ਭਾਈ ਖਾਲਸਾ ਦੇ ਅੰਤਿਮ ਸਸਕਾਰ ‘ਤੇ ਸ਼ਰਮਨਾਕ ਵਰਤਾਰਾ!

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ

 

ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਵਿਛੋੜਾ ਅਸਹਿ ਹੈ। ਬਹੁਤ ਘੱਟ ਅਜਿਹੀ ਹਸਤੀਆਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦਾ ਐਨਾ ਪਿਆਰ ਅਤੇ ਸਤਿਕਾਰ ਮਿਲਦਾ ਹੋਵੇ। ਉਹ ਕਈ ਮੌਕਿਆਂ ‘ਤੇ ਇਹ ਕਹਿੰਦੇ ਸਨ ਕਿ ਗੁਰਮਤਿ ਸੰਗੀਤ ਉਨ੍ਹਾਂ ਦੀ ਰੂਹ ਦਾ ਸ਼ੌਕ ਹੈ ਅਤੇ ਦੁਨੀਆ ਵਿੱਚ ਘੁੰਮਣਾ ਉਸ ਦੀ ਇੱਕ ਨਿਵੇਕਲੀ ਚਾਹਤ ਹੈ। ਇਸ ਤਰ੍ਹਾਂ ਦੀ ਹਸਤੀ ਦੇ ਤੁਰ ਜਾਣ ਤੋਂ ਬਾਅਦ ਉਸ ਦੇ ਅੰਤਿਮ ਸਸਕਾਰ ਨੂੰ ਲੈ ਕੇ ਜਿਹੋ ਜਿਹਾ ਵਿਵਾਦ ਖੜ੍ਹਾ ਕੀਤਾ ਗਿਆ, ਇਸ ਤੋਂ ਸ਼ਰਮਨਾਕ ਵਤੀਰਾ ਹੋ ਨਹੀਂ ਸਕਦਾ। ਉਸ ਦੇ ਅੰਤਿਮ ਸਸਕਾਰ ਲਈ ਪੁਲੀਸ ਅਤੇ ਸਿਹਤ ਵਿਭਾਗ ਦੇ ਲੋਕ ਸ਼ਾਮ  ਤੱਕ ਇੰਤਜ਼ਾਰ ਕਰਦੇ ਰਹੇ ਕਿਉਂ ਜੋ ਪਿੰਡ ਦੇ ਸ਼ਮਸ਼ਾਨਘਾਟ ਨੂੰ ਲੋਕਾਂ ਨੇ ਜੰਦਰਾ ਮਾਰ ਦਿੱਤਾ ਸੀ ਅਤੇ ਪਿੰਡ ਵਾਲਿਆਂ ਦਾ ਖਦਸ਼ਾ ਸੀ ਕਿ ਜੇਕਰ ਪਿੰਡ ਦੀ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ ਤਾਂ ਬਿਮਾਰੀ ਫੈਲ ਸਕਦੀ ਹੈ।

ਸਿੱਖ ਪੰਥ ਦੀ ਐਨੀ ਮਹਾਨ ਹਸਤੀ  ਨੂੰ ਸਸਕਾਰ ਲਈ ਥਾਂ ਨਾ ਮਿਲੇ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰਾਂ ਵੱਲੋਂ ਭਾਈ ਖਾਲਸਾ ਦੇ ਤੁਰ ਜਾਣ ‘ਤੇ ਅਫਸੋਸ ਪ੍ਰਗਟ ਕੀਤਾ ਗਿਆ ਹੈ ਪਰ ਭਾਈ ਖਾਲਸਾ ਦੀ ਦੇਹ ਦੇ ਸਤਿਕਾਰ ਨਾਲ ਸਸਕਾਰ ਲਈ ਲਈ ਸ਼੍ਰੋਮਣੀ ਕਮੇਟੀ ਵੱਲੋਂ  ਕੀ ਜ਼ਿੰਮੇਵਾਰੀ ਨਿਭਾਈ ਗਈ। ਭਾਈ ਖਾਲਸਾ ਦਾ ਪਰਿਵਾਰ ਤਾਂ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਲੱਗੇ ਵੱਡੇ ਝਟਕੇ ਕਾਰਨ ਪਹਿਲਾਂ ਹੀ ਸਦਮੇ ਵਿੱਚ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਿਕ ਜਥੇਬੰਦੀਆਂ ਨੇ ਭਾਈ ਖਾਲਸਾ ਦੇ ਪੂਰੇ ਸਤਿਕਾਰ ਨਾਲ ਸਸਕਾਰ ਲਈ ਪ੍ਰਬੰਧ ਕਰਨ ਦੀ ਥਾਂ ਮੀਡੀਆ ਵਿੱਚ ਅਫਸੋਸ ਜ਼ਾਹਿਰ ਕਰਕੇ ਹੀ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ। ਪੰਜਾਬ ਵਿੱਚ ਅਨੇਕਾਂ ਸੰਤਾਂ, ਮਹਾਂਪੁਰਸ਼ਾਂ ਦੇ ਡੇਰੇ ਹਨ, ਧਾਰਮਿਕ ਅਸਥਾਨ ਹਨ ਪਰ ਇਨ੍ਹਾਂ ਸਾਰੇ ਧਾਰਮਿਕ ਆਗੂਆਂ ਨੇ ਭਾਈ ਖਾਲਸਾ ਦੇ ਅੰਤਿਮ ਸਸਕਾਰ ਲਈ ਅੱਗੇ ਆ ਕੇ ਕੀ ਕੀਤਾ? ਇਹ ਸਾਰੇ ਲੋਕ ਹਜ਼ਾਰਾਂ ਲੋਕਾਂ ਦੇ ਇੱਕਠ ਵਿੱਚ ਉਪਦੇਸ਼ ਦਿੰਦੇ ਹਨ ਕਿ ਮੌਤ ਇੱਕ ਅਟੱਲ ਸਚਾਈ ਹੈ। ਫਿਰ ਇਹ ਕੌਮ ਆਪਣੀ ਮੌਤ ਦੇ ਖੌਫ ਤੋਂ ਐਨਾ ਡਰ ਗਈ ਕਿ ਭਾਈ ਖਾਲਸਾ ਦੇ ਸਸਕਾਰ ਲਈ ਦਸ ਸਿਰ ਵੀ ਨਾ ਇੱਕਠੇ ਹੋ ਸਕੇ। ਭਾਈ ਖਾਲਸਾ ਅਤੇ ਅਜਿਹੀਆਂ ਹੋਰ ਗੁਰਮਤਿ ਸੰਗੀਤ ਵਾਲੀਆਂ ਹਸਤੀਆਂ ਵੱਲੋਂ ਰਾਗਾਂ ਵਿੱਚ ਬਾਣੀ ਦਾ ਗਾਇਨ ਕਰਨ ਨਾਲ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਰੁਹਾਨੀ ਆਨੰਦ ਮਾਣਦੀਆਂ ਹਨ। ਹਜ਼ਾਰਾਂ ਸਿੱਖ ਪਰਿਵਾਰ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਧਾਰਮਿਕ ਸਮਾਗਮਾਂ ‘ਤੇ ਗੁਰਬਾਣੀ ਦੇ ਗਾਇਨ ਲਈ ਬੇਨਤੀ ਕਰਦੇ ਹਨ। ਅੰਦਾਜ਼ਾ ਲਾਉ ਕਿ ਕਿਹੋ ਜਿਹੀ ਸਥਿਤੀ ਹੋਵੇਗੀ ਜਦੋਂ ਭਾਈ ਖਾਲਸਾ ਦੇ ਅੰਤਿਮ ਸਸਕਾਰ ਦੇ ਕਿਸੇ ਕਾਰਨ ਲੋਕ ਵਿਰੋਧ ਵਿੱਚ ਖੜ੍ਹੇ ਹਨ ਅਤੇ ਧਾਰਮਿਕ ਸੰਸਥਾਵਾਂ ਚੁੱਪ ਹਨ। ਕਿਸ ਤਰ੍ਹਾਂ ਇੱਕ ਸ਼ਾਮਲਾਟ ਜ਼ਮੀਨ ‘ਤੇ ਭਾਈ ਖਾਲਸਾ ਦਾ ਅੰਤਿਮ ਸਸਕਾਰ ਕੀਤਾ ਗਿਆ।

