Home / ਓਪੀਨੀਅਨ / ਸ਼ਮ੍ਹਾ ਦੇ ਪਰਵਾਨੇ ਸ਼ਹੀਦ ਊਧਮ ਸਿੰਘ

ਸ਼ਮ੍ਹਾ ਦੇ ਪਰਵਾਨੇ ਸ਼ਹੀਦ ਊਧਮ ਸਿੰਘ

26 ਦਸੰਬਰ ਇਨਕਲਾਬ ਤੋਂ ਭਾਵ ਹੈ ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ, ਲੁੱਟ-ਖਸੁੱਟ ਅਤੇ ਉਸ ਨਿਜ਼ਾਮ ਦਾ ਅੰਤ, ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਅਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ਵਿਚ ਪੀਸੇ ਜਾਣ ਲਈ ਮਜਬੂਰ ਕਰਦਾ ਹੈ। ਅੱਜ ਦੇ ਦਿਨ 26 ਦਸੰਬਰ,1530 ਮੁਗਲ ਸਾਮਰਾਜ ਦੀ ਨੀਂਹ ਰੱਖਣ ਵਾਲੇ ਮੁਗਲ ਬਾਦਸ਼ਾਹ ਬਾਬਰ ਦੀ ਆਗਰੇ ਵਿੱਚ ਮੌਤ ਹੋਈ। 1893 ਜਨਮ ਦਿਨ ਕਾਮਰੇਡ ਮਾਉ-ਜੇ-ਤੁੰਗ।

26 ਦਸੰਬਰ,1899 ਨੂੰ ਸ਼ਹੀਦ ਊਧਮ ਸਿੰਘ ਦਾ ਜਨਮ ਹੋਇਆ। ਸ਼ਮ੍ਹਾ ਦਾ ਪਰਵਾਨਾ ਸ਼ਹੀਦ ਸ਼ੇਰ ਸਿੰਘ, ਊਧਮ ਸਿੰਘ, ਇੰਜਨੀਅਰ ਰਾਮ ਮੁਹੰਮਦ ਸਿੰਘ ਆਜ਼ਾਦ, ਫਰੈਂਕ ਡਿਸੂਜਾ ਤੇ ਉਦੈ ਸਿੰਘ ਦੇ ਨਾਵਾਂ ਅਤੇ ਅਨੇਕਾਂ ਭੇਸ ਬਦਲਣ ਵਾਲੇ ਯੋਧੇ ਨੇ 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ ਵਿੱਚ ਵਾਪਰੇ ਕਤਲੋਗਰਤ ਨੂੰ ਆਪਣੀ ਅੱਖੀਂ ਵੇਖਿਆ ਸੀ। ਇਸ ਦੁਖਾਂਤ ਦਾ ਬਦਲਾ ਲੈਣ ਲਈ ਕਸਮ ਖਾਧੀ ਤੇ ਡਾਇਰੀ ਵਿੱਚ ਨੋਟ ਕਰ ਲਿਆ। ਇਸ ਮੌਕੇ ਇਕ ਔਰਤ ਰਤਨਾ ਦੇਵੀ ਦੇ ਪਤੀ ਦੀ ਲਾਸ਼ ਲੱਭਣ ਵਿੱਚ ਮੱਦਦ ਕੀਤੀ। ਇਸ ਘਟਨਾ ਤੋਂ ਬਾਅਦ ਦੋਵੇਂ ਭੈਣ ਭਰਾ ਦੇ ਰਿਸ਼ਤੇ ਵਿੱਚ ਬੱਝ ਗਏ ਜੋ ਆਖਰੀ ਸਮੇਂ ਤੱਕ ਨਿਭਾਇਆ। ਰੇਜੀਨਾਲਡ ਐਡਵਰਡ ਹੈਰੀ ਡਾਇਰ ਇੱਕ ਬ੍ਰਿਟਿਸ਼ ਇੰਡੀਅਨ ਆਰਮੀ ਅਫ਼ਸਰ ਸੀ ਜੋ, ਇੱਕ ਅੰਗਰੇਜ ਬ੍ਰਿਗੇਡੀਅਰ ਜਨਰਲ, ਬ੍ਰਿਟਿਸ਼ ਭਾਰਤ ਦੇ (ਪੰਜਾਬ ਸੂਬੇ ਦੇ) ਸ਼ਹਿਰ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਹੱਤਿਆ ਕਾਂਡ ਲਈ ਜ਼ਿੰਮੇਵਾਰ ਸੀ। ਡਾਇਰ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ। ਪਰ ਉਹ ਬਰਤਾਨੀਆ ਵਿੱਚ,ਖਾਸ ਤੌਰ ‘ਤੇ ਬ੍ਰਿਟਿਸ਼ ਰਾਜ ਦੇ ਨਾਲ ਜੁੜੇ ਲੋਕਾਂ ਲਈ ਨਾਇਕ ਬਣ ਗਿਆ ਸੀ।

