ਸ਼ਬਦ ਵਿਚਾਰ -137
ਮਨ ਰੇ ਸਬਦਿ ਤਰਹੁ ਚਿਤੁ ਲਾਇ …
*ਡਾ. ਗੁਰਦੇਵ ਸਿੰਘ
ਨਾਮ ਵਿਹੁਣੇ ਸਰੀਰ ਨਾ ਹੋਣ ਦੇ ਬਰਾਬਰ ਹਨ। ਮਨੁੱਖ ਜਿਆਦਾਤਰ ਮਾਇਆ ਦੇ ਮੋਹ ਵਿੱਚ ਫਸਿਆ ਆਪਣਾ ਜਨਮ ਗੁਵਾਈਂ ਜਾਂਦਾ ਹੈ ਪਰ ਰੱਬ ਦੇ ਪਿਆਰੇ ਜੋ ਮਨੁੱਖ ਉਸ ਦੀ ਰਜਾ ਵਿੱਚ ਵਿਚਰਦੇ ਹਨ ਉਨ੍ਹਾਂ ‘ਤੇ ਗੁਰੂ ਸਾਹਿਬ ਦੀ ਵਿਸ਼ੇਸ਼ ਬਖਸ਼ਿਸ਼ ਹੁੰਦੀ ਹੈ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਮਨ ਰੇ ਸਬਦਿ ਤਰਹੁ ਚਿਤੁ ਲਾਇ …” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 19 ‘ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 15ਵਾਂ ਸ਼ਬਦ ਹੈ । ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਪ੍ਰਭੂ ਦੇ ਨਾਮ ਵਿੱਚ ਰੰਗਣ ਉਪਦੇਸ਼ ਦੇ ਰਹੇ ਹਨ:
ਸਿਰੀਰਾਗੁ ਮਹਲ ੧ ॥ ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥ ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥ ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥
- Advertisement -
ਪਦ ਅਰਥ: ਮੋਹਿ = ਮੋਹ ਵਿਚ। ਮਨੂਰੁ = ਸੜਿਆ ਹੋਇਆ ਲੋਹਾ, ਲੋਹੇ ਦੀ ਮੈਲ। ਫਿਰਿ = ਫਿਰ ਭੀ। ਲਾਗੂ = ਵੈਰੀ। ਕੂਰਿ = ਕੂੜ ਵਿਚ (ਮਸਤ ਰਹਿ ਕੇ) । ਤੂਰੁ = ਵਾਜਾ (ਵਿਕਾਰਾਂ ਦਾ) । ਭਰਮਾਈਐ = ਭਟਕਣਾ ਵਿਚ ਪਿਆ ਰਹਿੰਦਾ ਹੈ। ਦੁਬਿਧਾ = ਦੁਚਿੱਤਾ-ਪਨ। ਪੂਰੁ = ਸਾਰਾ ਪਰਵਾਰ (ਸਾਰੇ ਗਿਆਨ-ਇੰਦ੍ਰੇ) ।1।
(ਜਿਸ ਨੇ ਨਾਮ ਨਹੀਂ ਸਿਮਰਿਆ, ਉਸ ਦਾ) ਸਰੀਰ (ਵਿਕਾਰਾਂ ਵਿਚ ਹੀ) ਸੜ ਬਲ ਕੇ ਮਿੱਟੀ ਹੋ ਜਾਂਦਾ ਹੈ (ਰੁਲ ਜਾਂਦਾ ਹੈ) ਉਸ ਦਾ ਮਨ ਮਾਇਆ ਦੇ ਮੋਹ ਵਿਚ (ਫਸ ਕੇ, ਮਾਨੋ) ਸੜਿਆ ਹੋਇਆ ਲੋਹਾ ਬਣ ਜਾਂਦਾ ਹੈ। ਫਿਰ ਵੀ ਵਿਕਾਰ ਉਸ ਦੀ ਖ਼ਲਾਸੀ ਨਹੀਂ ਕਰਦੇ, ਉਹ ਅਜੇ ਵੀ ਕੂੜ ਵਿਚ ਮਸਤ ਰਹਿ ਕੇ (ਮਾਇਆ ਦੇ ਮੋਹ ਦਾ) ਵਾਜਾ ਵਜਾਂਦਾ ਹੈ। ਗੁਰ-ਸ਼ਬਦ ਤੋਂ ਵਾਂਜਿਆਂ ਰਹਿ ਕੇ ਉਹ ਭਟਕਣਾ ਵਿਚ ਪਿਆ ਰਹਿੰਦਾ ਹੈ। ਦੁਬਿਧਾ ਉਸ ਮਨੁੱਖ ਦਾ (ਗਿਆਨ-ਇੰਦ੍ਰਿਆਂ ਦਾ) ਸਾਰਾ ਹੀ ਪਰਵਾਰ (ਮੋਹ ਦੇ ਸਮੁੰਦਰ ਵਿਚ) ਡੋਬ ਦੇਂਦੀ ਹੈ।1।
ਮਨ ਰੇ ਸਬਦਿ ਤਰਹੁ ਚਿਤੁ ਲਾਇ ॥ ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥
ਸਬਦਿ = (ਗੁਰੂ ਦੇ) ਸ਼ਬਦ ਵਿਚ। ਜਿਨਿ = ਜਿਸ (ਮਨੁੱਖ) ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਰਹਾਉ।
ਅਰਥ: ਹੇ (ਮੇਰੇ) ਮਨ! ਗੁਰੂ ਦੇ ਸ਼ਬਦ ਵਿਚ ਚਿੱਤ ਜੋੜ (ਤੇ ਇਸ ਤਰ੍ਹਾਂ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹ ਮਰਦਾ ਹੈ ਜੰਮਦਾ ਹੈ ਜੰਮਦਾ ਹੈ ਮਰਦਾ ਹੈ।1। ਰਹਾਉ।
- Advertisement -
ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥ ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥ ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥੨॥
