Breaking News

ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥ … ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -142

ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥

*ਡਾ. ਗੁਰਦੇਵ ਸਿੰਘ

ਸੰਸਾਰ ਵਿੱਚ ਰਹਿੰਦਆਂ ਮਨੁੱਖ ਕਈ ਤਰ੍ਹਾਂ ਦੇ ਵਿਕਾਰਾਂ ਨੂੰ ਸਹੇੜ ਲੈਂਦਾ ਹੈ। ਫਿਰ ਮਨੁੱਖ ਇਨ੍ਹਾਂ ਵਿਕਾਰਾਂ ਦੇ ਕ੍ਰੋਪ ਦੀ ਅਗਨੀ ਵਿੱਚ ਸੜਦਾ ਰਹਿੰਦਾ ਹੈ। ਇਨ੍ਹਾਂ ਵਿਕਾਰਾਂ ਦੀ ਅਗਨੀ ਐਨੀ ਭਿਆਨਕ ਹੁੰਦੀ ਹੈ ਕਿ ਅੱਗ ਦਾ ਸੇਕ ਵੀ ਇਸ ਦੇ ਅੱਗੇ ਕੁਝ ਨਹੀਂ ਹੁੰਦਾ। ਅੱਗ ਤਾਂ ਇੱਕ ਵਾਰ ਹੀ ਸਾੜ ਕੇ ਰਾਖ ਕਰ ਦਿੰਦੀ ਹੈ ਪ੍ਰੰਤੂ ਵਿਕਾਰਾਂ ਦੀ ਅੱਗ ਮਨੁੱਖ ਨੂੰ ਹਰ ਰੋਜ ਸਾੜਦੀ ਰਹਿੰਦੀ ਹੈ।

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 22’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 22ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਵਿਕਾਰਾਂ ਦੀ ਅਗਨ ਤੋਂ ਬਚਣ ਤੋਂ ਮਾਰਗ ਰੁਸ਼ਨਾਅ ਰਹੇ ਹਨ: 

ਸਿਰੀਰਾਗੁ ਮਹਲਾ ੧ ॥ ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥ ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥

ਪਦ ਅਰਥ: ਭਰਮੈ = ਭੌਣ ਨਾਲ। ਭਾਹਿ = ਅੱਗ। ਵਿਝਵੈ = ਬੁੱਝਦੀ। ਦੇਸੁ ਦਿਸੰਤਰ = ਦੇਸੁ ਦੇਸ ਅੰਤਰ = ਹੋਰ ਹੋਰ ਦੇਸ। ਅੰਤਰਿ = ਅੰਦਰਲੀ। ਧ੍ਰਿਗੁ = ਫਿਟਕਾਰ-ਜੋਗ। ਵੇਸੁ = ਭੇਖ, ਤਿਆਗ ਵਾਲਾ ਲਿਬਾਸ। ਹੋਰੁ ਕਿਤੈ = ਕਿਸੇ ਹੋਰ ਥਾਂ।1।

(ਗੁਰੂ ਦੀ ਸਰਨ ਛੱਡ ਕੇ) ਜੇ ਮਨੁੱਖ (ਸੰਨਿਆਸ-ਭੇਖ ਧਾਰ ਕੇ) ਦੇਸ ਦੇਸ ਵਿਚ ਭੌਂਦਾ ਫਿਰੇ, (ਥਾਂ ਥਾਂ) ਭੌਣ ਨਾਲ (ਤ੍ਰਿਸ਼ਨਾ ਦੀ) ਅੱਗ ਬੁੱਝ ਨਹੀਂ ਸਕਦੀ, ਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ। (ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ।1।

ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥ ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥

ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨਿਵਾਰਿ = ਦੂਰ ਕਰ। ਕਹਿਆ = ਆਖਿਆ ਹੋਇਆ ਬਚਨ। ਮਨਿ = ਮਨ ਵਿਚ। ਹਉਮੈ = ਹਉਮੈਂ, ਮੈਂ ਵੱਡਾ ਬਣ ਜਾਵਾਂ।1। ਰਹਾਉ।

ਹੇ ਮਨ! ਗੁਰੂ ਦੀ ਸਰਨ ਪੈ ਕੇ (ਤ੍ਰਿਸ਼ਨਾ ਦੀ) ਅੱਗ ਦੂਰ ਕਰ ਸਕੀਦੀ ਹੈ। ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ ਮੈਂ ਵੱਡਾ ਹੋ ਜਾਵਾਂ = ਇਹ ਲਾਲਚ ਮੁਕਾ ਲਈਦਾ ਹੈ।1। ਰਹਾਉ।

ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥ ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥ ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥੨॥

ਮਾਣਕੁ = ਮੋਤੀ। ਨਾਮਿ = ਨਾਮ ਵਿਚ (ਜੁੜਿਆਂ) । ਪਤਿ = ਇੱਜ਼ਤ। ਮਿਲਿ = ਮਿਲ ਕੇ। ਆਪੁ = ਆਪਾ-ਭਾਵ, ਸੁਆਰਥ। ਸਲਲ = ਪਾਣੀ।2।

ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ, (ਹਰ ਥਾਂ) ਇੱਜ਼ਤ ਪਾਂਦਾ ਹੈ। (ਪਰ) ਪਰਮਾਤਮਾ ਦਾ ਨਾਮ ਸਾਧ ਸੰਗਤਿ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੁੜਦੀ ਹੈ। (ਪ੍ਰਭੂ-ਚਰਨਾਂ ਵਿਚ ਸੁਰਤਿ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ।2।

ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ ॥ ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥ ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥੩॥

ਜਿਨਿ = ਜਿਸ (ਮਨੁੱਖ) ਨੇ। ਸੁ = ਉਹ (ਮਨੁੱਖ) । ਅਉਗੁਣਿ = ਔਗੁਣ ਵਿਚ (ਟਿਕਿਆ ਰਹਿ ਕੇ) । ਆਵੈ ਜਾਇ = ਜੰਮਦਾ ਮਰਦਾ ਹੈ। ਜਿਸੁ = ਜਿਸ (ਮਨੁੱਖ) ਨੂੰ। ਭੇਟਿਓ = ਮਿਲਿਆ। ਭਉਜਲਿ = ਭਉਜਲ ਵਿਚ, ਸੰਸਾਰ-ਸਮੁੰਦਰ ਵਿਚ। ਪਚੈ ਪਚਾਇ = ਨਿੱਤ ਖ਼ੁਆਰ ਹੁੰਦਾ ਰਹਿੰਦਾ ਹੈ।3।

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿਚ ਰਹਿ ਕੇ ਜੰਮਦਾ ਮਰਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ। (ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ।3।

ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥ ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥ ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥

ਰਸਿ = ਪ੍ਰੇਮ ਨਾਲ। ਸੁਜਾਣ = ਸਿਆਣੇ। ਸੇ = ਉਹ ਬੰਦੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤੇ = ਉਹ (ਬਹੁ-ਵਚਨ) । ਧੁਨਿ = ਆਵਾਜ਼, ਗੂੰਜ, ਲਹਰ। ਨੀਸਾਣੁ = ਧੌਂਸਾ।4।

ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ (ਕਿਉਂਕਿ) ਗੁਰੂ ਨੂੰ ਮਿਲ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਮਿਲਦੀ ਹੈ, ਕਬੂਲ ਹੋਵੀਦਾ ਹੈ। ਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖ਼ਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ) , (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ।4। 22।

ਗੁਰੂ ਸਾਹਿਬ ਇਸ ਸ਼ਬਦ ਵਿੱਚ ਉਪਦੇਸ਼ ਕਰ ਰਹੇ ਹਨ ਕਿ ਗੁਰੂ ਦੀ ਸ਼ਰਣ ਪੈ ਕੇ ਸੰਸਾਰ ਸਮੁੰਦਰ ਪਾਰ ਹੋਇਆ ਜਾ ਸਕਦਾ ਹੈ। ਗੁਰੂ ਹੀ ਮਨੁੱਖ ਨੂੰ ਵਿਕਾਰਾਂ ਦੀ ਅਗਨ ਤੋਂ ਬਚਾਅ ਸਕਦਾ ਹੈ। ਇਸ ਲਈ ਸਾਨੂੰ ਗੁਰੂ ਦੀ ਸ਼ਰਣ ਭਾਵ ਜੁਗੋ ਜੁਗੋ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਣ ਪੈ ਕੇ ਗੁਰੂ ਦੇ ਦਸੇ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਗੁਰੂ ਉਹ ਹੀ ਜੋ ਸੱਚ ਦਾ ਗਿਆਨ ਕਰਾਵੇ।  ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Check Also

ਅੱਜ ਦਾ ਹੁਕਮਨਾਮਾ – Today’s Hukamnama from Sri Darbar Sahib (March 23th, 2023)

ਸੋਰਠਿ ਮਹਲਾ ੫॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ …

Leave a Reply

Your email address will not be published. Required fields are marked *