਮਾਜਿਕ ਅਤੇ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦੀ ਸੀ। ਗੌਰਤਲਬ ਹੈ ਕਿ ਕਿੰਨੌਰ ਜ਼ਿਲ੍ਹੇ ਵਿੱਚ ਵੀ ਪਹਿਲਾਂ ਇਸੇ ਤਰ੍ਹਾਂ ਦੀ ਪਰੰਪਰਾ ਸੀ। ਇਸ ਪਰੰਪਰਾ ਨੂੰ ਪਾਂਡਵਾਂ ਨਾਲ ਵੀ ਜੋੜਿਆ ਜਾਂਦਾ ਹੈ।

ਇਸ ਵਿਆਹ ਦੀ ਚਰਚਾ ਤੋਂ ਬਾਅਦ ਇਲਾਕੇ ਦੇ ਲੋਕ ਵੀ ਇਸ ਸਬੰਧ ਵਿੱਚ ਜ਼ਿਆਦਾ ਗੱਲ ਨਹੀਂ ਕਰ ਰਹੇ। ਉਧਰ, ਸੋਸ਼ਲ ਮੀਡੀਆ ‘ਤੇ ਲੋਕ ਇਸ ਵਿਆਹ ‘ਤੇ ਸਵਾਲ ਉਠਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਪੁਰਾਣੇ ਅਤੇ ਹੁਣ ਦੇ ਸਮੇਂ ਵਿੱਚ ਬਦਲਾਅ ਆ ਚੁੱਕਿਆ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਲੜਕੀ ਦੋ ਭਰਾਵਾਂ ਨਾਲ ਵਿਆਹ ਕਰਨ ਲਈ ਕਿਵੇਂ ਰਾਜ਼ੀ ਹੋਈ।

Share This Article
Leave a Comment