- Advertisement -

            ਸੁਆਲ ਤਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵਤੀਰੇ ‘ਤੇ ਵੀ ਉੱਠ ਰਹੇ ਹਨ। ਭਾਈ ਖਾਲਸਾ ਦੇ ਪਰਿਵਾਰ ਨੇ ਦੋਸ਼ ਲਾਏ ਹਨ ਕਿ ਭਾਈ ਖਾਲਸਾ ਦੇ ਇਲਾਜ਼ ਬਾਰੇ ਅਣਗਹਿਲੀ ਵਿਖਾਈ ਗਈ ਹੈ। ਪਰਿਵਾਰ ਵੱਲੋਂ ਲਾਏ ਦੋਸ਼ਾਂ ਬਾਰੇ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਸਥਿਤੀ ਸਪਸ਼ਟ ਨਹੀਂ ਕੀਤੀ ਗਈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਭਾਈ ਖਾਲਸਾ ਨੂੰ ਕਈ ਬਿਮਾਰੀਆਂ ਵੀ ਸਨ ਅਤੇ ਉਹ ਇਲਾਜ਼ ਲਈ ਪਛੜ ਕੇ ਹਸਪਤਾਲ ਆਏ। ਹਸਪਤਾਲ ਵਿੱਚ ਭਾਈ ਖਾਲਸਾ ਦੇ ਇਲਾਜ਼ ਬਾਰੇ ਉੱਠੇ ਸੁਆਲਾਂ ਦੇ ਜੁਆਬ ਤਾਂ ਸਰਕਾਰ ਨੇ ਦੇਣੇ ਹਨ ਪਰ ਭਾਈ ਖਾਲਸਾ ਦੇ ਸਸਕਾਰ ਪਿੱਛੇ ਛਿੜੇ ਵਿਵਾਦ ਬਾਰੇ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇੱਕ ਐਡੀ ਵੱਡੀ ਹਸਤੀ ਦੇ ਸਸਕਾਰ ਦਾ ਪਿੰਡ ਵਿੱਚ ਮੁੱਠੀ ਭਰ ਲੋਕ ਵਿਰੋਧ ਕਰਦੇ ਹਨ ਤਾਂ ਪ੍ਰਸਾਸ਼ਨ ਨੇ ਸਾਰਾ ਦਿਨ ਇਸ ਵਿਵਾਦ ਵਿੱਚ ਲੰਘਾ ਦਿੱਤਾ। ਸੀਨੀਅਰ ਅਧਿਕਾਰੀਆਂ ਵੱਲੋਂ ਫੌਰੀ ਤੌਰ ‘ਤੇ ਦਖਲ ਦੇ ਕੇ ਪੂਰੇ ਸਤਿਕਾਰ ਨਾਲ ਭਾਈ ਖਾਲਸਾ ਦੇ ਸਸਕਾਰ ਦਾ ਪ੍ਰਬੰਧ ਕਿਉਂ ਨਾ ਕੀਤਾ ਗਿਆ?

            ਭਾਈ ਨਿਰਮਲ ਸਿੰਘ ਖਾਲਸਾ ਨੂੰ ਗੁਰਬਾਣੀ ਗਾਇਨ ਦੀ ਕੀਤੀ ਸੇਵਾ ਕਰਕੇ ਹੀ ਸੰਗੀਤ ਦਾ ਧਰੂ ਤਾਰਾ ਤਾਂ ਮੰਨਿਆ ਹੀ ਗਿਆ ਪਰ ਉਹ ਸਮਾਜਿਕ ਪਹਿਲੂਆਂ ਦੇ ਅਹਿਮ ਮੁੱਦਿਆਂ ‘ਤੇ ਵੀ ਮੀਡੀਆ ਵਿੱਚ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਦੇ ਸਨ। ਉਹ ਦੇਸ਼ ਵਿਦੇਸ਼ ਵਿੱਚ ਜਿੱਥੇ ਗੁਰਬਾਣੀ ਗਾਇਨ ਕਰਕੇ ਜਾਣੇ ਗਏ ਉੱਥੇ ਉਨ੍ਹਾਂ ਦੇ ਅਨੇਕਾਂ ਨਜ਼ਦੀਕੀਆਂ ਸਾਥੀਆਂ ਦਾ ਕਹਿਣਾ ਹੈ ਕਿ ਉਹ ਬਹੁਤ ਮਿਲਾਪੜੇ ਸੁਭਾਅ ਦੇ ਸਨ ਅਤੇ ਹਰ ਇੱਕ ਨੂੰ ਨਿੱਘ ਨਾਲ ਗਲਵਕੜੀ ‘ਚ ਲੈਂਦੇ ਸਨ। ਉਨ੍ਹਾਂ ਦੇ ਤੁਰ ਜਾਣ ਬਾਅਦ ਦੇਸ਼ ਅਤੇ ਵਿਦੇਸ਼ ਵਿੱਚ ਉਨ੍ਹਾਂ ਦੇ ਅਨੇਕਾਂ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੇ ਗਾਇਨ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਾਹਨਤਾ ਪਾਉਣ ਬਾਅਦ ਵੇਰਕਾ ਪਿੰਡ ਦੀ ਪੰਚਾਇਤ ਵੱਲੋਂ ਭਾਈ ਖਾਲਸਾ ਦੀ ਯਾਦ ਵਿੱਚ ਯਾਦਗਾਰ ਬਨਾਉਣ ਲਈ ਥਾਂ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਡੇ ਧਾਰਮਿਕ ਪ੍ਰਚਾਰਕ ਵੀ ਭਾਈ ਖਾਲਸਾ ਦੇ ਅੰਤਿਮ ਸਸਕਾਰ ਦੀ ਘੋਰ ਨਿਰਾਦਰੀ ਲਈ ਮਾਫੀ ਮੰਗਣਗੇ?

ਸੰਪਰਕ : 9814002186

Share this Article
Leave a comment