ਹੁਣ ਸ਼ਮਸ਼ੇਰ ਸਿੰਘ ਦੂਲੋ ਨੇ ਝੰਜੋੜੇ ਕਾਂਗਰਸੀ ਵਿਧਾਇਕ, ਅਨੁਸੂਚਿਤ ਜਾਤੀ ਤੇ ਪੱਛੜੀ ਸ੍ਰੇਣੀ ਦੇ ਵਿਧਾਇਕਾਂ ਵਲੋਂ ਕੀਤੀ ਮੀਟਿੰਗ ਨੂੰ ਦੱਸਿਆ ਸਿਆਸੀ ਮੌਕਾਪ੍ਰਸਤੀ

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖ਼ਾਨਾਜੰਗੀ ਦੀਆਂ ਪਰਤਾਂ ਲਗਾਤਾਰ ਉੱਧੜ ਰਹੀਆਂ ਹਨ। ਇੱਕ ਪਾਸੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਖ਼ਿਲਾਫ਼ ਮੋਰਚਾ ਖੋਲਿਆ ਹੋਇਆ ਹੈ ਤਾਂ ਹੁਣ ਅਨੁਸੂਚਿਤ ਜਾਤੀ ਤੇ ਪੱਛੜੀ ਸ੍ਰੇਣੀ ਦੇ ਵਿਧਾਇਕਾਂ ਵਲੋਂ ਕੀਤੀ ਗਈ ਮੀਟਿੰਗ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਵੀ ਵੱਡੀ ਗੱਲ ਇਹ ਕਿ ਇਹਨਾਂ ਵਿਧਾਇਕਾਂ ਦੀ ਮੀਟਿੰਗ ‘ਤੇ ਪੰਜਾਬ ਕਾਂਗਰਸ ਦੇ ਸਭ ਤੋਂ ਸੀਨੀਅਰ ਲੀਡਰ ਨੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਆਗੂ ਹਨ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ । ਦੂਲੋ ਨੇ ਆਪਣੀ ਹੀ ਪਾਰਟੀ ਦੇ ਅਨੁਸੂਚਿਤ ਜਾਤੀ ਤੇ ਪੱਛੜੀ ਸ੍ਰੇਣੀ ਦੇ ਵਿਧਾਇਕਾਂ ਵਲੋਂ ਕੀਤੀ ਮੀਟਿੰਗ ਨੂੰ ਸਿਆਸੀ ਮੌਕਾਪ੍ਰਸਤੀ ਗਰਦਾਨਿਆ ਹੈ । ਉਨ੍ਹਾਂ ਕਾਂਗਰਸੀ ਵਿਧਾਇਕਾਂ ਦੇ ਇਸ ਗੁੱਟ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਚਾਰ ਸਾਲ ਤੱਕ ਤਾਂ ਇਹਨਾਂ ਵਿਧਾਇਕਾਂ ਨੂੰ ਦਲਿਤਾਂ ਦੀ ਸਮੱਸਿਆਵਾਂ ਅਤੇ ਮੰਗਾਂ ਦੀ ਯਾਦ ਨਹੀਂ ਆਈ, ਹੁਣ ਜਦੋਂ ਮੁੱਖ ਮੰਤਰੀ ਵਲੋਂ ਮੰਤਰੀ ਮੰਡਲ ਵਿੱਚ ਬਦਲਾਅ ਕੀਤੇ ਜਾਣ ਦੀਆਂ ਕਨਸੋਆ ਆ ਰਹੀਆਂ ਹਨ ਤਾਂ ਇਹਨਾਂ ਨੂੰ ਦਲਿਤਾਂ ਦੀਆਂ ਮੰਗਾਂ ਯਾਦ ਆ ਗਈਆਂ । ਉਹਨਾਂ ਕਿਹਾ ਕਿ ਇਹਨਾਂ ਵਿਧਾਇਕਾਂ ਨੂੰ ਦਲਿਤਾਂ ਦਾ ਨਹੀਂ ਆਪਣਾ ਸਿਆਸੀ ਭਵਿੱਖ ਧੁੰਦਲਾ ਦਿਖ ਰਿਹਾ ਹੈ ਤਾਂਂ ਹੀ ਇਹ ਹੁਣ ਮੀਟਿੰਗਾਂ ਕਰ ਰਹੇ ਹਨ।

