ਸ਼ਬਦ ਵਿਚਾਰ 170 – ਵਾਰ ਮਾਝ : ਤੀਜੀ ਪਉੜੀ ਦੀ ਵਿਚਾਰ

TeamGlobalPunjab
4 Min Read

*ਡਾ. ਗੁਰਦੇਵ ਸਿੰਘ

ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਤੀਜੀ ਪਉੜੀ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 139 ‘ਤੇ ਅੰਕਿਤ ਹਨ। ਇਸ ਪਉੜੀ ਵਿੱਚ ਗੁਰੂ ਸਾਹਿਬ ਜਿਥੇ ਪ੍ਰਭੂ ਵਲੋਂ ਸਿਰਜੀ ਸ੍ਰਿਸਟੀ ਦਾ ਭੇਦ ਸਮਝਾਉਂਦੇ ਹਨ ਉਥੇ ਗੁਰਮੁੱਖਾਂ ਦੀ ਮਹਾਨ ਅਵਸਥਾ ਨੂੰ ਵੀ ਬਿਆਨਦੇ ਹਨ :

ਪਉੜੀ ॥ ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥ ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥ ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥ ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥ ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥ ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥ ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥ ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥

ਪਦ ਅਰਥ: ਗਰਬੁ = ਅਹੰਕਾਰ। ਖੜੇ = ਖਲੋ ਕੇ, ਸੁਚੇਤ ਹੋ ਕੇ। ਇਕਿ = ਕਈ ਜੀਵ। ਕਲਤੁ = ਇਸਤ੍ਰੀ। ਅਲਿਪਤੁ = ਨਿਰਲੇਪ, ਨਿਰਮੋਹ। ਓਹਿ = (‘ਓਹੁ’ ਤੋਂ ਬਹੁ-ਵਚਨ) ਉਹ ਜੀਵ। ਨਾਇ = ਨਾਮ ਵਿਚ।

- Advertisement -

ਅਰਥ: (ਹੇ ਪ੍ਰਭੂ!) ਤੂੰ ਸਦਾ ਹੀ ਇਕ (ਆਪ ਹੀ ਆਪ) ਹੈਂ, ਇਹ (ਤੈਥੋਂ ਵੱਖਰਾ ਦਿੱਸਦਾ ਤਮਾਸ਼ਾ ਤੂੰ ਆਪ ਹੀ ਰਚਿਆ ਹੈ। (ਤੂੰ ਹੀ ਜੀਵਾਂ ਦੇ ਅੰਦਰ) ਹਉਮੈ ਅਹੰਕਾਰ ਪੈਦਾ ਕਰ ਕੇ ਜੀਵਾਂ ਦੇ ਅੰਦਰ ਲੋਭ (ਭੀ) ਪਾ ਦਿੱਤਾ ਹੈ। (ਸੋ) , ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਦੀ ਰੱਖਿਆ ਕਰ। ਕਈ ਜੀਵਾਂ ਨੂੰ ਤੂੰ ਬਖ਼ਸ਼ਦਾ ਹੈਂ (ਤੇ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਗੁਰੂ ਦੀ ਸਿੱਖਿਆ ਵਿਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ। (ਐਸੇ) ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ। ਤੇਰੇ ਨਾਮ (ਦੀ ਯਾਦ) ਤੋਂ ਬਿਨਾ ਕੋਈ ਹੋਰ ਕੰਮ ਉਹਨਾਂ ਨੂੰ ਭਾਉਂਦਾ ਨਹੀਂ (ਭਾਵ, ਕਿਸੇ ਹੋਰ ਕੰਮ ਦੀ ਖ਼ਾਤਰ ਤੇਰਾ ਨਾਮ ਵਿਸਾਰਨ ਨੂੰ ਉਹ ਤਿਆਰ ਨਹੀਂ) । ਜਿਨ੍ਹਾਂ ਐਸੇ ਬੰਦਿਆਂ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਹਨਾਂ ਨੂੰ (ਤੇਰਾ ਨਾਮ ਵਿਸਾਰ ਕੇ) ਕੋਈ ਹੋਰ ਕੰਮ ਕਰਨਾ ਮੰਦਾ ਲੱਗਦਾ ਹੈ। ਇਹ ਜੋ ਪੁਤ੍ਰ ਇਸਤ੍ਰੀ ਤੇ ਪਰਵਾਰ ਹੈ, (ਹੇ ਪ੍ਰਭੂ!) ਜੋ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਉਹ ਇਹਨਾਂ ਤੋਂ ਨਿਰਮੋਹ ਰਹਿੰਦੇ ਹਨ; ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਜੁੜੇ ਹੋਏ ਉਹ ਬੰਦੇ ਅੰਦਰੋਂ ਬਾਹਰੋਂ ਸੁੱਚੇ ਰਹਿੰਦੇ ਹਨ।3।

ਪ੍ਰਮਾਤਮਾ ਇੱਕ ਹੈ ਜੋ ਇਹ ਸੰਸਾਰ ਦਿਸ ਰਿਹਾ ਹੈ ਇਹ ਉਸ ਅਕਾਲ ਪੁਰਖ ਦੀ ਰਚਨਾ ਹੈ । ਇਹ ਉਸ ਦਾ ਹੀ ਖੇਲ ਹੈ। ਸਾਰੇ ਜੀਵ ਉਸ ਦੇ ਪ੍ਰੋਏ ਹੋਏ ਹੀ ਕਾਰਜ ਕਰ ਰਹੇ ਹਨ। ਇਹ ਉਸ ਦੀ ਰਜਾ ਹੈ ਕਿ ਉਹ ਕਿਸੇ ਨੂੰ ਬਖਸ਼ ਦਿੰਦਾ ਹੈ ਤੇ ਉਸ ਨੂੰ ਆਪਣੇ ਚਰਣਾਂ ਵਿੱਚ ਜੋੜ ਲੈਂਦਾ ਹੈ। ਉਨ੍ਹਾਂ ਗੁਰਮੁਖਾਂ ਉਤੇ  ਕਿਸੇ ਮਾਇਆ ਦਾ ਕੋਈ ਅਸਰ ਨਹੀਂ ਹੁੰਦਾ, ਜਿਨ੍ਹਾਂ ‘ਤੇ ਤੇਰੀ ਕਿਰਪਾ ਹੋ ਜਾਂਦੀ ਹੈ। ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਤੇ ਉਹ ਅੰਦਰੋ ਬਾਹਰੋਂ ਤੇਰੇ ਨਾਮ ਵਿੱਚ ਰੰਗੇ ਰਹਿੰਦੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਲੜੀ ਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਮਾਝ ਵਾਰ ਦੀ ਤੀਜੀ ਪਉੜੀ ਦੀ ਵਿਚਾਰ ਕਰਾਂਗੇ। 

*gurdevsinghdr@gmail.com

Share this Article
Leave a comment