ਸ਼ਬਦ ਵਿਚਾਰ 165 -ਵਾਰ ਮਾਝ ਦੀ ਪਹਿਲੀ ਪਉੜੀ ਦੇ ਸਲੋਕਾਂ ਦੀ ਵਿਚਾਰ

TeamGlobalPunjab
7 Min Read

*ਡਾ. ਗੁਰਦੇਵ ਸਿੰਘ

ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਪਹਿਲੀ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 137-138 ‘ਤੇ ਅੰਕਿਤ ਹਨ। ਇਨ੍ਹਾਂ ਸਲੋਕਾਂ ਵਿੱਚ ਜੀਵਨ ਨੂੰ ਦਸ ਅਵਸਥਾਵਾਂ ‘ਚ ਵੰਡ ਕੇ ਗੁਰੂ ਸਾਹਿਬ ਨੇ ਮਨੁੱਖੀ ਜੀਵਨ ਦੀ ਸਚਾਈ ਦਸੀ  ਹੈ ਕਿ ਕਿਵੇਂ ਮਨੁੱਖ ਉਮਰ ਦੀਆਂ ਵੱਖ ਵੱਖ ਅਵਸਥਾਵਾਂ ਵਿੱਚ ਆਪਣੇ ਆਪ ਨੂੰ ਖਚਿਤ ਕਰਕੇ ਜੀਵਨ ਦੇ ਅਸਲ ਮਨੋਰਥ ਤੋਂ ਭਟਕ ਜਾਂਦਾ ਹੈ। 

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਸਲੋਕੁ ਮਃ ੧ ॥ ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥

ਪਦ ਅਰਥ: ਹਿਵੈ ਘਰੁ = ਬਰਫ਼ ਦਾ ਘਰ, ਠੰਢਾਂ ਦਾ ਸੋਮਾ ਹੈ। ਦੀਪਕੁ = ਦੀਵਾ। ਤਿਹੁ ਲੋਇ= ਤ੍ਰਿਲੋਕੀ ਵਿਚ। ਅਮਰ = ਨਾਹ ਮਰਨ ਵਾਲਾ, ਨਾਹ ਮੁੱਕਣ ਵਾਲਾ। ਮਨਿ ਮਾਨਿਐ = ਜੇ ਮਨ ਮੰਨ ਜਾਏ, ਜੇ ਮਨ ਪਤੀਜ ਜਾਏ।1।

- Advertisement -

ਸਤਿਗੁਰੂ (ਨਾਮ ਦੀ ਦਾਤਿ) ਦੇਣ ਵਾਲਾ ਹੇ, ਗੁਰੂ ਠੰਡ ਦਾ ਸੋਮਾ ਹੈ, ਗੁਰੂ (ਹੀ) ਤ੍ਰਿਲੋਕੀ ਵਿਚ ਚਾਨਣ ਕਰਨ ਵਾਲਾ ਹੈ। ਹੇ ਨਾਨਕ ! ਕਦੇ ਨਾਹ ਮੁੱਕਣ ਵਾਲਾ (ਨਾਮ -ਰੂਪ) ਪਦਾਰਥ (ਗੁਰੂ ਤੋਂ ਹੀ ਮਿਲਦਾ ਹੈ)। ਜਿਸ ਦਾ ਮਨ ਗੁਰੂ ਵਿਚ ਪਤੀਜ ਜਾਏ, ਉਸ ਨੂੰ ਸੁਖ ਹੋ ਜਾਂਦਾ ਹੈ।1।

ਮਃ ੧ ॥ ਪਹਿਲੈ ਪਿਆਰਿ ਲਗਾ ਥਣ ਦੁਧਿ ॥ ਦੂਜੈ ਮਾਇ ਬਾਪ ਕੀ ਸੁਧਿ ॥ ਤੀਜੈ ਭਯਾ ਭਾਭੀ ਬੇਬ ॥ ਚਉਥੈ ਪਿਆਰਿ ਉਪੰਨੀ ਖੇਡ ॥ ਪੰਜਵੈ ਖਾਣ ਪੀਅਣ ਕੀ ਧਾਤੁ ॥ ਛਿਵੈ ਕਾਮੁ ਨ ਪੁਛੈ ਜਾਤਿ ॥ ਸਤਵੈ ਸੰਜਿ ਕੀਆ ਘਰ ਵਾਸੁ ॥ ਅਠਵੈ ਕ੍ਰੋਧੁ ਹੋਆ ਤਨ ਨਾਸੁ ॥ ਨਾਵੈ ਧਉਲੇ ਉਭੇ ਸਾਹ ॥ ਦਸਵੈ ਦਧਾ ਹੋਆ ਸੁਆਹ ॥ ਗਏ ਸਿਗੀਤ ਪੁਕਾਰੀ ਧਾਹ ॥ ਉਡਿਆ ਹੰਸੁ ਦਸਾਏ ਰਾਹ ॥ ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥ ਨਾਨਕ ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ ਡੁਬਾ ਸੰਸਾਰੁ ॥੨॥