ਸ਼ਮਸ਼ੇਰ ਸਿੰਘ ਦੁੱਲੋ ਨੇ ਇੱਕ ਤੋਂ ਬਾਅਦ ਇੱਕ ਸਵਾਲ ਇਨ੍ਹਾਂ ਵਿਧਾਇਕਾਂ ਲਈ ਦਾਗੇ ਜਿਹੜੇ ਖੁਦ ਨੂੰ ਪੱਛੜੀਆਂ ਸ਼੍ਰੇਣੀਆਂ ਦਾ ਲੀਡਰ ਕਹਿੰਦੇ ਨਹੀਂ ਥੱਕਦੇ। ਦੂਲੇ ਨੇ ਪੁੱਛਿਆ ਕਿ ਐੱਸ.ਸੀ. ਸਕਾਲਰਸਿਪ ਦੇ ਮੁੱਦੇ ‘ਤੇ ਇਹਨਾਂ ਵਿਧਾਇਕਾਂ ਨੇ ਚੁੱਪ ਕਿਉਂ ਵੱਟੀ ਰੱਖੀ ? ਨਾਜਾਇਜ਼ ਸ਼ਰ‍ਾਬ ਪੀ ਕੇ ਮਰੇ ਸੈੰਕੜੇ ਲੋਕਾਂ ਬਾਰੇ ਵਿਧਾਇਕਾਂ ਨੇ ਮੂੰਹ ਨਹੀਂ ਖੋਲ੍ਹਿਆ, ਇਹ‌ ਕਿਥੋਂ ਤੱਕ ਜਾਇਜ਼ ਹੈ !

ਉਹਨਾਂ ਦਲਿਤ ਵਿਧਾਇਕਾਂ ਦੀ ਮੀਟਿੰਗ ਨੂੰ ਮੁੱਖ ਮੰਤਰੀ ‘ਤੇ ਦਬਾਅ ਪਾਉਣ ਲਈ ਕੀਤਾ ਗਿਆ ਸਿਆਸੀ ਟੋਟਕਾ ਦੱਸਿਆ। ਉਹਨਾਂ ਕਿਹਾ ਕਿ ਇਹ ਆਪਣੀਆਂ ਲਾਲਸਾਵਾਂ ਕਾਰਨ ਇਕੱਠੇ ਹੋ ਰਹੇ ਹਨ ਕਿਉਂਕਿ ਪਾਰਟੀ ਪ੍ਰਧਾਨ ਦੇ ਬਦਲਾਅ ਤੇ ਮੰਤਰੀ ਮੰਡਲ ਵਿੱਚ ਰੱਦੋਬਦਲ ਕਰਨ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਦੂਲੇ ਨੇ ਤਿੱਖੇ ਸ਼ਬਦਾਂ ‘ਚ ਕਿਹਾ ਕਿ ਇਹ ਮੌਕਾਪ੍ਰਸਤੀ ਦੀ ਸਿਆਸਤ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇ ਇਹ ਦਲਿਤਾਂ ਦੇ ਹਿਤੈਸ਼ੀ ਹਨ ਤਾਂ ਸੰਵਿਧਾਨਕ ਸੋਧ, ਰਾਖਵਾਂਕਰਨ ਦੇ ਮੁੱਦੇ ‘ਤੇ ਕਿਉਂ ਨਹੀਂ ਬੋਲੇ। ਉਹਨਾਂ ਕਿਹਾ ਕਿ ਹੁਣ ਵੋਟਾਂ ਨੇੜੇ ਹਨ ਤਾਂ ਇਨ੍ਹਾਂ ਨੂੰ ਬੇਅਦਬੀ ਤੇ ਹੋਰ ਮਸਲੇ ਦਿਖਣ ਲੱਗ ਪਏ ਹਨ ਪਰ ਚਾਰ ਸਾਲ ਤੱਕ ਇਹਨਾਂ ਨੂੰ ਕੁੱਝ ਦਿਖਾਈ ਕਿਉਂ ਨਹੀਂ ਦਿੱਤਾ।ਦਲਿਤ ਵਿਧਾਇਕਾਂ ਨੇ ਐੱਸ.ਸੀ. ਸਕਾਲਰਸਿਪ ਮੁੱਦੇ ‘ਤੇ ਸੀ.ਬੀ.ਆਈ. ਜਾਂਚ ਕਿਉਂ ਨਹੀਂ ਮੰਗੀ?

ਸੂਬੇ ਦੇ ਲੋਕਾਂ ਦੇ ਮੌਜੂਦਾ ਰੁਖ਼ ਬਾਰੇ ਦੂਲੋ ਨੇ ਕਿਹਾ ਕਿ ਲੋਕਾਂ ‘ਚ ਰੋਸ ਹੈ, ਕਿਸਾਨੀ ਮੂਵਮੈੰਟ ਤੇ ਕੋਰੋਨਾ ਕਾਰਨ ਸਿਆਸੀ ਪਾਰਟੀਆਂ ਦੀ ਜ਼ਮੀਨ ਖਿਸਕ ਰਹੀ ਹੈ। ਬੇਅਦਬੀ,ਮਾਫੀਆ ਰ‍ਾਜ, ਸਕਾਲਰਸ਼ਿਪ ਸਕੈਮ ਅਜਿਹੇ ਮੁੱਦੇ ਹਨ ਜਿਹੜੇ ਪਾਰਟੀ ਲਈ ਨੁਕਸਾਨਦਾਇਕ ਸਾਬਤ ਹੋਣਗੇ।

ਦੂਲੋ ਨੇ ਕਿਹਾ ਕਿ 2017 ਵਿੱਚ ਜਦੋਂ ਮੁੱਖ ਮੰਤਰੀ ਨੇ ਪਹਿਲੀ ਮੀਟਿੰਗ ਸੱਦੀ ਤਾਂ ਉਹਨਾਂ ਨੇ ਬੇਅਦਬੀ, ਸਕਾਲਰਸ਼ਿਪ , ਬੇਰੁਜ਼ਗਾਰੀ ਸਮੇਤ ਹੋਰਨਾਂ ਮੁੱਦਿਆਂ ਨੂੰ ਚੁੱਕਿਆ ਸੀ ਪਰ ਇਹ ਵਿਧਾਇਕ ਚਾਰ ਸਾਲ ਤੱਕ ਚੁੱਪ ਰਹੇ ਹਨ। ਸਵਾ ਚਾਰ ਸਾਲ ਤੱਕ ਦਲਿਤ ਵਿਧਾਇਕ ਇਕੱਠੇ ਨਹੀਂ ਹੋਏ । ਰੇਤ ਮਾਫੀਆ, ਸ਼ਰਾਬ ਮਾਫੀਆ ‘ਚ ਕਈ ਵਿਧਾਇਕਾਂ ਦਾ ਸਿੱਧਾ ਅਸਿੱਧਾ ਹੱਥ ਹੈ। ਪੰਜਾਬ ਸਰਕਾਰ ਵਲੋ ਬਣਾਈ ਅੰਬੇਦਕਰ ਸਕਾਲਰਸਿਪ ਨੂੰ ਉਨ੍ਹਾਂ ਲੋਕਾਂ ਨਾਲ ਫਰਾਡ ਦੱਸਿਆ ਹੈ।

ਦੂਲੋ ਨੇ ਮੁੱਖ ਮੰਤਰੀ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਨਜਾਇਜ਼ ਡਿਸਟਿਲਰੀ ਦੇ ਮਾਲਕਾਂ ਨੂੰ ਪਨਾਹ ਦਿੰਦੀ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਦਾ ਦੁਬਾਰਾ ਸੱਤਾ ‘ਚ ਆਉਣ ਨੂੰ ਦਿਲ ਕਰਦੈ ਤਾਂ ਕੁੱਝ ਕਰਕੇ ਤਾਂ ਦਿਖਾਏ। ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਕੀ ਮਜਬੂਰੀ ਹੈ ਕਿ ਉਹ ਨਾਜਾਇਜ਼ ਡਿਸਟਲਰੀਆਂ ‘ਤੇ ਕਾਰਵਾਈ ਕਿਉਂ ਨਹੀਂ ਕਰਦੇ।

ਦੂਲੋ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਲੰਮੇ ਹੱਥੀਂ ਲਿਆ। ਉਹਨਾਂ ਕਿਹਾ ਕਿ ਦਲਬਦਲੀ ਕਾਰਨ ਟਕਸਾਲੀ ਕਾਂਗਰਸੀਅ‍ਾਂ ਦਾ ਨੁਕਸਾਨ ਹੋਇਆ ਹੈ । ਉਹਨਾਂ ਨਵਜੋਤ ਸਿੱਧੂ ਨੂੰ ਮੈਦਾਨ ‘ਚ ਆਉਣ ਅਤੇ ਕੋਈ ਝਾਕ ਨਾ ਰੱਖਣ ਦੀ ਅਪੀਲ ਕੀਤੀ।

 

(ਚੰਡੀਗੜ੍ਹ ਤੋਂ ਬਿੰਦੂ ਸਿੰਘ ਦੀ ਖ਼ਾਸ ਰਿਪੋਰਟ)

Share This Article
Leave a Comment