ਕੁਝ ਇਤਿਹਾਸਕਾਰ ਇਸ ਘਟਨਾ ਨੂੰ ਭਾਰਤ ਵਿੱਚ ਬਰਤਾਨਵੀ ਹਕੂਮਤ ਦੇ ਅੰਤ ਵੱਲ ਇੱਕ ਨਿਰਣਾਇਕ ਕਦਮ ਕਹਿੰਦੇ ਹਨ ਪਰ ਇਸਦੀ ਮੌਤ 24 ਜੁਲਾਈ 1927 ਨੂੰ ਬਿਮਾਰ ਹੋਣ ਕਾਰਨ ਹੋ ਗਈ ਸੀ। 1916 ਵਿਚ ਅੰਮ੍ਰਿਤਸਰ ਦੇ ਸਕੂਲ ਵਿਚੋਂ ਦਸਵੀਂ ਤੋਂ ਬਾਅਦ ਫਰਨੀਚਰ, ਕਾਰ ਡਰਾਈਵਿੰਗ, ਮਕੈਨਿਕੀ ਤੇ ਬੈਂਡ ਵਾਜਾ ਵਜਾਉਣਾ ਸਿੱਖਿਆ। ਇਥੇ ਹੀ ਇਕ ਦੁਕਾਨ ‘ਤੇ ਸ਼ਹੀਦ ਭਗਤ ਸਿੰਘ,ਸੁਖਦੇਵ ਤੇ ਰਾਜਗੁਰੂ ਨਾਲ ਮੁਲਾਕਾਤ ਹੋਈ। ਬਦਲਾ ਲੈਣ ਲਈ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਅਫਰੀਕਾ, ਅਮਰੀਕਾ, ਜਰਮਨ ਤੇ ਕਈ ਵਾਰ ਇੰਗਲੈਂਡ ਵੀ ਜਾਣਾ ਪਿਆ।ਸ਼ਹੀਦ ਭਗਤ ਸਿੰਘ ਦੇ ਸੱਦਣ ‘ਤੇ ਵਾਪਸ 27-7-1927 ਨੂੰ 25 ਇਨਕਲਾਬੀਆਂ ਦੇ ਜੱਥੇ ਨਾਲ ਪੁਜੇ। ਆਜ਼ਾਦੀ ਦੀ ਜੰਗ ਨੂੰ ਤੇਜ ਕਰਨ ਲਈ ਪਿਸਤੌਲਾਂ ਤੇ ਕਾਰਤੂਸਾਂ ਦੀ ਪੇਟੀ ਅਤੇ ਪੈਸੇ ਵੀ ਲੈ ਕੇ ਆਏ, ਦੇਸ਼ ਭਗਤੀ ਦੀਆਂ ਗਤੀਵਿਧੀਆਂ ਕਾਰਨ ਉਹ 1927 ਵਿੱਚ ਹਿਰਾਸਤ ਵਿੱਚ ਵੀ ਲਏ ਗਏ।

ਅਸਲੇ ਦੇ ਦੋਸ਼ ਵਿੱਚ ਪੰਜ ਸਾਲ ਕੈਦ ਕੱਟ ਕੇ 1933 ਵਿੱਚ ਰਿਹਾਅ ਹੋਏ, ਜੇਲ੍ਹ ਵਿੱਚ ਹੀ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਲੱਗਣ ਦੀ ਖਬਰ ਮਿਲੀ ਤਾਂ ਉਹਨਾਂ ਨੂੰ ਬਹੁਤ ਦੁਖ ਹੋਇਆ। ਉਹ ਰਿਹਾਈ ਤੋਂ ਬਾਅਦ ਨੇਤਾ ਜੀ ਸ਼ੁਭਾਸ ਚੰਦਰ ਬੋਸ ਨੂੰ ਮਿਲੇ। ਪਹਿਲਾਂ ਇੰਗਲੈਂਡ ਤੇ ਫਿਰ ਰੂਸ ਗਏ। ਉਥੇ ਜਾ ਕੇ ਸਮਾਜਵਾਦੀ ਸਰਕਾਰ ਦੀਆਂ ਨੀਤੀਆਂ ਦਾ ਅਧਿਐਨ ਕੀਤਾ। ਫਿਰ ਉਥੋਂ 1939 ਵਿੱਚ ਅਫਗਾਨਿਸਤਾਨ ਤੇ ਇਟਲੀ ਤੋਂ ਹੁੰਦੇ ਇੰਗਲੈਂਡ ਚਲੇ ਗਏ।ਇੰਗਲੈਂਡ ਵਿੱਚ ਉਸਦੀ ਇਮਾਨਦਾਰੀ, ਸਖਤ ਮਿਹਨਤ ਤੇ ਚੰਗੇ ਆਚਰਣ ਕਰਕੇ ਉਸਨੂੰ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਕੋਲ ਨੌਕਰੀ ਮਿਲ ਗਈ। ਪਰਿਵਾਰ ਨਾਲ ਉਸਦਾ ਸਾਂਝ ਦੀ ਸ਼ਕਲ ਵਿੱਚ ਪ੍ਰੇਮ ਮੁਹੱਬਤ ਵਧ ਗਿਆ। ਇਕ ਮੋੜ ‘ਤੇ ਆ ਕੇ ਡਰ ਗਏ ਕਿ ਇਹ ਮੁਹੱਬਤ ਮੇਰੇ ਨਿਸ਼ਾਨੇ ਵਿੱਚ ਰੁਕਾਵਟ ਨਾ ਬਣ ਜਾਵੇ। ਨੌਕਰੀ ਛੱਡ ਕੇ ਹੋਰ ਥਾਂ ਕਰ ਲਈ।

ਪੰਜਾਬੀ ਲੋਕਾਂ ਦੀਆਂ ਬਹਾਦਰਨਾ ਜਜ਼ਬੇ, ਉਨ੍ਹਾਂ ਦੀ ਬਰਤਾਨਵੀ ਫ਼ੌਜਾਂ ਪ੍ਰਤੀ ਅਹਿਮੀਅਤ ਅਤੇ ਉਨ੍ਹਾਂ ਅੰਦਰ ਉਭਰ ਰਹੀਆਂ ਇਨਕਲਾਬੀ ਭਾਵਨਾਵਾਂ ਨੂੰ ਵੇਖਦੇ ਹੋਏ ਵਾਇਸਰਾਇ ਨੇ ਸਰ ਮਾਈਕਲ ਉਡਵਾਇਰ ਨੂੰ ਬੜੀ ਸੋਚ ਵਿਚਾਰ ਤੋਂ ਬਾਅਦ 1913 ਵਿੱਚ ਪੰਜਾਬ ਦਾ ਮੁਖੀ ਲਾਇਆ ਸੀ। ਇਸ ਤੋਂ ਪਹਿਲਾਂ ਉਹ ਬਾਰਾਂ ਸਾਲ ਪੰਜਾਬ ਦੇ ਜ਼ਿਲ੍ਹਾ ਸ਼ਾਹਪੁਰ ਵਿੱਚ ਸੈਟਲਮੈਂਟ ਅਫਸਰ ਰਹਿ ਚੁੱਕਾ ਸੀ। ਉਹ ਉਨ੍ਹਾਂ ਅੰਗਰੇਜ਼ੀ ਸਿਵਲੀਅਨ ਅਫਸਰਾਂ ਦੇ ਤਬਕੇ ਨਾਲ ਸਬੰਧ ਰੱਖਦਾ ਸੀ, ਜੋ ਵਿਸ਼ਵਾਸ਼ ਕਰਦੇ ਸਨ ਕਿ ਗੋਰੇ ਲੋਕਾਂ ਦਾ ਹਿੰਦੁਸਤਾਨ ਦੇ ਅਸੀਮਤ ਵਸੀਲਿਆਂ ਦੀ ਲੁੱਟ ਕਰਨਾ ਤੇ ਆਪਣੀ ਰਾਜਸੀ ਤੇ ਆਰਥਿਕ ਸਰਦਾਰੀ ਨੂੰ ਮਜ਼ਬੂਤ ਕਰਨਾ ਉਨ੍ਹਾਂ ਦਾ ਮਿਸ਼ਨ ਹੈ ਭਾਵੇਂ ਉਨ੍ਹਾਂ ਨੂੰ ਤਾਕਤ ਦੀ ਵਰਤੋਂ ਕਿਉਂ ਨਾ ਕਰਨੀ ਪਵੇ। ਉਹ 1913 ਤੋਂ 1919 ਤੀਕ ਛੇ ਸਾਲ ਇਸ ਨੀਤੀ ‘ਤੇ ਚਲਦਾ ਰਿਹਾ। ਇਹ ਮਾਈਕਲ ਓਡਵਾਇਰ ਹੀ ਸੀ ਕਿ ਜਿਸਨੇ ਵਿਸ਼ੇਸ਼ ਅਦਾਲਤਾਂ ਸਥਾਪਤ ਕਰਕੇ ਗ਼ਦਰੀ ਸੂਰਬੀਰਾਂ ਨੂੰ ਸਖ਼ਤ ਸਜ਼ਾਵਾਂ ਦੁਆਈਆਂ। ਸ਼ਹੀਦ ਕਰਤਾਰ ਸਿੰਘ ਸਰਾਭਾ, ਡਾ.ਮਥਰਾ ਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ ਸਮੇਤ 48 ਗ਼ਦਰ ਪਾਰਟੀ ਨਾਲ ਸਬੰਧਤ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਫਾਂਸੀ ਦੀ ਸਜ਼ਾ ਹੋਈ। 133 ਨੂੰ ਉਮਰ ਕੈਦ ਅਤੇ ਹੋਰ ਸਜ਼ਾਵਾਂ ਹੋਈਆਂ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਖੂਬਸੂਰਤ ਹਿੱਸੇ ਜ਼ੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਕੱਟਣੇ ਪਏ।

1919 ਵਿੱਚ 10 ਹਜ਼ਾਰ ਗ਼ਦਰੀ ਪਾਰਟੀ ਦੇ ਸਮਰਥਕ ਜੇਲਾਂ ਵਿੱਚ ਸਨ। 1914 ਤੋਂ 1918 ਦੇ ਵਿਚਕਾਰ 8 ਅਖ਼ਬਾਰਾਂ ਜ਼ਬਤ ਕੀਤੀਆਂ ਗਈਆਂ। ਜਾ ਜਲ੍ਹਿਆਂਵਾਲਾ ਕਾਂਡ ਦੇ ਤਿੰਨ ਦਿਨ ਪਹਿਲਾਂ 10 ਅਪ੍ਰੈਲ 1919 ਨੂੰ ਅੰਗਰੇਜ਼ੀ ਅਖ਼ਬਾਰ ਦਾ ਟ੍ਰਿਬਿਊਨ ਅਤੇ ਬੰਬਈ ਕਰੌਨੀਕਲ ਨੇ ਓਡਵਾਇਰ ਨੂੰ ਦੂਜਾ ਨਾਦਰਸ਼ਾਹ ਗਰਦਾਨਿਆ ਸੀ। ਅੰਤ ਵਿਚ ਮੌਕਾ ਮਿਲਣ ਉੱਤੇ ਸ਼ਹੀਦ ਊਧਮ ਸਿੰਘ ਨੇ 13-3-1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਇਕਲ ਓਡਵਾਇਰ ਨੂੰ ਭਾਸ਼ਣ ਕਰਦੇ ਸਮੇਂ ਗੋਲੀਆਂ ਨਾਲ ਉਡਾ ਕੇ ਆਪਣੀ ਕਸਮ ਪੂਰੀ ਕੀਤੀ। ਬ੍ਰਿਟਿਸ਼ ਸਰਕਾਰ ਨੇ 31-7-1940 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ।

-ਅਵਤਾਰ ਸਿੰਘ

Check Also

ਜਥੇਦਾਰ ਟੌਹੜਾ ਦੀ ਬਰਸੀ! ਮਿੱਟੀ ਨਾ ਫਰੋਲ ਜੋਗੀਆ…

-ਜਗਤਾਰ ਸਿੰਘ ਸਿੱਧੂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਲਾਹ ਜੇਕਰ ਦਹਾਕਿਆਂ ਪਹਿਲਾਂ ਸਾਬਕਾ …

Leave a Reply

Your email address will not be published. Required fields are marked *