ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਾਂਗਰਸ ਦੇ ਆਗੂਆਂ ਅਤੇ ਮੰਤਰੀਆਂ ਉਤੇ ਗੰਭੀਰ ਇਲਜਾਮ ਲਗਾਉਂਦਿਆਂ ਕਿਹਾ ਹੈ ਕਿ ਕਾਂਗਰਸ ਦੇ ਇਹ ਆਗੂ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਮਾਮਲੇ ਵਿੱਚ ਝੂਠਾ ਫਸਾਉਣਾ ਚਾਹੁੰਦੇ ਹਨ ।
ਇਨ੍ਹਾਂ ਆਗੂਆਂ ਨੇ ਕਾਂਗਰਸੀ ਮੰਤਰੀਆਂ ਵਿਧਾਇਕਾਂ ਅਤੇ ਕੁਝ ਸਾਬਕਾ ਪੁਲੀਸ ਅਧਿਕਾਰੀਆਂ ਉਤੇ ਦੋਸ਼ ਲਗਾਉਂਦਿਆਂ ਸਪੱਸ਼ਟ ਕਿਹਾ ਕਿ ਗਵਰਨਰ ਹਾਊਸ ਵਿਚ ਜੋ ਪੰਜਾਬ ਸਰਕਾਰ ਦਾ ਗੈਸਟ ਹਾਊਸ ਬਣਿਆ ਹੈ ਉੱਥੇ ਇੱਕ ਸਕੀਮ ਬਣਾਈ ਗਈ ਜਿਸ ਤਹਿਤ ਇਕ ਔਰਤ ਨੂੰ ਮੂਹਰੇ ਲਗਾਕੇ ਸੁਖਬੀਰ ਸਿੰਘ ਬਾਦਲ ਤੇ ਝੂਠੇ ਦੋਸ਼ ਲਗਾਏ ਜਾਣੇ ਹਨ।
ਇਨ੍ਹਾਂ ਅਕਾਲੀ ਆਗੂਆਂ ਦਾ ਕਹਿਣਾ ਸੀ ਕਿ ਇਸ ਸਕੀਮ ਬਾਰੇ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗ ਗਿਆ ਹੈ ਜਿਸ ਬਾਰੇ ਉਹ ਪੰਜਾਬ ਦੇ ਰਾਜਪਾਲ ਨੂੰ ਮਿਲਕੇ ਸਾਰੀ ਸਚਾਈ ਦੱਸਣਗੇ ਅਤੇ ਕੁਝ ਸੀਸੀਟੀਵੀ ਦੀ ਫੁਟੇਜ ਦੀ ਮੰਗ ਵੀ ਕਰਨਗੇ।