Home / ਓਪੀਨੀਅਨ / ਸ਼ਹੀਦ ਕਰਤਾਰ ਸਿੰਘ ਸਰਾਭਾ – ਆਜ਼ਾਦੀ ਦਾ ਕ੍ਰਾਂਤੀਕਾਰੀ ਯੋਧਾ

ਸ਼ਹੀਦ ਕਰਤਾਰ ਸਿੰਘ ਸਰਾਭਾ – ਆਜ਼ਾਦੀ ਦਾ ਕ੍ਰਾਂਤੀਕਾਰੀ ਯੋਧਾ

-ਅਵਤਾਰ ਸਿੰਘ 

ਦੇਸ ਵਾਸੀਆਂ ਦੇ ਨਾਂ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਕਵਿਤਾ ਵਿੱਚੋਂ ਦੋ ਲਾਈਨਾਂ :-

“ਕੁਝ ਮਰ ਗਏ ਹਾਂ ਕੁਝ ਜੇਲ੍ਹ ਚਲੇ, ਪਿਛੋਂ ਤੁਸਾਂ ਨਾ ਮੁਖ ਪਰਤਾ ਜਾਣਾ। ਕਦੇ ਦੇਖ ਸ਼ਹੀਦਾਂ ਦੀ ਕਬਰ ਵਲ, ਦੋ ਦੋ ਫੁਲ ਪਰੇਮ ਦੇ ਪਾ ਜਾਣਾ।”

ਗਦਰ ਅਖਬਾਰ ਵਿੱਚ ਛਪੀ ਕਵਿਤਾ : “ਮੁਸਲਮਾਨ, ਹਿੰਦੂ ਅਤੇ ਖਾਲਸਾ ਜੀ, ਇਕ ਦੂਜੇ ਦੇ ਯਾਰ ਹੋ ਜੇ। ਮੰਨ ਲਓ ਤੁਸੀਂ ਗਦਰ ਦੀ ਬੇਨਤੀ ਨੂੰ, ਗਦਰ ਕਰਨ ਨੂੰ ਝਟ ਤਿਆਰ ਹੋ ਜੇ। ਸਾਡੇ ਵੀਰਨੋ, ਤੁਸੀਂ ਬੇਖਬਰ ਰਹਿਣਾ, ਅਸੀਂ ਆਪਣੇ ਹੱਥ ਵਿਖਾ ਦਿਆਂਗੇ।

ਚੁੱਪ ਚਾਪ ਨਹੀ ਬੈਠ ਕੇ ਵੇਖ ਲੈਣਾ, ਆਫਤ ਕੋਈ ਨਾ ਕੋਈ ਲਿਆ ਦਿਆਂਗੇ। ਜਿਉਂਦੀ ਜਾਨ ਨਹੀਂ ਕਦੇ ਵੀ ਪਿਛਾਂਹ ਹਟਦੇ, ਜਿੰਨਾ ਜੋਰ ਲਗੂ ਵਾਹ ਲਾ ਦਿਆਂਗੇ। ਅਸੀਂ ਤਲੀ ਪਰ ਰੱਖਿਆ ਸੀਸ ਆਪਣਾ, ਕੇਰਾਂ ਹਿੰਦ ਵਿੱਚ ਗਦਰ ਮਚਾ ਦਿਆਂਗੇ। ਕਦੇ ਮੰਗਿਆ ਮਿਲਣ ਆਜ਼ਾਦੀਆਂ ਨਾ, ਹੁੰਦੇ ਤਰਲਿਆਂ ਨਾਲ ਨਾ ਰਾਜ ਲੋਕੋ। ਗੱਲਾਂ ਨਾਲ ਨਾ ਗੁਲਾਮੀ ਦੂਰ ਹੋਵੇ, ਸ਼ਾਂਤਮਈ ਨਾ ਕੋਈ ਇਲਾਜ ਲੋਕੋ। ਤਰਲੇ ਕਰਦਿਆਂ ਨਹੀਂ ਇਨਸਾਫ ਮਿਲਦਾ, ਜਾਲਮ ਬਾਦਸ਼ਾਹ ਨੀਚ ਬਦਕਾਰ ਕੋਲੋਂ।

