ਚੰਡੀਗੜ੍ਹ ਦੇ ਸ਼ਿਵ ਸਿੰਘ ਦੀ ਦਰੋਣਾਚਾਰੀਆ ਐਵਾਰਡ ਲਈ ਚੋਣ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਦੇ ਸੈਕਟਰ 50 ਦੇ ਵਾਸੀ ਸ਼ਿਵ ਸਿੰਘ ਨੂੰ ਦੇਸ਼ ਲਈ ਅੰਤਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਭੇਜਣ ਵਾਸਤੇ ਮੁੱਕੇਬਾਜ਼ ਤਿਆਰ ਕਰਨ ਲਈ ਲਾਈਫਟਾਈਮ ਕੈਟੇਗਰੀ ਵਿੱਚ ਦਰੋਣਾਚਾਰੀਆ ਐਵਾਰਡ ਲਈ ਚੁਣਿਆ ਗਿਆ ਹੈ। ਸ਼ਿਵ ਸਿੰਘ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਾਬਕਾ ਮੁੱਖ ਕੋਚ ਹਨ।

ਸ਼ਿਵ ਸਿੰਘ ਦਾ ਨਾਂ ਕੌਮੀ ਖੇਡ ਪੁਰਸਕਾਰ 2020 ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦਰੋਣਾਚਾਰੀਆ ਐਵਾਰਡ ਖੇਡਾਂ ਵਿੱਚ ਉੱਚ ਦਰਜੇ ਦੇ ਕੋਚਾਂ ਨੂੰ ਦਿੱਤਾ ਜਾਂਦਾ ਹੈ। ਸ਼ਿਵ ਸਿੰਘ 2016 ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਚੰਡੀਗੜ੍ਹ ਦੇ ਚੀਫ ਬਾਕਸਿੰਗ ਕੋਚ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਨੇ ਆਪਣੇ 37 ਸਾਲ ਦੇ ਕਾਰਜਕਾਲ ਦੌਰਾਨ 25 ਸਾਲ ਕੌਮੀ ਟੀਮਾਂ ਨਾਲ ਕੰਮ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1996 ਵਿੱਚ ਜਰਮਨੀ ਤੋਂ ਵਾਪਸ ਆ ਕੇ ਸਬ ਜੂਨੀਅਰ ਨੈਸ਼ਨਲ ਟੀਮ ਦੀ ਕਮਾਨ ਸੰਭਾਲੀ ਸੀ। ਇਸ ਤੋਂ ਬਾਅਦ 1999 ਵਿੱਚ ਜੂਨੀਅਰ ਟੀਮ ਦੇ ਹੈਡ ਕੋਚ ਬਣੇ ਅਤੇ 2001 ਤੋਂ 2010 ਤੱਕ ਸੀਨੀਅਰ ਟੀਮ ਦੇ ਕੋਚ ਰਹੇ।

ਸ਼ਿਵ ਸਿੰਘ ਦੇ ਕਾਰਜਕਾਲ ਦੌਰਾਨ ਹੀ ਵਿਜੇੰਦਰ ਨੇ ਓਲੰਪਿਕ 2008 ਵਿੱਚ ਤਾਂਬੇ ਦਾ ਮੈਡਲ ਜਿੱਤਿਆ ਅਤੇ ਕਾਮਨਵੈਲਥ ਗੇਮਜ਼ 2010 ਵਿੱਚ ਬਾਕਸਿੰਗ ਟੀਮ ਨੇ ਗੋਲਡ ਮੈਡਲ ਵੀ ਜਿੱਤੇ ਸਨ। ਇਸੇ ਦੌਰਾਨ ਤਾਇਵਾਨ ਵਿੱਚ ਜੂਨੀਅਰ ਵੂਮੈਨ ਚੈਂਪੀਨਸ਼ਿਪ 2015 ਵਿੱਚ ਟੀਮ ਇੰਡੀਆ ਨੇ ਪਹਿਲੀ ਵਾਰ ਤਿੰਨ ਗੋਲ੍ਡ ਅਤੇ ਦੋ ਸਿਲਵਰ ਮੈਡਲ ਜਿੱਤੇ ਸਨ। ਇਸ ਮੁਕਾਬਕਲੇ ਦੌਰਾਨ ਟੀਮ ਸਾਂਝੀ ਜੇਤੂ ਰਹੀ ਸੀ। ਉਹ 2017 ਵਿਚ ਐਲੀਟ ਮੈਨ ਟੀਮ ਦੇ ਹੈਡ ਕੋਚ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਸੀਨੀਅਰ ਵੂਮੈਨ ਟੀਮ ਦਾ ਹੈੱਡ ਕੋਚ ਬਣਾਇਆ ਗਿਆ।

ਸ਼ਿਵ ਸਿੰਘ ਦੇ ਕਾਰਜਕਾਲ ਵਿੱਚ ਐਮ ਸੀ ਮੇਰੀਕੋਮ ਨੇ ਏਸ਼ੀਆਈ ਚੈਂਪੀਨਸ਼ਿਪ 2016 ਵਿਚ ਸੋਨ ਤਗਮਾ ਜਿੱਤਿਆ। ਮੇਰੀਕੌਮ ਨੇ ਕਾਮਨਵੈਲਥ 2018 ਗੋਲਡਕੋਸਟ ਆਸਟ੍ਰੇਲੀਆ ਵਿਚ ਗੋਲ੍ਡ ਮੈਡਲ ਜਿੱਤਿਆ। ਵਿਸ਼ਵ ਬਾਕਸਿੰਗ ਚੈਂਪੀਨਸ਼ਿਪ ਨਵੀਂ ਦਿੱਲੀ 2018 ਵਿਚ ਗੋਲ੍ਡ ਮੈਡਲ ਜਿੱਤਿਆ। ਜਿਸ ਵਿੱਚ ਭਾਰਤ ਦੇ ਕੁੱਲ 4 ਮੈਡਲ ਸਨ ਜਿਨ੍ਹਾਂ ਵਿਚ ਇਕ ਗੋਲ੍ਡ, ਇਕ ਸਿਲਵਰ ਅਤੇ ਦੋ ਤਾਂਬੇ ਦੇ ਮੈਡਲ ਸ਼ਾਮਿਲ ਸਨ। 2019 ਵਿੱਚ ਇੰਡਿਅਨ ਬਾਕਸਿੰਗ ਲੀਗ ਬਿਗ ਬਾਊਟ ਪੰਜਾਬ ਪੈਂਥਰ ਦੇ ਹੈਡ ਕੋਚ ਸਨ। ਸ਼ਿਵ ਸਿੰਘ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਭਾਰਤੀ ਬਾਕਸਿੰਗ ਟੀਮ ਵਿੱਚ ਕਈ ਅਜਿਹੇ ਖਿਡਾਰੀ ਹਨ ਜੋ ਓਲੰਪਿਕ ਵਿੱਚ ਮੈਡਲ ਜਿੱਤਣ ਦੀ ਸਮਰੱਥਾ ਰੱਖਦੇ ਹਨ।

- Advertisement -

Share this Article
Leave a comment