ਰੂਪਨਗਰ : ਸ਼ਿਵ ਸੈਨਾ ਆਗੂ ਸੁਧੀਰ ਸੂਰੀ (56) ਪੁੱਤਰ ਹਰਬੰਸ ਲਾਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਦੱਸ ਦਈਏ ਕਿ ਇਸ ਸਮੇਂ ਸੁਧੀਰ ਸੂਰੀ ਰੂਪਨਗਰ ਜੇਲ੍ਹ ‘ਚ ਬੰਦ ਹਨ। ਉਨ੍ਹਾਂ ‘ਤੇ ਹਾਲ ਹੀ ‘ਚ ਆਰ. ਆਈ. ਸਿੱਖਾਂ ਬਾਰੇ ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਸੂਰੀ ਨੂੰ ਇੰਦੌਰ ਤੋਂ ਕਾਬੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ ਰੂਪਨਗਰ ਜੇਲ੍ਹ ‘ਚ ਬੰਦ ਹੈ।
ਸੁਧੀਰ ਸੂਰੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਵੱਲੋਂ ਕੀਤੀ ਗਈ ਹੈ। ਰੂਪਨਗਰ ਜੇਲ੍ਹ ‘ਚ ਸੂਰੀ ਨੂੰ ਵੱਖਰੀ ਬੈਰਕ ‘ਚ ਰੱਖਿਆ ਗਿਆ ਹੈ ਅਤੇ ਜੇਲ੍ਹ ‘ਚੋਂ ਇੱਕ ਖਾੜਕੂ, 5 ਗੈਂਗਸਟਰਾਂ ਸਮੇਤ 21 ਸ਼ੱਕੀ ਅਪਰਾਧੀ ਪਿਛੋਕੜ ਵਾਲੇ ਹਵਾਲਾਤੀਆਂ ਨੂੰ ਵੀ ਰੂਪਨਗਰ ਜੇਲ੍ਹ ‘ਚੋਂ ਤਬਦੀਲ ਕਰਕੇ ਪਟਿਆਲਾ ਅਤੇ ਨਾਭਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਸੂਬੇ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਰੂਪਨਗਰ ‘ਚ ਅੱਜ ਕੋਰੋਨਾ ਦੇ 10 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਦ ਕਿ ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 12216 ਹੋ ਗਈ ਹੈ। ਸੂਬੇ ‘ਚ ਅਜੇ ਵੀ ਕੋਰੋਨਾ ਦੇ 3838 ਮਾਮਲੇ ਐਕਟਿਵ ਹਨ ਅਤੇ 282 ਲੋਕਾਂ ਦੀ ਹੁਣ ਤੱਕ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।