ਵੈਰੀ ਮਿੰਨਤਾਂ ਨਾਲ ਨਾ ਸੂਤ ਆਉਂਦਾ, ਠੀਕ ਹੋਵੇਗਾ ਖੰਡੇ ਦੀ ਧਾਰ ਕੋਲੋਂ। ਕਰੋ ਨਾ ਮਿੰਨਤ ਐਵੇਂ ਬਣੋ ਕਾਇਰ ਨਾ, ਫੜੋ ਤਲਵਾਰ ਇਹਨਾਂ ਨਹੀਂ ਠਹਿਰ ਨਾ। ਅਗੇ ਵੀਰੋ ਅਰਜੀਆਂ ਨੇ ਕੀ ਬਣਾ ਲਿਆ, ਜਾਲਮ ਫਰੰਗੀਆਂ ਨੇ ਦੇਸ਼ ਖਾ ਲਿਆ।

ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਜਨਮ 24-5-1896 ਨੂੰ ਲੁਧਿਆਣੇ ਤੋਂ 15 ਕਿਲੋਮੀਟਰ ਦੂਰ ਪਿੰਡ ਸਰਾਭਾ ਵਿਖੇ ਹੋਇਆ, ਬਚਪਨ ਵਿੱਚ ਮਾਪਿਆਂ ਦਾ ਸਾਇਆ ਸਿਰ ਤੋਂ ਉਠਣ ਤੇ ਦਾਦਾ ਬਦਨ ਸਿੰਘ ਨੇ ਪਾਲਣ ਪੋਸ਼ਣ ਕੀਤਾ। ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਦਸਵੀਂ, ਕਟਕ ਉੜੀਸਾ ਤੋਂ ਗਿਆਰਵੀਂ ਕਰਨ ਤੇ ਉਚੇਰੀ ਪੜਾਈ ਲਈ 1908 ਵਿੱਚ ਅਮਰੀਕਾ ਪਿੰਡ ਦੇ ਰੁਲੀਆ ਸਿੰਘ ਕੋਲ ਪਹੁੰਚ ਗਿਆ। ਉਥੇ ਪਹਿਲਾਂ ਬਾਬਾ ਜਵਾਲਾ ਸਿੰਘ ਠੱਠੀਆਂ ਤੋਂ ਦੇਸ਼ ਆਜ਼ਾਦੀ ਦੀ ਚਿਣਗ ਲੱਗੀ, ਨਸਲੀ ਵਿਤਕਰੇ, ਪ੍ਰਵਾਸ ਦੇ ਸਖਤ ਨਿਯਮਾਂ ਤੇ ਸਰਕਾਰੀ ਧੱਕੇਸ਼ਾਹੀਆਂ ਨੇ ਇਕੱਠੇ ਹੋ ਕੇ ਅਜ਼ਾਦੀ ਲਈ ਸੋਚਣ ਤੇ ਮਜਬੂਰ ਕਰ ਦਿੱਤਾ।

ਕੁਝ ਦੇਸ਼ ਭਗਤਾਂ ਵੱਲੋਂ ਕਈ ਸੰਸਥਾਵਾ ਬਣਾਈਆਂ ਤੇ ਕਈ ਅਖਬਾਰ ਰਸਾਲੇ ਕਢੇ ਜਾਂਦੇ ਸਨ। 1911 ਵਿੱਚ ਲਾਲਾ ਹਰਦਿਆਲ, ਬਾਬਾ ਜਵਾਲਾ ਸਿੰਘ ਤੇ ਭਾਈ ਪਰਮਾਨੰਦ ਸਿੰਘ ਨੇ ‘ਇੰਡੀਅਨ ਸਟੂਡੈਂਟਸ ਕਲੱਬ’ ਬਣਾਇਆ ਜਿਸਦਾ ਮਕਸਦ ਵਿਦਿਆਰਥੀਆਂ ਨੂੰ ਚੇਤੰਨ ਕਰਨਾ ਸੀ। 21-4-1913 ਨੂੰ ‘ਹਿੰਦੀ ਐਸੋਸ਼ੀਏਸਨ ਆਫ ਪੈਸੇਫਿਕ ਕੋਸਟ’ ਸੰਸਥਾ ਬਣਾਈ ਜਿਸ ਦੇ ਸੰਸਥਾਪਕ ਮੈਂਬਰਾਂ ਵਿੱਚ ਕਰਤਾਰ ਸਿੰਘ ਸਰਾਭਾ ਵੀ ਸੀ।

