ਸ਼ਬਦ ਵਿਚਾਰ 161 – ਮੈ ਬਿਨੁ ਗੁਰ ਦੇਖੇ ਨੀਦ ਨ ਆਵੈ…

TeamGlobalPunjab
5 Min Read

*ਡਾ. ਗੁਰਦੇਵ ਸਿੰਘ

ਮਨੁੱਖ  ਜਦੋਂ  ਪ੍ਰਮਾਤਮਾ ਨੂੰ ਕਣ ਕਣ ‘ਚ ਰਮਿਆ ਹੋਇਆ ਦੇਖਣਾ ਸ਼ੁਰੂ ਨਾ ਕਰ ਦੇਵਗਾ, ਜਦੋਂ ਉਸ ਨੂੰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਚੈਨ ਨਾ ਆਵੇ ਉਦੋਂ ਤਕ ਉਸ ਦਾ ਮਨੁੱਖਾ ਜਨਮ ਸਫਲ ਨਹੀਂ। ਇਹ ਸਫਲ ਹੋ ਸਕਦਾ ਹੈ ਜੇ ਮਨੁੱਖ ਗੁਰੂ ਦੇ ਦਸੇ ਮਾਰਗ ‘ਤੇ ਤੁਰੇ। 

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ  ਮੈ ਬਿਨੁ ਗੁਰ ਦੇਖੇ ਨੀਦ ਨ ਆਵੈ ॥ ਸ਼ਬਦ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 94’ਤੇ ਅੰਕਿਤ ਹੈ। ਮਾਝ ਰਾਗ ਦਾ ਇਹ ਦੂਜਾ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਪ੍ਰਮਾਤਮਾ ਨਾਲ ਕਿਹੋ ਜਿਹਾ ਪ੍ਰੇਮ ਹੋਣਾ ਚਾਹੀਦਾ ਉਸ ਦਾ ਉਪਦੇਸ਼ ਦੇ ਰਹੇ ਹਨ:

ਮਾਝ ਮਹਲਾ ੪ ॥ ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥ ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ ॥ ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥੧॥

- Advertisement -

ਮਧੁ ਸੂਦਨ = {ਮਧੁ-ਨਾਮ ਦੇ ਰਾਖਸ਼ ਨੂੰ ਮਾਰਨ ਵਾਲਾ, ਪਰਮਾਤਮਾ। ਮਨ ਤਨ ਪ੍ਰਾਨਾ = ਮੇਰੇ ਮਨ ਦਾ ਮੇਰੇ ਤਨ ਦਾ ਆਸਰਾ। ਹੳ = ਮੈਂ। ਵਡਭਾਗੀ = ਵੱਡੇ ਭਾਗਾਂ ਨਾਲ।1।

ਅਰਥ: ਪਰਮਾਤਮਾ ਮੇਰੇ ਮਨ ਦਾ ਆਸਰਾ ਹੈ, ਮੇਰੇ ਸਰੀਰ ਦਾ (ਗਿਆਨ-ਇੰਦ੍ਰਿਆਂ ਦਾ) ਆਸਰਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮੈਂ (ਜੀਵਨ-ਆਸਰਾ) ਨਹੀਂ ਜਾਣਦਾ। ਮੇਰੇ ਵਡੇ ਭਾਗਾਂ ਨੂੰ ਕੋਈ ਗੁਰਮੁਖ ਸੱਜਣ ਮੈਨੂੰ ਮਿਲ ਪਏ ਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ।1।

ਹਉ ਮਨੁ ਤਨੁ ਖੋਜੀ ਭਾਲਿ ਭਾਲਾਈ ॥ ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ॥ ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥੨॥

ਖੋਜੀ = ਖੋਜੀਂ, ਮੈਂ ਖੋਜਦਾ ਹਾਂ। ਭਾਲਿ = ਭਾਲ ਕਰ ਕੇ। ਭਾਲਾਈ = ਭਾਲਾਇ, ਭਾਲ ਕਰਾ ਕੇ। ਕਿਉ = ਕਿਵੇਂ? ਮਾਈ = ਹੇ ਮਾਂ! ਮਿਲਿ = ਮਿਲ ਕੇ। ਖੋਜੁ ਦਸਾਈ = ਮੈਂ ਪਤਾ ਪੁੱਛਦਾ ਹਾਂ। ਦਸਾਈ = ਮੈਂ ਪੁੱਛਦਾ ਹਾਂ, ਦਸਾਈਂ।2।

ਹੇ ਮੇਰੀ ਮਾਂ! (ਇਸ ਖ਼ਾਤਰ ਕਿ) ਕਿਵੇਂ ਮੈਨੂੰ ਪਿਆਰਾ ਪ੍ਰੀਤਮ ਪ੍ਰਭੂ ਮਿਲ ਪਏ ਮੈਂ ਭਾਲ ਕਰ ਕੇ ਤੇ ਭਾਲ ਕਰਾ ਕੇ ਆਪਣਾ ਮਨ ਖੋਜਦਾ ਹਾਂ ਆਪਣਾ ਸਰੀਰ ਖੋਜਦਾ ਹਾਂ। ਸਾਧ ਸੰਗਤਿ ਵਿਚ (ਭੀ) ਮਿਲ ਕੇ (ਉਸ ਪ੍ਰੀਤਮ ਦਾ) ਪਤਾ ਪੁੱਛਦਾ ਹਾਂ (ਕਿਉਂਕਿ ਉਹ) ਹਰਿ-ਪ੍ਰਭੂ ਸਾਧ ਸੰਗਤਿ ਵਿਚ ਵੱਸਦਾ ਹੈ।2।

