ਖੰਨਾ: ਥਾਣੇ ਵਿੱਚ ਪਿਤਾ-ਪੁੱਤਰ ਸਣੇ ਤਿੰਨ ਲੋਕਾਂ ਨੂੰ ਨੰਗਾ ਕਰ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ‘ਚ ਖੰਨਾ ਸਦਰ ਥਾਣੇ ਦੇ ਸਾਬਕਾ SHO ਬਲਜਿੰਦਰ ਸਿੰਘ ਨੂੰ ਅਦਾਲਤ ਨੇ 14 ਦਿਨ ਦੀ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਬਲਜਿੰਦਰ ਨੂੰ ਅਦਾਲਤ ਨੇ 1-1 ਦਿਨ ਦਾ ਦੋ ਵਾਰ ਪੁਲਿਸ ਰਿਮਾਂਡ ਦਿੱਤਾ ਸੀ। ਦੋ ਦਿਨ ਦੇ ਰਿਮਾਂਡ ਤੋਂ ਬਾਅਦ ਬਲਜਿੰਦਰ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਣਕਾਰੀ ਅਨੁਸਾਰ ਬਲਜਿੰਦਰ ਨੂੰ ਲੁਧਿਆਣਾ ਜੇਲ੍ਹ ‘ਚ ਭੇਜਿਆ ਜਾਵੇਗਾ।
ਧਿਆਨ ਯੋਗ ਹੈ ਕਿ ਦਹੇੜੂ ਵਾਸੀ ਜਗਪਾਲ ਸਿੰਘ ਜੋਗੀ, ਉਸ ਦੇ ਬੇਟੇ ਅਤੇ ਇੱਕ ਨੌਕਰ ਨੂੰ 2019 ਵਿੱਚ ਸਦਰ ਥਾਣੇ ‘ਚ ਨੰਗਾ ਕਰ ਵੀਡੀਓ ਬਣਾਈ ਗਈ ਸੀ। ਇਹ ਵੀਡੀਓ ਅਪ੍ਰੈਲ 2020 ਵਿੱਚ ਵਾਇਰਲ ਹੋਈ ਤਾਂ ਜਗਪਾਲ ਜੋਗੀ ਨੇ ਸ਼ਿਕਾਇਤ ਕੀਤੀ। ਪੁਲਿਸ ਵਲੋਂ ਢਿੱਲੀ ਜਾਂਚ ਤੋਂ ਬਾਅਦ ਪੀੜਤਾਂ ਨੇ ਹਾਈ ਕੋਰਟ ਦਾ ਦਰਵਾਜ਼ਾਂ ਖੜਕਾਇਆ। ਅਦਾਲਤ ਦੇ ਹੁਕਮਾਂ ‘ਤੇ ਡੀਜੀਪੀ ਦਿਨਕਰ ਗੁਪਤਾ ਨੇ ਏਡੀਜੀਪੀ ਡਾ.ਨਰੇਸ਼ ਅਰੋੜਾ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ।
ਇਸ ਐਸਆਈਟੀ ਨੇ ਹੀ ਚਾਰ ਜੁਲਾਈ ਨੂੰ ਖੰਨੇ ਦੇ ਸਿਟੀ-1 ਥਾਣਾ ਵਿੱਚ ਬਲਜਿੰਦਰ ਸਿੰਘ ਅਤੇ ਕਾਂਸਟੇਬਲ ਵਰੁਣ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਸੀ ਉਸ ਤੋਂ ਬਾਅਦ ਹੀ ਸੈਸ਼ਨ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਗਾਊਂ ਜ਼ਮਾਨਤ ਮੰਗ ਦਰਜ ਕਰਨ ਤੋਂ ਬਾਅਦ ਆਖਿਰ ਪੰਜ ਸਤੰਬਰ ਨੂੰ ਆਈਜੀ ਲੁਧਿਆਣਾ ਨੌਨਿਹਾਲ ਸਿੰਘ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਸੀ। ਮੰਗਲਵਾਰ ਨੂੰ ਬਲਜਿੰਦਰ ਨੂੰ ਕਾਨੂੰਨੀ ਹਿਰਾਸਤ ਵਿੱਚ ਭੇਜਣ ਤੋਂ ਬਾਅਦ ਪੀੜਤਾਂ ਦੇ ਵਕੀਲ ਗੁਨਿੰਦਰ ਸਿੰਘ ਬਰਾੜ ਨੇ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ ‘ਤੇ ਸਵਾਲ ਚੁੱਕੇ ਹਨ।