ਸੂਚਾ = ਸੁੱਚਾ, ਪਵਿੱਤਰ। ਭੈ = ਨਿਰਮਲ ਡਰ ਵਿਚ, ਅਦਬ ਵਿਚ। ਸਚਿ = ਸਦਾ-ਥਿਰ ਪ੍ਰਭੂ ਦੀ ਯਾਦ ਵਿਚ। ਰਾਤੀ = ਰੰਗੀ ਹੋਈ। ਦੇਹੁਰੀ = ਸੁੰਦਰ ਦੇਹੀ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਸੁਆਉ = ਸੁਆਰਥ, ਮਨੋਰਥ। ਨਿਹਾਲੀਐ = ਤੱਕਿਆ ਜਾਂਦਾ ਹੈ। ਨ ਪਾਵੈ ਤਾਉ = ਤਾਅ ਨਹੀਂ ਸਹਾਰਦਾ।2।
ਜੇਹੜਾ ਸੁੰਦਰ ਸਰੀਰ ਪਰਮਾਤਮਾ ਦੇ ਅਦਬ-ਪਿਆਰ ਵਿਚ ਪਰਮਾਤਮਾ ਦੀ ਯਾਦ ਵਿਚ ਰੰਗਿਆ ਰਹਿੰਦਾ ਹੈ, ਜਿਸ ਦੀ ਜੀਭ ਨੂੰ ਸਿਮਰਨ ਹੀ (ਆਪਣੀ ਹਸਤੀ ਦਾ) ਅਸਲ ਮਨੋਰਥ ਜਾਪਦਾ ਹੈ, ਜਿਸ ਸਰੀਰ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤ੍ਰ ਅਖਵਾ ਸਕਦਾ ਹੈ। ਜਿਸ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਮੁੜ ਮੁੜ (ਚੌਰਾਸੀ ਦੇ ਗੇੜ ਦੀ ਕੁਠਾਲੀ ਵਿਚ ਪੈ ਕੇ) ਤਾਅ (ਸੇਕ) ਨਹੀਂ ਸਹਾਰਦਾ।2।
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥
ਸਾਚੇ ਤੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ। ਪਵਨੈ ਤੇ = ਪਵਨ ਤੋਂ। ਤ੍ਰਿਭਵਣੁ = ਸਾਰਾ ਜਗਤ (ਤਿੰਨੇ ਭਵਨ) । ਸਾਜਿਆ = ਰਚਿਆ ਗਿਆ। ਸਮੋਇ = ਸਮਾਈ ਹੋਈ ਹੈ। ਸਬਦਿ ਰਤੇ = ਗੁਰ-ਸ਼ਬਦ ਵਿਚ ਰੰਗੇ ਰਹਿ ਕੇ।3।
ਗੁਰੂ ਦੇ ਸ਼ਬਦ ਵਿਚ ਰੰਗੇ ਹੋਏ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਉਹ ਸਦਾ ਪਵਿਤ੍ਰ ਰਹਿੰਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। (ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।3।
ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥ ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥ ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥
ਪੰਚ ਭੂਤ = ਪੰਜੇ ਤਤ, ਸਾਰਾ ਸਰੀਰ। ਗੁਰਿ = ਗੁਰੂ ਨੇ। ਤਾਹਿ = ਉਸ ਦੀ।4।
ਹੇ ਨਾਨਕ! ਜਿਸ ਮਨੁੱਖ ਦੀ ਗੁਰੂ ਨੇ ਰਾਖੀ ਕੀਤੀ, ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲੀ, ਵਿਕਾਰ ਉਸ ਤੋਂ ਪਰੇ ਹਟ ਗਏ, ਉਸ ਦਾ ਮਨ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਉਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਕਰੀ ਰੱਖਦਾ ਹੈ, ਉਸ ਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿਚ ਪ੍ਰਭੂ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੀ ਜੋਤਿ ਸਦਾ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ।4।15।
ਗੁਰੁ ਸਾਹਿਬ ਉਕਤ ਸ਼ਬਦ ਵਿੱਚ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਜੋ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਉਨ੍ਹਾਂ ਦੇ ਸਰੀਰ ਵੀ ਪਾਵਨ ਹੋ ਜਾਂਦੇ ਹਨ। ਉਨ੍ਹਾਂ ਨੂੰ ਲੋਕ ਪ੍ਰਲੋਕ ਵਿੱਚ ਇੱਜ਼ਤ ਮਿਲਦੀ ਹੈ। ਵਿਕਾਰ ਉਨ੍ਹਾਂ ਦੇ ਨੇੜ੍ਹੇ ਨਹੀਂ ਲੱਗਦੇ। ਉਹ ਸੰਤੋਖ ਦੇ ਧਾਰਨੀ ਹੋ ਜਾਂਦੇ ਹਨ। ਸਦਾ ਪ੍ਰਭੁ ਰੰਗ ਵਿੱਚ ਰੰਗੇ ਉਹ ਅਕਾਲ ਪੁਰਖ ਦੀ ਇਲਾਹੀ ਪ੍ਰਕਾਸ਼ ਦੇ ਧਾਰਨੀ ਹੋ ਨਿਬੜਦੇ ਹਨ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।
*gurdevsinghdr@gmail.com