- Advertisement -

ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥ ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥ ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥੩॥

ਹਮ = ਅਸੀ। ਦੀਨ = ਨਿਮਾਣੇ, ਅੰਞਾਣ। ਗੁਰ ਜਲ ਮਿਲਿ = ਗੁਰੂ-ਰੂਪ ਜਲ ਨੂੰ ਮਿਲ ਕੇ। ਵਿਗਸੈ = ਖਿੜ ਪੈਂਦਾ ਹੈ।3।

(ਹੇ ਪ੍ਰਭੂ!) ਅਸੀਂ ਤੇਰੇ ਅੰਞਾਣ ਬੱਚੇ ਹਾਂ। ਸਾਡੀ ਰੱਖਿਆ ਕਰ। (ਹੇ ਪ੍ਰਭੂ!) ਮੈਨੂੰ ਪਿਆਰਾ ਪ੍ਰੀਤਮ ਗੁਰੂ ਮਿਲਾ (ਵਿਕਾਰਾਂ ਤੋਂ ਉਹੀ ਮੇਰੀ) ਰਾਖੀ ਕਰਨ ਵਾਲਾ (ਹੈ) । ਪੂਰਾ ਗੁਰੂ ਸਤਿਗੁਰੂ (ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ) ਮੇਰੀ ਮਾਂ ਤੇ ਮੇਰਾ ਪਿਉ ਹੈ (ਜਿਵੇਂ) ਪਾਣੀ ਨੂੰ ਮਿਲ ਕੇ ਕੌਲ-ਫੁੱਲ ਖਿੜਦਾ ਹੈ (ਤਿਵੇਂ) ਗੁਰੁ ਨੂੰ (ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ) ।3।

ਮੈ ਬਿਨੁ ਗੁਰ ਦੇਖੇ ਨੀਦ ਨ ਆਵੈ ॥ ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥ ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ ॥੪॥੨॥

ਨੀਦ = ਆਤਮਕ ਸ਼ਾਂਤੀ। ਮਨ ਤਨਿ = ਮਨ ਵਿਚ ਤਨ ਵਿਚ। ਵੇਦਨ = ਪੀੜਾ। ਗੁਰ ਬਿਰਹੁ = ਗੁਰੂ ਦਾ ਵਿਛੋੜਾ। ਰਹਸੈ = ਖ਼ੁਸ਼ ਹੁੰਦਾ ਹੈ, ਆਨੰਦ ਹਾਸਲ ਕਰਦਾ ਹੈ।4।

ਹੇ ਹਰੀ! ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਗੁਰੂ ਤੋਂ ਵਿਛੋੜਾ (ਇਕ ਐਸੀ) ਪੀੜਾ (ਹੈ ਜੋ ਸਦਾ) ਮੇਰੇ ਮਨ ਵਿਚ ਮੇਰੇ ਤਨ ਵਿਚ ਲੱਗੀ ਰਹਿੰਦੀ ਹੈ। ਹੇ ਹਰੀ! (ਮੇਰੇ ਉਤੇ) ਮਿਹਰ ਕਰ (ਮੈਨੂੰ) ਗੁਰੂ ਮਿਲਾ। ਹੇ ਦਾਸ ਨਾਨਕ! (ਆਪ =) ਗੁਰੂ ਨੂੰ ਮਿਲ ਕੇ (ਮਨ) ਖਿੜ ਪੈਂਦਾ ਹੈ।4।2।

ਗੁਰੂ ਦੇ ਦਸੇ ਮਾਰਗ ‘ਤੇ ਚਲਦਿਆਂ ਮਨੁੱਖ ਅਜਿਹੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਨੂੰ ਗੁਰਮਤਿ ਵਿੱਚ ਗੁਰਮੁਖ ਆਖਿਆ ਜਾਂਦਾ ਹੈ। ਇਹ ਉਹ ਅਵਸਥਾ ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਇੱਕ ਖਿਨ ਪਲ ਜੀਉਂਣਾ ਅਸੰਭਵ ਲੱਗਦਾ ਹੈ। ਉਹ ਹਮੇਸ਼ਾਂ ਪ੍ਰਮਾਤਮਾ ਦੇ ਨਾਮ ਰੰਗ ਜਾਂਦਾ ਹੈ। ਪ੍ਰਮਾਤਮਾ ਦੀ ਕਿਰਪਾ ਨਾਲ ਉਸ ਨੂੰ ਚੰਗਾ ਗੁਰੂ ਪ੍ਰਾਪਤ ਹੁੰਦਾ ਹੈ ਤੇ ਗੁਰੂ ਕ੍ਰਿਪਾ ਸਕਦਾ ਹੀ ਪ੍ਰਮਾਤਮਾ ਦੀ ਪ੍ਰਾਪਤੀ। ਸ਼ਬਦ ਲਈ ਵਿਚਾਰ ਦੀ ਅਗਲੀ ਲੜੀ ਵਿੱਚ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Share this Article
Leave a comment