ਸ਼ਾਹਰੁਖ ਖਾਨ, ਅਜੇ ਦੇਵਗਨ ਤੇ ਟਾਈਗਰ ਸ਼੍ਰੌਫ ਨੂੰ FDA ਦਾ ਨੋਟਿਸ, 15 ਦਿਨਾਂ ’ਚ ਦੇਣਾ ਪਵੇਗਾ ਜਵਾਬ

Global Team
3 Min Read

ਮੁੰਬਈ: ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼੍ਰੌਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਤਿੰਨਾਂ ’ਤੇ ਇਲਜ਼ਾਮ ਹੈ ਕਿ ਉਹ ਜਿਸ ‘ਵਿਮਲ ਇਲਾਇਚੀ’ ਦਾ ਵਿਗਿਆਪਨ ਕਰ ਰਹੇ ਹਨ, ਉਹ ਅਸਲ ਵਿੱਚ ਪਾਬੰਦੀਸ਼ੁਦਾ ਪਾਨ ਮਸਾਲੇ ਦਾ ਅਸਿੱਧਾ ਪ੍ਰਚਾਰ ਹੋ ਸਕਦਾ ਹੈ।

14 ਅਗਸਤ ਨੂੰ ਜਾਰੀ ਹੋਏ ਨੋਟਿਸ

FDA ਵੱਲੋਂ ਤਿੰਨਾਂ ਅਦਾਕਾਰਾਂ ਨੂੰ 14 ਅਗਸਤ ਨੂੰ ਨੋਟਿਸ ਭੇਜੇ ਗਏ। ਸ਼ਾਹਰੁਖ ਖਾਨ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਘਰ ‘ਮੰਨਤ’, ਅਜੇ ਦੇਵਗਨ ਨੂੰ ਜੂਹੂ ਸਥਿਤ ਨਿਵਾਸ ਅਤੇ ਟਾਈਗਰ ਸ਼੍ਰੌਫ ਨੂੰ ਉਨ੍ਹਾਂ ਦੀ ਕੰਪਨੀ ਟਾਈਗਰ ਸ਼੍ਰੌਫ ਪ੍ਰੋਡਕਸ਼ਨਜ਼ LLP ਰਾਹੀਂ ਨੋਟਿਸ ਪਹੁੰਚਾਇਆ ਗਿਆ।

FDA ਮੁਤਾਬਕ ਵਿਗਿਆਪਨ ਦੀ ਪੇਸ਼ਕਾਰੀ, ਡਾਇਲਾਗ, ਬ੍ਰਾਂਡ ਨਾਮ ਅਤੇ ਮਾਰਕੀਟ ਸੰਦਰਭ ਇਸ ਗੱਲ ਨੂੰ ਲੈ ਕੇ ਸਵਾਲ ਖੜ੍ਹੇ ਕਰਦੇ ਹਨ ਕਿ ਕੀ ਇਹ ਕਿਸੇ ਪਾਬੰਦੀਸ਼ੁਦਾ ਤੰਬਾਕੂ ਉਤਪਾਦ ਦਾ ਸਰੋਗੇਟ ਪ੍ਰਚਾਰ ਹੈ।

ਵਿਗਿਆਪਨ ਨਾਲ ਜੁੜੇ ਦਸਤਾਵੇਜ਼ ਮੰਗੇ

ਨੋਟਿਸ ਵਿੱਚ ਅਦਾਕਾਰਾਂ ਤੋਂ ਦਸਤਾਵੇਜ਼ੀ ਸਬੂਤ ਮੰਗੇ ਗਏ ਹਨ, ਤਾਂ ਜੋ ਇਹ ਪਤਾ ਲੱਗ ਸਕੇ ਕਿ ‘ਵਿਮਲ ਇਲਾਇਚੀ’ ਬਾਜ਼ਾਰ ਵਿੱਚ ਵੱਖਰੇ ਤੌਰ ’ਤੇ ਵਿਕਣ ਵਾਲਾ ਉਤਪਾਦ ਹੈ ਜਾਂ ਫਿਰ ਇਸ ਰਾਹੀਂ ਪਾਨ ਮਸਾਲਾ ਜਾਂ ਤੰਬਾਕੂ ਉਤਪਾਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਤੋਂ ਐਂਡੋਰਸਮੈਂਟ ਐਗਰੀਮੈਂਟ, ਕੈਂਪੇਨ ਬ੍ਰੀਫ, ਉਤਪਾਦ ਨਾਲ ਸਬੰਧਤ ਜਾਣਕਾਰੀ, ਭੁਗਤਾਨ ਅਤੇ ਐਂਡੋਰਸਮੈਂਟ ਨਾਲ ਜੁੜੀਆਂ ਵਿਵਸਥਾਵਾਂ ਦੇ ਦਸਤਾਵੇਜ਼ ਮੰਗੇ ਗਏ ਹਨ। ਇਸ ਤੋਂ ਇਲਾਵਾ ਵਿਗਿਆਪਨ ਏਜੰਸੀ ਅਤੇ ਬ੍ਰਾਂਡ ਦੇ ਮਾਲਕ ਦੀ ਜਾਣਕਾਰੀ ਵੀ ਮੰਗੀ ਗਈ ਹੈ।

