ਸ਼੍ਰੋਮਣੀ ਅਕਾਲੀ ਦਲ ਨੇ ਰੇਤ ਮਾਫੀਆ ਖਿਲਾਫ ਸੀਬੀਆਈ ਜਾਂਚ ਦਾ ਘੇਰਾ ਪੂਰੇ ਸੂਬੇ ਤੱਕ ਵਧਾਉਣ ਲਈ ਹਾਈਕੋਰਟ ਨੂੰ ਕੀਤੀ ਅਪੀਲ

TeamGlobalPunjab
2 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰੋਪੜ ਵਿਚ ਰੇਤ ਮਾਇਨਿੰਗ ਥਾਵਾਂ ਨੇੜੇ ਗੈਰ ਕਾਨੂੰਨੀ ਤੇ ਅਣਅਧਿਕਾਰਤ ਨਾਕਿਆਂ ਦੀ ਸੀਬੀਆਈ ਜਾਂਚ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਹਾਈਕੋਰਟ ਨੂੰ ਅਪੀਲ ਕੀਤੀ ਕਿ ਇਸ ਜਾਂਚ ਦਾ ਘੇਰਾ ਪੂਰੇ ਸੂਬੇ ਤੱਕ ਵਧਾਇਆ ਜਾਵੇ ਕਿਉਂਕਿ ਸੂਬੇ ਭਰ ‘ਚ ਰੇਤ ਮਾਫੀਆ ‘ਗੁੰਡਾ ਟੈਕਸ’ ਵਸੂਲ ਕਰਦਾ ਹੈ।

ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਾਈ ਕੋਰਟ ਨੇ ਇਸ ਕੇਸ ਵਿਚ ਗੈਰ ਸਾਧਾਰਣ ਹਾਲਾਤ ਵੇਖਦਿਆਂ ਸੀ ਬੀ ਆਈ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰੋਪੜ ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਨੇ ਗੁੰਡਾ ਟੈਕਸ ਦੇ ਸਾਰੇ ਸਰਕਾਰ ਦੇ ਝੂਠ ਨੂੰ ਬੇਨਕਾਬ ਕਰ ਦਿੱਤਾ ਹੈ ਜਦਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਜ਼ਿਲ੍ਹੇ ਵਿਚ ਕੋਈ ਗੁੰਡਾ ਟੈਕਸ ਨਹੀਂ ਵਸੂਲਿਆ ਜਾ ਰਿਹਾ ਹੈ। ਡਾ. ਚੀਮਾ ਨੇ ਕਿਹਾ ਕਿ ਰੇਤ ਮਾਫੀਆ ਨਾ ਸਿਰਫ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਰ ਰਿਹਾ ਹੈ ਬਲਕਿ ਇਸਨੇ ਵਾਤਾਵਰਣ ’ਤੇ ਵੀ ਉਲਟ ਅਸਰ ਪਾਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਲੁੱਟ ‘ਚ ਮਾਰਗ ਦਰਸ਼ਕ ਬਣੀ ਹੋਈ ਹੈ ਅਤੇ ਮੌਜੂਦਾ ਸਰਕਾਰ ਦੇ ਮੰਤਰੀ ਇਸ ਘੁਟਾਲੇ ਵਿਚ ਸਭ ਤੋਂ ਅੱਗੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੈ ਕਿ ਸਰਕਾਰੀ ਅਫਸਰ ਵਿਸ਼ੇਸ਼ ਤੌਰ ‘ਤੇ ਮਾਇਨਿੰਗ ਵਿਭਾਗ ਅਤੇ ਪੁਲਿਸ ਦੇ ਅਧਿਕਾਰੀ ਆਪਣਾ ਕਾਨੂੰਨੀ ਫਰਜ਼ ਨਿਭਾਉਣ ‘ਚ ਅਸਫਲ ਰਹੇ ਹਨ। ਡਾ. ਚੀਮਾ ਨੇ ਅਜਿਹੇ ਸਾਰੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕਰਦਿਆਂ ਹਾਈਕੋਰਟ ਨੂੰ ਅਪੀਲ ਕੀਤੀ ਕਿ ਉਹ ਸੂਬੇ ‘ਚ ਰੇਤ ਮਾਇਨਿੰਗ ਥਾਵਾਂ ਦੀ ਆਪ ਨਿਗਰਾਨੀ ਕਰਨ ਕਿਉਂਕਿ ਸੂਬੇ ਭਰ ‘ਚ ਅੰਨ੍ਹੇਵਾਹ ਮਾਇਨਿੰਗ ਕੀਤੀ ਜਾ ਰਹੀ ਹੈ।

Share this Article
Leave a comment