*ਡਾ. ਗੁਰਦੇਵ ਸਿੰਘ
ਮਨੁੱਖਾ ਜਨਮ ਕਿਵੇਂ ਹੋਂਦ ਵਿੱਚ ਆਇਆ ਇਹ ਸਵਾਲ ਸਾਡੇ ਸਾਰਿਆਂ ਦੇ ਮਨ ਵਿੱਚ ਕਦੇ ਨਾ ਕਦੇ ਜ਼ਰੂਰ ਆਉਂਦਾ ਹੈ। ਕਿਸ ਨੇ ਇਸ ਨੂੰ ਬਣਾਇਆ ਤੇ ਕਿਉਂ? ਇਸ ਜਨਮ ਦਾ ਅਸਲ ਮਕਸਦ ਕੀ ਹੈ ਇਹ ਜਦੋਂ ਸਾਨੂੰ ਪਤਾ ਲੱਗ ਜਾਵੇਗਾ ਤਾਂ ਉਦੋਂ ਸਾਡਾ ਜਨਮ ਵੀ ਸਫ਼ਲ ਹੋ ਜਾਵੇਗਾ। ਇਸ ਸਭ ਦਾ ਪਤਾ ਗੁਰਬਾਣੀ ਦੇ ਅਧਿਐਨ ਤੋਂ ਸਹਿਜੇ ਹੀ ਲੱਗ ਜਾਂਦਾ ਹੈ। ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਚਉਥੀ ਪਉੜੀ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 139’ਤੇ ਅੰਕਿਤ ਹਨ। ਇਸ ਪਉੜੀ ਵਿੱਚ ਗੁਰੂ ਸਾਹਿਬ ਹਊਮੈ ਕਾਰਨ ਮਨੂੱਖ ਦੀ ਪ੍ਰਭੂ ਨਾਲ ਪਈ ਦੂਰੀ ਨੂੰ ਦੂਰ ਕਰਨ ਦਾ ਉਪਦੇਸ਼ ਦੇ ਰਹੇ ਹਨ:
ਪਵੜੀ ॥ ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥ ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥ ਸੁਖਹੁ ਉਠੇ ਰੋਗ ਪਾਪ ਕਮਾਇਆ ॥ ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥ ਮੂਰਖ ਗਣਤ ਗਣਾਇ ਝਗੜਾ ਪਾਇਆ ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥ ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥
ਪਦ ਅਰਥ: ਹੰਸ = ਜੀਵ। ਸੰਜੋਗੁ ਮੇਲਿ = ਸੰਜੋਗ ਮੇਲ ਕੇ, ਜੋੜ ਮਿਥ ਕੇ। ਤਿਨ ਹੀ = ਤਿਨਿ ਹੀ; {ਲਫ਼ਜ਼ ‘ਜਿਨਿ’ ਦੇ ਟਾਕਰੇ ਤੇ ਲਫ਼ਜ਼ ‘ਤਿਨਿ’ ਹੈ। ਏਥੇ ‘ਤਿਨਿ’ ਦੇ ਅੱਖਰ ‘ਨ’ ਦੀ ‘ਿ’ ਉੱਡ ਗਈ ਹੈ, ਵੇਖੋ ‘ਗੁਰਬਾਣੀ ਵਿਆਕਰਣ’ ‘ਵਾਕ-ਰਚਨਾ’ ਵਿਚ ਅੰਕ ‘ਹੀ’}। ਜਿਨਿ = ਜਿਸ (ਪ੍ਰਭੂ) ਨੇ। ਤਿਨ ਹੀ = ਉਸ (ਪ੍ਰਭੂ) ਨੇ। ਤਿਨ ਹੀ = ਉਸੇ ਨੇ ਹੀ। ਸਬਾਇਆ = ਸਾਰੇ। ਹਰਖਹੁ = ਖ਼ੁਸ਼ੀ ਤੋਂ। ਗਣਤ ਗਣਾਇ = ਲੇਖਾ ਲਿਖਾ ਕੇ। ਮੂਰਖ ਗਣਤ ਗਣਾਇ = ਮੂਰਖਾਂ ਵਾਲੇ ਕੰਮ ਕਰ ਕੇ। ਝਗੜਾ = ਜਨਮ ਮਰਨ ਦਾ ਲੰਬਾ ਝੰਬੇਲਾ। ਸੁ ਰੋਗੁ = ਉਹੀ ਹੋਵੇਗਾ।
ਅਰਥ: ਸਰੀਰ ਤੇ ਜੀਵ (-ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁੱਖਾ-ਜਨਮ ਵਿਚ) ਇਕੱਠਾ ਕਰ ਦਿੱਤਾ ਹੈ। ਜਿਸ (ਪ੍ਰਭੂ) ਨੇ (ਸਰੀਰ ਤੇ ਜੀਵ ਨੂੰ) ਪੈਦਾ ਕੀਤਾ ਹੈ ਉਸ ਨੇ ਹੀ (ਇਹਨਾਂ ਲਈ) ਵਿਛੋੜਾ (ਭੀ) ਬਣਾ ਰੱਖਿਆ ਹੈ। (ਪਰ ਇਸ ਵਿਛੋੜੇ ਨੂੰ ਭੁਲਾ ਕੇ) ਮੂਰਖ (ਜੀਵ) ਭੋਗ ਭੋਗਦਾ ਰਹਿੰਦਾ ਹੈ (ਜੋ) ਸਾਰੇ ਦੁੱਖਾਂ ਦਾ (ਮੂਲ ਬਣਦਾ) ਹੈ। ਪਾਪ ਕਮਾਣ ਦੇ ਕਾਰਨ (ਭੋਗਾਂ ਦੇ) ਸੁਖ ਤੋਂ ਰੋਗ ਪੈਦਾ ਹੁੰਦੇ ਹਨ। (ਘੋਗਾਂ ਦੀ ਖ਼ੁਸ਼ੀ ਤੋਂ ਚਿੰਤਾ (ਤੇ ਅੰਤ ਨੂੰ) ਵਿਛੋੜਾ ਪੈਦਾ ਕਰ ਕੇ ਜਨਮ ਮਰਨ ਦਾ ਲੰਮਾ ਝੰਬੇਲਾ ਸਹੇੜ ਲੈਂਦਾ ਹੈ। (ਜਨਮ ਮਰਨ ਦੇ ਗੇੜ ਨੂੰ ਮੁਕਾਣ ਦੀ ਤਾਕਤ ਸਤਿਗੁਰੂ ਦੇ ਹੱਥ ਵਿਚ ਹੈ, (ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ ਇਹ) ਝੰਬੇਲਾ ਮੁੱਕ ਜਾਂਦਾ ਹੈ। (ਜੀਵਾਂ ਦੀ ਕੋਈ) ਆਪਣੀ ਚਲਾਈ ਸਿਆਣਪ ਚੱਲ ਨਹੀਂ ਸਕਦੀ, ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ।4।
ਮਨੁੱਖਾ ਜਨਮ ਪ੍ਰਭੂ ਨੇ ਹੀ ਸਰੀਰ ਤੇ ਆਤਮਾ ਦੇ ਸੁਮੇਲ ਨਾਲ ਪੈਦਾ ਕੀਤਾ ਹੈ। ਪ੍ਰਭੂ ਨੇ ਹੀ ਇਨ੍ਹਾਂ ਲਈ ਵਿਛੋੜਾ ਬਣਾ ਰੱਖਿਆ ਹੈ ਜਿਸ ਨੂੰ ਭੁੱਲ ਮੂਰਖਤਾ ਵਸ ਪੈ ਕੇ ਜੀਵ ਭੋਗ ਭੋਗਦਾ ਰਹਿੰਦਾ ਹੈ ਅਤੇ ਐਸੀ ਬਨਾਵਟੀ ਦਲਦਲ ਵਿੱਚ ਧਸ ਜਾਂਦਾ ਹੈ ਜਿਥੋਂ ਨਿਕਲਾ ਮੁਸ਼ਕਿਲ ਬਣਦਾ ਜਾਂਦਾ ਹੈ ਤੇ ਜਨਮ ਮਰਨ ਦੇ ਰਾਹ ਪੈ ਜਾਂਦਾ ਹੈ । ਪ੍ਰਭੂ ਦੀ ਕ੍ਰਿਪਾ ਨਾਲ ਹੀ ਇਹ ਜਨਮ ਮਰਨ ਦਾ ਚੱਕਰ ਫਿਰ ਖਤਮ ਹੋ ਸਕਦਾ ਹੈ ਅਤੇ ਪ੍ਰਭੂ ਦੀ ਕ੍ਰਿਪਾ, ਗੁਰੂ ਦੀ ਸ਼ਰਣ ਪਿਆਂ ਹੀ ਮਿਲਦੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਮਾਝ ਵਾਰ ਦੀ ਚਉਥੀ ਪਉੜੀ ਦੀ ਵਿਚਾਰ ਕਰਾਂਗੇ।
*gurdevsinghdr@gmail.com