ਟੀਵੀ ਤੇ ਸੋਸ਼ਲ ਮੀਡੀਆ ਦੀ ਵੀ ਜਾਣਕਾਰੀ

FDA ਨੇ ਉਨ੍ਹਾਂ ਸਾਰੇ ਟੀਵੀ ਚੈਨਲਾਂ, ਡਿਜੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਹੋਰ ਮੀਡੀਆ ਦੀ ਜਾਣਕਾਰੀ ਵੀ ਮੰਗੀ ਹੈ, ਜਿੱਥੇ ਤਿੰਨਾਂ ਅਦਾਕਾਰਾਂ ਵਾਲਾ ਇਹ ਵਿਗਿਆਪਨ ਦਿਖਾਇਆ ਜਾਂ ਪ੍ਰਕਾਸ਼ਿਤ ਕੀਤਾ ਗਿਆ। ਵਿਗਿਆਪਨ ਕਦੋਂ ਤੋਂ ਕਦੋਂ ਤੱਕ ਚਲਾਇਆ ਗਿਆ, ਇਸ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ।

15 ਦਿਨਾਂ ਵਿੱਚ ਦੇਣਾ ਹੋਵੇਗਾ ਜਵਾਬ

ਤਿੰਨਾਂ ਅਦਾਕਾਰਾਂ ਨੂੰ ਨੋਟਿਸ ਮਿਲਣ ਦੀ ਤਾਰੀਖ ਤੋਂ 15 ਦਿਨਾਂ ਅੰਦਰ ਲਿਖਤੀ ਜਵਾਬ ਅਤੇ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਉਹ ਖੁਦ ਜਾਂ ਆਪਣੇ ਅਧਿਕਾਰਤ ਨੁਮਾਇੰਦੇ ਰਾਹੀਂ ਨਿੱਜੀ ਸੁਣਵਾਈ ਦੀ ਮੰਗ ਵੀ ਕਰ ਸਕਦੇ ਹਨ।

FDA ਨੇ ਕਿਹਾ ਹੈ ਕਿ ਜੇ ਨਿਰਧਾਰਤ ਸਮੇਂ ਅੰਦਰ ਜਵਾਬ ਨਾ ਮਿਲਿਆ ਜਾਂ ਜਵਾਬ ਸੰਤੋਸ਼ਜਨਕ ਨਾ ਹੋਇਆ ਤਾਂ ਬਿਨਾਂ ਹੋਰ ਨੋਟਿਸ ਦੇ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।

FSS Act 2006 ਦੀ ਧਾਰਾ 30(2)(a) ਤਹਿਤ ਮਹਾਰਾਸ਼ਟਰ ਸਰਕਾਰ ਨੇ 13 ਜੁਲਾਈ 2026 ਤੋਂ ਇੱਕ ਸਾਲ ਲਈ ਪਾਨ ਮਸਾਲੇ ਦੇ ਨਿਰਮਾਣ, ਸਟੋਰੇਜ, ਆਵਾਜਾਈ ਅਤੇ ਵਿਕਰੀ ’ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਭ੍ਰਮਕ ਖੁਰਾਕ ਵਿਗਿਆਪਨਾਂ ’ਤੇ FSS Act ਦੀ ਧਾਰਾ 24 ਅਤੇ 53 ਤਹਿਤ ਕਾਰਵਾਈ ਦਾ ਪ੍ਰਬੰਧ ਹੈ, ਜਿਸ ਵਿੱਚ 10 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ।

Share This Article
Leave a Comment