ਪਦ ਅਰਥ: ਪਹਿਲੈ = ਪਹਿਲੀ ਅਵਸਥਾ ਵਿਚ। ਪਿਆਰਿ = ਪਿਆਰ ਨਾਲ। ਥਣ ਦੁਧਿ = ਥਣਾਂ ਦੇ ਦੁੱਧ ਵਿਚ। ਸੁਧਿ = ਸੂਝ, ਸੋਝੀ। ਭਯਾ = ਭਾਈਆ, ਭਾਈ। ਭਾਭੀ = ਭਰਜਾਈ। ਬੇਬ = ਭੈਣ। ਧਾਤੁ = ਧੌੜ, ਕਾਮਨਾ। ਸੰਜਿ = (ਪਦਾਰਥ) ਇਕੱਠੇ ਕਰ ਕੇ। ਸਿਗੀਤ = ਸੰਗੀ, ਸਾਥੀ। ਦਸਾਏ = ਪੁੱਛਦਾ ਹੈ। ਮੁਇਆ = ਭੁੱਲ ਗਿਆ, ਮੁੱਕ ਗਿਆ। ਅੰਧੁ = ਅੰਨ੍ਹਾ, ਅਗਿਆਨਤਾ ਵਾਲਾ।

ਅਰਥ: (ਜੇ ਮਨੁੱਖ ਦੀ ਸਾਰੀ ਉਮਰ ਨੂੰ ਦਸ ਹਿੱਸਿਆਂ ਵਿਚ ਵੰਡੀਏ, ਤਾਂ ਇਸ ਦੀ ਸਾਰੀ ਉਮਰ ਦੇ ਕੀਤੇ ਉੱਦਮਾਂ ਦੀ ਤਸਵੀਰ ਇਉਂ ਬਣਦੀ ਹੈ:) ਪਹਿਲੀ ਅਵਸਥਾ ਵਿਚ (ਜੀਵ) ਪਿਆਰ ਨਾਲ (ਮਾਂ ਦੇ) ਥਣਾਂ ਦੇ ਦੁੱਧ ਵਿਚ ਰੁੱਝਦਾ ਹੈ; ਦੂਜੀ ਅਵਸਥਾ ਵਿਚ (ਭਾਵ, ਜਦੋਂ ਰਤਾ ਕੁ ਸਿਆਣਾ ਹੁੰਦਾ ਹੈ) (ਇਸ ਨੂੰ) ਮਾਂ ਤੇ ਪਿਉ ਦੀ ਸੋਝੀ ਹੋ ਜਾਂਦੀ ਹੈ, ਤੀਜੀ ਅਵਸਥਾ ਵਿਚ (ਅਪੜਿਆਂ ਜੀਵ ਨੂੰ) ਭਰਾ ਭਾਈ ਤੇ ਭੈਣ ਦੀ ਪਛਾਣ ਆਉਂਦੀ ਹੈ। ਚੌਥੀ ਅਵਸਥਾ ਵੇਲੇ ਖੇਡਾਂ ਵਿਚ ਪਿਆਰ ਦੇ ਕਾਰਣ (ਜੀਵ ਦੇ ਅੰਦਰ ਖੇਡਾਂ ਖੇਡਣ ਦੀ ਰੁਚੀ) ਉਪਜਦੀ ਹੈ, ਪੰਜਵੀਂ ਅਵਸਥਾ ਵਿਚ ਖਾਣ ਪੀਣ ਦੀ ਲਾਲਸਾ ਬਣਦੀ ਹੈ, ਛੇਵੀਂ ਅਵਸਥਾ ਵਿਚ (ਅੱਪੜ ਕੇ ਜੀਵ ਦੇ ਅੰਦਰ) ਕਾਮ (ਜਾਗਦਾ ਹੈ ਜੋ) ਜਾਤਿ ਕੁਜਾਤਿ ਭੀ ਨਹੀਂ ਵੇਖਦਾ। ਸਤਵੀਂ ਅਵਸਥਾ ਵੇਲੇ (ਜੀਵ ਪਦਾਰਥ) ਇਕੱਠੇ ਕਰ ਕੇ (ਆਪਣਾ) ਘਰ ਦਾ ਵਸੇਬਾ ਬਣਾਂਦਾ ਹੈ; ਅਠਵੀਂ ਅਵਸਥਾ ਵਿਚ (ਜੀਵ ਦੇ ਅੰਦਰ) ਗੁੱਸਾ (ਪੈਦਾ ਹੁੰਦਾ ਹੈ ਜੋ) ਸਰੀਰ ਦਾ ਨਾਸ ਕਰਦਾ ਹੈ। (ਉਮਰ ਦੇ) ਨਾਂਵੇਂ ਹਿੱਸੇ ਵਿਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਖਿੱਚ ਕੇ ਆਉਂਦੇ ਹਨ (ਭਾਵ, ਦਮ ਚੜ੍ਹਨ ਲੱਗ ਪੈਂਦਾ ਹੈ) , ਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ।ਜੋ ਸਾਥੀ (ਮਸਾਣਾਂ ਤਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ, ਜੀਵਾਤਮਾ (ਸਰੀਰ ਵਿਚੋਂ) ਨਿਕਲ ਕੇ (ਅਗਾਂਹ ਦੇ) ਰਾਹ ਪੁੱਛਦਾ ਹੈ। ਜੀਵ ਜਗਤ ਵਿਚ ਆਇਆ ਤੇ ਤੁਰ ਗਿਆ, (ਜਗਤ ਵਿਚ ਉਸ ਦਾ) ਨਾਮ ਭੀ ਭੁੱਲ ਗਿਆ, (ਉਸ ਦੇ ਮਰਨ) ਪਿਛੋਂ ਪੁੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁਝ ਨਹੀਂ ਅੱਪੜਦਾ) । ਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ, ਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ ‘ਅੰਧ ਪਿਆਰ’ ਵਿਚ) ਡੁੱਬ ਰਿਹਾ ਹੈ।2।

ਮਃ ੧ ॥ ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥ ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥ ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥ ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥ 

- Advertisement -

ਪਦ ਅਰਥ: ਬਾਲਤਣਿ = ਬਾਲਕਪਨ ਵਿਚ। ਰਵਣ = ਕਾਮ-ਚੇਸ਼ਟਾ ਵਾਲੀ ਉਮਰ। ਰਵਣਿ = ਕਾਮ-ਚੇਸ਼ਟਾ ਵਾਲੀ ਅਵਸਥਾ ਵਿਚ। ਪੁਰੁ = ਭਰ-ਜੁਆਨ। ਪਗੁ = ਪੈਰ। ਖਿਸੈ = ਤਿਕਲਦਾ ਹੈ, ਹਿਠਾਂਹ ਨੂੰ ਖਿਸਕਦਾ ਹੈ। ਸਿਹਜਾਸਣੀ = ਮੰਜੇ ਉਤੇ ਆਸਣ ਰੱਖਣ ਵਾਲਾ। ਅਪ ਬਲੁ = ਆਪਣਾ ਬਲ, ਆਪਣਾ ਆਪ। ਧਵਲਹਰੁ = ਧੌਲਰ, ਮੰਦਰ (ਧਵਲਹਰੁ = ਧਵਲ ਘਰੁ, ਸਫੈਦ ਪਲਸਤਰ ਵਾਲਾ ਮਕਾਨ)।

ਅਰਥ: ਦਸਾਂ ਸਾਲਾਂ ਦਾ (ਜੀਵ) ਬਾਲਪਨ ਵਿਚ (ਹੁੰਦਾ ਹੈ) ਵੀਹਾਂ ਵਰ੍ਹਿਆਂ ਦਾ ਹੋ ਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿਚ (ਅੱਪੜਦਾ ਹੈ), ਤੀਹਾਂ ਸਾਲਾਂ ਦਾ ਹੋ ਕੇ ਸੋਹਣਾ ਅਖਵਾਂਦਾ ਹੈ। ਚਾਲੀ ਸਾਲਾਂ ਦੀ ਉਮਰੇ ਭਰ-ਜੁਆਨ ਹੁੰਦਾ ਹੈ, ਪੰਜਾਹ ਤੇ ਅੱਪੜ ਕੇ ਪੈਰ (ਜੁਆਨੀ ਤੋਂ ਹਿਠਾਂਹ) ਖਿਸਕਣ ਲੱਗ ਪੈਂਦਾ ਹੈ, ਸੱਠ ਸਾਲਾਂ ਤੇ ਬੁਢੇਪਾ ਆ ਜਾਂਦਾ ਹੈ ਸੱਤਰ ਸਾਲਾਂ ਦਾ ਜੀਵ ਅਕਲੋਂ ਹੀਣਾ ਹੋਣ ਲੱਗ ਜਾਂਦਾ ਹੈ, ਤੇ ਅੱਸੀ ਸਾਲਾਂ ਦਾ ਕੰਮ ਕਾਰ ਜੋਗਾ ਨਹੀਂ ਰਹਿੰਦਾ। ਨਵੇ ਸਾਲ ਦਾ ਮੰਜੇ ਤੋਂ ਹੀ ਨਹੀਂ ਹਿੱਲ ਸਕਦਾ, ਆਪਣਾ ਆਪ ਭੀ ਸੰਭਾਲ ਨਹੀਂ ਸਕਦਾ। ਹੇ ਨਾਨਕ! ਮੈਂ ਢੂੰਢਿਆ ਹੈ, ਭਾਲਿਆ ਹੈ, ਵੇਖਿਆ ਹੈ, ਇਹ ਜਗਤ ਚਿੱਟਾ ਪਲਸਤਰੀ ਮੰਦਰ ਹੈ (ਭਾਵ, ਵੇਖਣ ਨੂੰ ਸੋਹਣਾ ਹੈ) ਪਰ ਹੈ ਧੂਏਂ ਦਾ (ਭਾਵ, ਸਦਾ ਰਹਿਣ ਵਾਲਾ ਨਹੀਂ) ।3।

ਉਕਤ ਵਾਰ ਦੇ ਸਲੋਕਾਂ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਕਿਵੇਂ ਮਨੁੱਖ ਜਵੀਨ ਦੇ ਵੱਖ ਵੱਖ ਪੜਾਵਾਂ ਵਿਚੋਂ ਲੰਘਦਾ ਹੈ। ਗੁਰੂ ਸਾਹਿਬ ਸੋ ਸਾਲਾ ਮਨੁੱਖੀ ਜੀਵਨ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ। ਕਿਵੇਂ ਵੱਖ ਵੱਖ ਪੜਾਵਾਂ ਵਿੱਚ ਮਨੁੱਖ  ਸੋਹਣੇ ਦਿਸ ਰਹੇ ਸੰਸਾਰ ਵਿੱਚ  ਭਰਮ ਦਾ ਜੀਵਨ ਬਤੀਤ ਕਰਦਾ ਹੈ। ਅਖੀਰ ਗੁਰੂ ਸਾਹਿਬ ਇਸ ਸੰਸਾਰ ਨੂੰ ਧੂੰਏ ਦਾ ਪਹਾੜ ਦਸਦੇ ਹਨ  ਜੋ ਇੱਕ ਪਲ ਵਿੱਚ ਖਤਮ ਹੋ ਜਾਂਦਾ ਹੈ। ਬਿਨਾਂ ਗੁਰੂ ਦੀ ਸਿੱਖਿਆ ਤੋਂ ਮਨੁੱਖ ਦਾ ਕੋਈ ਪਾਰ ਉਤਾਰਾ ਨਹੀਂ ਹੈ।

ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਲੜੀ ਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਮਾਝ ਰਾਗ ਵਾਰ ਪਹਿਲੀ ਪਉੜੀ ਦੀ ਵਿਚਾਰ ਸਿਲਸਲੇਵਾਰ ਕਰਾਂਗੇ। 

*gurdevsinghdr@gmail.com

Share this Article
Leave a comment