‘ਗਦਰ’ ਅਖਬਾਰ ਦਾ ਪਹਿਲਾ ਅੰਕ ਨਿਕਲਣ ਤੋਂ ਬਾਅਦ ਇਸ ਸੰਸਥਾ ਦਾ ਨਾਂ ਗਦਰ ਪਾਰਟੀ ਪੈ ਗਿਆ। 4-8-1914 ਨੂੰ ਵਿਸ਼ਵ ਯੁੱਧ ਲਗਣ ‘ਤੇ ਗਦਰ ਪਾਰਟੀ ਨੇ ਭਾਰਤ ਦੀ ਆਜ਼ਾਦੀ ਲਈ ਹਥਿਆਰਬੰਦ ਗਦਰ ਮਚਾਉਣ ਹਿਤ ਮੈਂਬਰਾਂ ਨੂੰ ‘ਹਿੰਦ ਨੂੰ ਚਲੋ’ ਦਾ ਨਾਹਰਾ ਦਿੱਤਾ। 29 ਅਗਸਤ ਨੂੰ ਗਦਰੀਆਂ ਦਾ ਵੱਡਾ ਜਥਾ ਤੇ 15-16 ਸਤੰਬਰ ਨੂੰ ਸਰਾਭਾ ਵੀ ਕਾਬਲ ਦੇ ਰਸਤੇ ਹਿੰਦ ਪਹੁੰਚ ਗਏ। ਗਦਰ ਕਰਨ ਲਈ ਗਦਰੀ ਸਾਹਿਤ ਛਾਪਣ ਤੇ ਵੰਡਣ, ਪ੍ਰਚਾਰ ਕਰਨ, ਫੰਡ ਤੇ ਹਥਿਆਰ ਇਕੱਠਾ ਕਰਨ ਲਈ ਫੌਜੀ ਛਾਉਣੀਆਂ ਵਿੱਚ ਆਪਣੇ ਸਾਥੀਆਂ ਨਾਲ ਘੁੰਮਦੇ ਰਹੇ। ਹਰ ਰੋਜ 40-50 ਮੀਲ ਸਾਈਕਲ ਚਲਾ ਕੇ ਦੂਰ ਦੂਰ ਪ੍ਰਚਾਰ ਕੀਤਾ। ਕਿਰਪਾਲ ਸਿੰਘ ਦੀ ਗਦਾਰੀ ਕਾਰਨ 18 ਫਰਵਰੀ ਨੂੰ ਗ੍ਰਿਫਤਾਰੀਆ ਸ਼ੁਰੂ ਹੋਈਆਂ ਤਾਂ ਸਰਾਭਾ ਰਾਸ ਬਿਹਾਰੀ ਬੋਸ ਨੂੰ ਬਨਾਰਸ ਦੀ ਰੇਲ ਚੜਾ ਕੇ ਆਪ ਕਾਬਲ ਵੱਲ ਚੱਲ ਪਿਆ। ਗੰਢਾ ਸਿੰਘ ਰਸਾਲਦਾਰ ਨੇ ਗਦਾਰੀ ਕਰਕੇ ਸਰਾਭਾ, ਜਗਤ ਸਿੰਘ ਸੁਰ ਸਿੰਘ ਤੇ ਹਰਨਾਮ ਸਿੰਘ ਟੁੰਡੀ ਲਾਟ ਨੂੰ ਫੜਾ ਦਿੱਤਾ।

26-4-1915 ਨੂੰ ਪਹਿਲਾ ਲਾਹੌਰ ਸ਼ਾਜਿਸ ਮੁਕੱਦਮਾ ਸ਼ੁਰੂ ਹੋਇਆ। ਜਿਸ ਵਿੱਚ 63 ਗਦਰੀ ਹਾਜ਼ਰ ਤੇ 18 ਭਗੌੜੇ ਸਨ। ਸਰਾਭਾ ਨੇ ਅਦਾਲਤ ਵਿਚ ਜੁੰਮੇਵਾਰੀ ਲੈਂਦੇ ਕਿਹਾ, “ਹਾਂ ਅਸੀਂ ਕੋਈ ਸ਼ਾਜਿਸ ਨਹੀਂ ਰਚੀ, ਅਸੀਂ ਡੰਕੇ ਦੀ ਚੋਟ ‘ਤੇ ਦੇਸ਼ ਵਿਚੋਂ ਸਾਮਰਾਜੀ ਹੁਕਮਰਾਨਾਂ ਦੀ ਤਾਕਤ ਨੂੰ ਬਗਾਵਤ ਦਾ ਚੈਲਿੰਜ ਦਿੱਤਾ ਸੀ ਤੇ ਸਾਨੂੰ ਆਪਣੀ ਕੋਸ਼ਿਸ ‘ਤੇ ਮਾਣ ਹੈ – ਅਸੀਂ ਅਜਿਹੀ ਲੋਅ ਜਗਾ ਚਲੇ ਹਾਂ ਕਦੇ ਨਹੀਂ,ਕਦੇ ਨਹੀਂ ਬੁਝੇਗੀ। “ਜੱਜ ਨੇ ਕਿਹਾ ਤੈਨੂੰ ਪਤਾ ਹੈ ਇਸਦਾ ਕੀ ਨਤੀਜਾ ਹੈ? “ਹਾਂ, ਮੌਤ”। ਅਗਲੇ ਦਿਨ ਦੁਬਾਰਾ ਸਰਾਭੇ ਨੇ ਕਿਹਾ, “ਮੈਂ ਕੋਈ ਜੁਰਮ ਨਹੀਂ ਕੀਤਾ, ਗੁਲਾਮ ਦਾ ਹੱਕ ਹੈ ਕਿ ਉਹ ਬਗਾਵਤ ਕਰੇ।” 16-11-1915 ਨੂੰ ਛੇ (ਕੁਲ 7) ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ ਪੂਨਾ, ਸੁਰੈਣ ਸਿੰਘ ਵੱਡਾ ਤੇ ਛੋਟਾ ਗਿਲਵਾਲੀ, ਹਰਨਾਮ ਸਿੰਘ ਸਿਆਲਕੋਟ, ਬਖਸ਼ੀਸ਼ ਸਿੰਘ ਗਿਲਵਾਲੀ, ਜਗਤ ਸਿੰਘ ਸੁਰ ਸਿੰਘ ਸਮੇਤ ਸਰਾਭੇ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ।

ਸੰਪਰਕ : 78889-73676

Check Also

ਕੀ ਕਹਿੰਦਾ ਹੈ ਮੱਤੇਵਾੜਾ ਦੇ ਜੰਗਲ ਦਾ ਇਹ ਮੋਰ – ਸਰਕਾਰ ਦੀ ਧੱਕੇਸ਼ਾਹੀ

-ਅਵਤਾਰ ਸਿੰਘ ਲੁਧਿਆਣਾ ਨੇੜਲੇ ਪਿੰਡ ਮੱਤੇਵਾੜਾ ਕੋਲ ਤਜ਼ਵੀਜ਼ਤ ਸਨਅਤੀ ਪਾਰਕ ਦਾ ਮਾਮਲਾ ਭਖਦਾ ਜਾ ਰਿਹਾ …

Leave a Reply

Your email address will not be published. Required fields are marked *