ਸ਼੍ਰੋਮਣੀ ਅਕਾਲੀ-ਭਾਜਪਾ ਸਰਬ ਪਾਰਟੀ ਮੀਟਿੰਗ ‘ਚ ਹੋਣਗੇ ਸ਼ਾਮਲ

TeamGlobalPunjab
3 Min Read

-ਸ਼੍ਰੋਮਣੀ ਅਕਾਲੀ ਦਲ-ਭਾਜਪਾ ਤਾਲਮੇਲ ਕਮੇਟੀ ਨੇ ਨਜਾਇਜ਼ ਸ਼ਰਾਬ, ਬੀਜ ਤੇ ਰਾਸ਼ਨ ਘੁਟਾਲੇ ‘ਤੇ ਚਰਚਾ ਲਈ ਇਕ ਹੋਰ ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਮੰਗ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਫੈਸਲਾ ਕੀਤਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ੍ਹ ਸੱਦੀ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਲ ਹੋਣਗੇ ਤੇ ਨਾਲ ਹੀ ਉਹਨਾਂ ਨੂੰ ਇਹ ਵੀ ਆਖਣਗੇ ਕਿ ਨਜਾਇਜ਼ ਸ਼ਰਾਬ, ਬੀਜ ਤੇ ਰਾਸ਼ਨ ਘੁਟਾਲੇ ਤੋਂ ਇਲਾਵਾ ਸੂਬੇ ਨੂੰ ਦਰਪੇਸ਼ ਹੋਰ ਚਲੰਤ ਮਾਮਲਿਆਂ ‘ਤੇ ਚਰਚਾ ਲਈ ਇਕ ਹੋਰ ਮੀਟਿੰਗ ਵੀ ਸੱਦੀ ਜਾਵੇ।

ਇਹ ਫੈਸਲਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਹੋਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਤਾਲਮੇਲ ਕਮੇਟੀ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਕੀਤੀ।

ਅਕਾਲੀ ਦਲ-ਭਾਜਪਾ ਤਾਲਮੇਲ ਕਮੇਟੀ ਨੇ ਇਹ ਵੀ ਨੋਟਿਸ ਲਿਆ ਕਿ ਨਜਾਇਜ਼ ਡਿਸਟੀਲਰੀਆਂ ਤੇ ਬੋਟਲਿੰਗ ਪਲਾਂਟਾਂ ਕਾਰਨ ਅਤੇ ਡਿਸਟੀਲਰੀਆਂ ਤੋਂ ਨਜਾਇਜ਼ ਸ਼ਰਾਬ ਨਿਕਲਣ ਕਾਰਨ ਸੂਬੇ ਦੇ ਖ਼ਜ਼ਾਨੇ ਨੂੰ 5600 ਕਰੋੜ ਰੁਪਏ ਦਾ ਘਾਟਾ ਪਿਆ ਹੈ। ਇਹ ਵੀ ਕਿਹਾ ਕਿ ਬੀਜ ਘੁਟਾਲੇ ਜਿਸ ਵਿਚ ਪੀ ਆਰ 128 ਅਤੇ ਪੀ ਆਰ 129 ਝੋਨੇ ਦੀਆਂ ਕਿਸਮਾਂ ਦੇ ਨਕਲੀ ਬੀਜਾਂ ਦੀ ਵਿਕਰੀ ਕਾਰਨ ਸੂਬੇ ਦੇ ਕਿਸਾਨਾਂ ਨੂੰ 4000 ਕਰੋੜ ਰੁਪਏ ਦਾ ਘਾਟਾ ਪਿਆ ਹੈ। ਇਹ ਵੀ ਕਿਹਾ ਕਿ ਲਾਕ ਡਾਊਨ ਦੌਰਾਨ ਸੂਬੇ ਵਿਚ ਕੇਂਦਰ ਸਰਕਾਰ ਵੱਲੋਂ ਭੇਜਿਆ ਰਾਸ਼ਨ ਸਰਕਾਰ ਵੱਲੋਂ ਕਾਂਗਰਸੀ ਆਗੂਆਂ ਕੋਲ ਭੇਜਣ ਕਾਰਨ ਵੀ ਨੁਕਸਾਨ ਹੋਇਆ ਹੈ। ਕਮੇਟੀ ਨੇ ਕਿਹਾ ਕਿ ਇਹਨਾਂ ਤਿੰਨਾਂ ਘੁਟਾਲਿਆਂ ਕਾਰਨ ਸੂਬਾ ਸਰਕਾਰ ਦੇ ਨਾਲ ਨਾਲ ਕਿਸਾਨਾਂ ਤੇ ਗਰੀਬਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇਕ ਹੋਰ ਸਰਬ ਪਾਰਟੀ ਮੀਟਿੰਗ ਅਗਲੇ ਹਫਤੇ ਸੱਦੀ ਜਾਣੀ ਚਾਹੀਦੀ ਹੈ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਤੇ ਅਸ਼ਵਨੀ ਸ਼ਰਮਾ ਨੇ ਇਹ ਵੀ ਮੰਗ ਕੀਤੀ ਕਿ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਗੰਨਾ ਉਤਪਾਦਕਾਂ ਦੇ 383 ਕਰੋੜ ਰੁਪਏ ਦੇ ਬਕਾਏ ਸਮੇਤ ਕਿਸਾਨਾਂ ਨੂੰ ਦਰਪੇਸ਼ ਹੋਰ ਮੁਸ਼ਕਿਲਾਂ ਵੀ ਸਰਬ ਪਾਰਟੀ ਮੀਟਿੰਗ ਵਿਚ ਵਿਚਾਰੀਆਂ ਜਾਣ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸੀ ਆਗੂਆਂ ਦੇ ਜ਼ੋਰ ਦੇਣ ‘ਤੇ ਨੀਲੇ ਕਾਰਡ ਕੱਟੇ ਜਾਣ ਦੇ ਕਾਰਨਾਂ ਦੇ ਨਾਲ ਨਾਲ ਅਤੇ ਉਹਨਾਂ ਨੂੰ ਤੁਰੰਤ ਬਹਾਲ ਕਰਨ ਤੇ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਦੀਆਂ ਸਕਾਲਰਸ਼ਿਪ ਵੀ ਤੁਰੰਤ ਜਾਰੀ ਕਰਨ ਦੀ ਲੋੜ ‘ਤੇ ਵੀ ਅਗਲੀ ਸਰਬ ਪਾਰਟੀ ਮੀਟਿੰਗ ਵਿਚ ਚਰਚਾ ਕੀਤੀ ਜਾਵੇ।

ਇਸ ਮੌਕੇ ਅਕਾਲੀ ਦਲ-ਭਾਜਪਾ ਤਾਲਮੇਲ ਕਮੇਟੀ ਮੈਂਬਰਾਂ ਵੱਲੋਂ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਨਾਲ ਖੂਨੀ ਝੜਪ ਵਿਚ ਸ਼ਹੀਦ ਹੋਏ 20 ਭਾਰਤੀ ਸੈਨਿਕਾਂ, ਜਿਹਨਾਂ ਵਿਚ ਚਾਰ ਪੰਜਾਬ ਦੇ ਵੀ ਸ਼ਾਮਲ ਸਨ, ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

Share This Article
Leave a Comment