ਰਾਜਪੁਰਾ : ਐਗਰੀਕਲਚਰ ਐਕਟ ਨੂੰ ਲੈ ਕੇ ਕਿਸਾਨ ਲਗਾਤਾਰ ਸੜਕਾਂ ‘ਤੇ ਨਿੱਤਰੇ ਹੋਏ ਹਨ। ਕੇਂਦਰ ਸਰਕਾਰ ਖ਼ਿਲਾਫ਼ ਹੱਲਾ ਬੋਲਣ ਲਈ ਅੱਜ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ। ਇਹ ਮੀਟਿੰਗ ਰਾਜਪੁਰਾ ਦੇ ਸ਼ੰਭੂ ਬਾਰਡਰ ‘ਤੇ ਹੋਈ। ਜਿੱਥੇ ਫ਼ੈਸਲਾ ਲਿਆ ਗਿਆ ਕਿ ਸ਼ੰਭੂ ਬਾਰਡਰ ਵਿਖੇ ਇੱਕ ਅਕਤੂਬਰ ਤੋਂ ਰੇਲਵੇ ਟਰੈਕ ‘ਤੇ ਧਰਨਾ ਦਿੱਤਾ ਜਾਵੇਗਾ। ਕਿਸਾਨਾਂ ਦਾ ਇਹ ਅੰਦੋਲਨ ਇੱਕ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੋਵੇਗਾ।
ਸ਼ੰਭੂ ਬਾਰਡਰ ਤੇ ਇੱਕ ਪਾਸੇ ਪੰਜਾਬ ਦੇ ਕਿਸਾਨ ਅਤੇ ਦੂਸਰੇ ਪਾਸੇ ਹਰਿਆਣਾ ਦੇ ਕਿਸਾਨ ਨਿੱਤਰਨਗੇ। ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਦਾ ਰੋਸ ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਇਕ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਮੁਕੰਮਲ ਤੌਰ ‘ਤੇ ਰੇਲਆਵਾਜਾਈ ਠੱਪ ਕੀਤੀ ਜਾਵੇਗੀ।
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨ ਰੱਦ ਕਰਾਉਣ ਲਈ ਅਸੀਂ ਬਾਜਿਦ ਹਾਂ। ਕਿਸਾਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਕੀਮਤ ‘ਤੇ ਪੰਜਾਬ ‘ਚ ਨਾ ਰੇਲ ਆਉਣ ਦੇਵਾਂਗੇ ਅਤੇ ਨਾ ਹੀ ਪੰਜਾਬ ਤੋਂ ਕੋਈ ਟ੍ਰੇਨ ਵਾਪਸ ਜਾਣ ਦਿੱਤੀ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਭਾਵੇਂ ਬੀਜੇਪੀ ਦੇ ਲੀਡਰ ਖੇਤੀ ਕਾਨੂੰਨ ਨੂੰ ਕਿਸਾਨ ਪੱਖੀ ਦੱਸ ਰਹੇ ਹਨ ਪਰ ਸਾਨੂੰ ਬੀਜੇਪੀ ਸਰਕਾਰ ‘ਤੇ ਕੋਈ ਭਰੋਸਾ ਨਹੀਂ ਹੈ। ਇਸ ਲਈ ਅਸੀਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲਵਾਂਗੇ।