ਸ੍ਰੀ ਆਨੰਦਪੁਰ ਸਾਹਿਬ: ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇੱਕ ਦਿਨ ਲਈ ਬਾਜ਼ਾਰ ਬੰਦ ਕਰਕੇ ਰੋਸ ਪ੍ਰਗਟਾਉਣ।
ਇਸ ਮੌਕੇ ਜਥੇਬੰਦੀਆਂ ਨੇ ਕਿਹਾ ਕਿ ਇਹ ਬੇਅਦਬੀ ਦੀ ਘਟਨਾ ਪਹਿਲੀ ਵਾਰ ਨਹੀਂ ਸਗੋਂ ਕਈ ਵਾਰ ਹੋ ਚੁੱਕੀਆਂ ਹਨ, ਪਰ ਤਖ਼ਤ ਸਾਹਿਬ ‘ਤੇ ਹੋਈ ਇਹ ਬੇਅਦਬੀ ਕਿਸੇ ਭਾਰੀ ਸੰਕਟ ਨੂੰ ਸੰਕੇਤ ਦੇ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਘਟਨਾ ਤੜਕਸਾਰ ਸਾਢੇ ਚਾਰ ਵਜੇ ਵਾਪਰੀ, ਪਰ ਸ਼੍ਰੋਮਣੀ ਕਮੇਟੀ ਮੈਂਬਰ ਸ਼ਾਮ ਨੂੰ 7 ਵਜੇ ਪਹੁੰਚ ਕੇ ਪੁੱਛਦੇ ਹਨ ਕਿ ਮਾਮਲਾ ਕੀ ਹੈ ਦੱਸੋ ? ਨੌਜਵਾਨ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਚੋਣਾਂ ਦੇ ਬਾਈਕਾਟ ਦਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਅਜਿਹੇ ਮੈਂਬਰ ਤੇ ਅਜਿਹੇ ਪ੍ਰਬੰਧਾਂ ਨੂੰ ਨਹੀਂ ਚਾਹੁੰਦੇ ਜੋ ਆਪਣੇ ਪੰਥ ਦੀ ਸੇਵਾ ਨਾਂ ਕਰ ਸਕੇ।
ਉਨ੍ਹਾਂ ਕਿਹਾ ਕਿ ਸਾਡੇ ਧਰਮ ਵਿੱਚ ਸਭ ਤੋਂ ਮਾੜੀ ਘਟਨਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਵਾਪਰੀ ਇਹ ਬੇਅਦਬੀ ਦੀ ਘਟਨਾ ਹੈ। ਜਿਸ ਦੇ ਰੋਸ ਵਿੱਚ ਸਾਨੂੰ ਇਕਜੁੱਟ ਹੋ ਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਦਰਬਾਰ ਸਾਹਿਬ ਵਿੱਚ ਉਸ ਸਮੇਂ ਮੌਜੂਦ ਸੇਵਾਦਾਰਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।