ਬੰਗਲਾਦੇਸ਼: ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਦੇਸ਼ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਿਤਾ, ਬੰਗਬੰਧੂ ਸ਼ੇਖ ਮੁਜੀਬੁਰਾਹਮਾਨ ਨੂੰ ਦਿੱਤੇ ਗਏ ‘ਰਾਸ਼ਟਰ ਪਿਤਾ’ ਦੇ ਦਰਜੇ ਨੂੰ ਖਤਮ ਕਰ ਦਿੱਤਾ ਹੈ। ਇਹ ਬਦਲਾਅ ਆਜ਼ਾਦੀ ਘੁਲਾਟੀਆਂ ਨਾਲ ਸਬੰਧਿਤ ਕਾਨੂੰਨ ਵਿੱਚ ਸੋਧ ਕਰਕੇ ਕੀਤਾ ਗਿਆ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਸਥਾਨਿਕ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ।
ਇਹ ਫੈਸਲਾ ਮੰਗਲਵਾਰ ਨੂੰ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਨਵੇਂ ਕਰੰਸੀ ਨੋਟਾਂ ਤੋਂ ਸ਼ੇਖ ਮੁਜੀਬੁਰਹਮਾਨ ਦੀ ਤਸਵੀਰ ਹਟਾਏ ਜਾਣ ਤੋਂ ਬਾਅਦ ਆਇਆ ਹੈ। ਅੰਤਰਿਮ ਸਰਕਾਰ ਨੇ ‘ਰਾਸ਼ਟਰੀ ਆਜ਼ਾਦੀ ਘੁਲਾਟੀਏ ਪ੍ਰੀਸ਼ਦ ਐਕਟ’ ਵਿੱਚ ਸੋਧ ਕੀਤੀ ਹੈ, ਜਿਸ ਨਾਲ ਆਜ਼ਾਦੀ ਘੁਲਾਟੀਏ ਦੀ ਪਰਿਭਾਸ਼ਾ ਬਦਲ ਗਈ ਹੈ।
ਬੰਗਲਾਦੇਸ਼ ਦੇ ਕਾਨੂੰਨ ਨਿਆਂ ਅਤੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਮੰਗਲਵਾਰ ਰਾਤ ਨੂੰ ਇਸ ਸੋਧ ਨਾਲ ਸਬੰਧਿਤ ਇੱਕ ਆਰਡੀਨੈਂਸ ਜਾਰੀ ਕੀਤਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਵਿੱਚ ‘ਰਾਸ਼ਟਰ ਪਿਤਾ ਬੰਗਬੰਧੂ ਸ਼ੇਖ ਮੁਜੀਬੁਰਾਹਮਾਨ’ ਸ਼ਬਦਾਂ ਨੂੰ ਵੀ ਸੋਧਿਆ ਗਿਆ ਹੈ। ਰਿਪੋਰਟ ਦੇ ਅਨੁਸਾਰ ਨਵੇਂ ਕਾਨੂੰਨ ਵਿੱਚੋਂ ‘ਰਾਸ਼ਟਰ ਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ’ ਸ਼ਬਦ ਹਟਾ ਦਿੱਤੇ ਗਏ ਹਨ। ਇੰਨਾ ਹੀ ਨਹੀਂ, ਸਗੋਂ ਕਾਨੂੰਨ ਵਿੱਚ ਜਿੱਥੇ ਵੀ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦਾ ਨਾਮ ਪਹਿਲਾਂ ਲਿਖਿਆ ਗਿਆ ਸੀ, ਉਨ੍ਹਾਂ ਹਿੱਸਿਆਂ ਨੂੰ ਵੀ ਪੂਰੀ ਤਰ੍ਹਾਂ ਮਿਟਾ ਦਿੱਤਾ ਗਿਆ ਹੈ।
ਰਿਪੋਰਟ ਦੇ ਅਨੁਸਾਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਆਰਡੀਨੈਂਸ ਵਿੱਚ ਮੁਕਤੀ ਯੁੱਧ ਦੀ ਪਰਿਭਾਸ਼ਾ ਵਿੱਚ ਕੁਝ ਪਰ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਨਵੀਂ ਪਰਿਭਾਸ਼ਾ ਵਿੱਚੋਂ ਬੰਗਬੰਧੂ ਸ਼ੇਖ ਮੁਜੀਬੁਰਾਹਮਾਨ ਦਾ ਨਾਮ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ।