ਸ਼ਬਦ ਵਿਚਾਰ -134
ਭਾਈ ਰੇ ਸੰਤ ਜਨਾ ਕੀ ਰੇਣੁ …
*ਡਾ. ਗੁਰਦੇਵ ਸਿੰਘ
ਚੰਗਿਆਂ ਦੀ ਸੰਗਤ ਕਰੋਗੇ ਤਾਂ ਚੰਗੇ ਬਣੋਗੇ ਅਤੇ ਜੇ ਮੰਦਿਆਂ ਦੀ ਸੰਗਤ ਕਰੋਗੇ ਮੰਦੇ ਵਿਚਾਰਾਂ ਦੀ ਮਲ ਮਨ ‘ਤੇ ਲੱਗ ਜਾਂਦੀ ਹੈ। ਸੰਗਤ ਦੀ ਰੰਗਤ ਦਾ ਬੜਾ ਹੀ ਮਹੱਤਵ ਹੈ। ਗੁਰਬਾਣੀ ਵਿੱਚ ਸਤਿਸੰਗੀਆਂ ਦੀ ਸੰਗਤ ਕਰਨ ਦਾ ਵਾਰ ਵਾਰ ਉਪਦੇਸ਼ ਦਿੱਤਾ ਜਾਂਦਾ ਹੈ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਭਾਈ ਰੇ ਸੰਤ ਜਨਾ ਕੀ ਰੇਣੁ …” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 18 ‘ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ ਬਾਹਰਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਪ੍ਰਭੂ ਰੰਗ ਵਿੱਚ ਰੰਗੀਆਂ ਰੂਹਾਂ ਦੀ ਸੰਗਤ ਕਰਨ ਦਾ ਉਪਦੇਸ਼ ਦੇ ਰਹੇ ਹਨ:
ਸਿਰੀਰਾਗੁ ਮਹਲੁ ੧ ॥
- Advertisement -
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥ ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥
ਪਦ ਅਰਥ: ਫੁਨਿ = ਮੁੜ। ਧਾਤੁ = ਸੋਨਾ ਆਦਿਕ ਧਾਤੂ ਦਾ ਬਣਿਆ ਹੋਇਆ ਗਹਿਣਾ। ਸਿਫਤੀ = ਸਿਫ਼ਤਾਂ ਦਾ ਮਾਲਕ ਪਰਮਾਤਮਾ। ਗੁਲਾਲੁ = ਲਾਲ ਫੁੱਲ। ਗਹਬਰਾ = ਗੂੜ੍ਹਾ। ਸਚਾ = ਸਦਾ ਟਿਕਿਆ ਰਹਿਣ ਵਾਲਾ, ਪੱਕਾ। ਭਾਇ = ਭਾਉ ਵਿਚ, ਪ੍ਰੇਮ ਵਿਚ। ਏਕੈ ਭਾਇ = ਇਕ-ਰਸ ਪ੍ਰੇਮ ਵਿਚ।1।
ਅਰਥ: ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ, ਜਿਵੇਂ (ਸੋਨਾ ਆਦਿਕ ਕਿਸੇ ਧਾਤ ਦਾ ਬਣਿਆ ਹੋਇਆ ਜ਼ੇਵਰ ਢਲ ਕੇ) ਮੁੜ (ਉਸੇ) ਧਾਤ ਨਾਲ ਇੱਕ-ਰੂਪ ਹੋ ਜਾਂਦਾ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨੁੱਖ ਉੱਤੇ ਪੱਕਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ (ਮਨੁੱਖ ਦਾ ਚਿਹਰਾ ਚਮਕ ਉਠਦਾ ਹੈ) । ਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ।1।
ਭਾਈ ਰੇ ਸੰਤ ਜਨਾ ਕੀ ਰੇਣੁ ॥ ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥
ਰੇਣੁ = ਚਰਨ-ਧੂੜ। ਧੇਣੁ = ਗਾਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।1। ਰਹਾਉ।
- Advertisement -
ਹੇ ਭਾਈ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ। ਸੰਤ ਜਨਾਂ ਦੀ ਸਭਾ ਵਿਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ।1। ਰਹਾਉ।
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥ ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥
ਮੁਰਾਰਿ = ਪਰਮਾਤਮਾ। ਕਰਣੀ = ਆਚਰਨ। ਦਰੁ ਘਰੁ = ਪ੍ਰਭੂ ਦਾ ਦਰ, ਪ੍ਰਭੂ ਦਾ ਘਰ। ਪਿਆਰਿ = ਪਿਆਰ ਦੀ ਰਾਹੀਂ। ਆਤਮ ਰਾਮੁ = ਸਭ ਦੇ ਆਤਮਾ ਵਿਚ ਵਿਆਪਕ ਪ੍ਰਭੂ। ਬੀਚਾਰਿ = ਵਿਚਾਰ ਕੇ। ਆਤਮੁ ਰਾਮੁ ਬੀਚਾਰਿ = ਸਰਬ-ਵਿਆਪੀ ਪ੍ਰਭੂ (ਦੇ ਗੁਣਾਂ) ਨੂੰ ਵਿਚਾਰ ਕੇ।2।
ਪਰਮਾਤਮਾ (ਦੇ ਰਹਿਣ) ਦਾ ਸੋਹਣਾ ਥਾਂ ਉੱਚਾ ਹੈ, ਉਸ ਦਾ ਮਹਲ (ਸਭ ਤੋਂ) ਉੱਪਰ ਹੈ। ਉਸ ਦਾ ਦਰ ਉਸ ਦਾ ਘਰ ਮਹਲ ਪਿਆਰ ਦੀ ਰਾਹੀਂ ਲੱਭਦਾ ਹੈ, ਟਿਕਵਾਂ (ਚੰਗਾ) ਆਚਰਣ ਦੇ ਕੇ ਲੱਭੀਦਾ ਹੈ (ਪਰ ਉੱਚਾ ਆਚਰਨ ਭੀ ਸੌਖੀ ਖੇਡ ਨਹੀਂ, ਮਨ ਵਿਕਾਰਾਂ ਵਲ ਹੀ ਪ੍ਰੇਰਦਾ ਰਹਿੰਦਾ ਹੈ, ਤੇ) ਮਨ ਨੂੰ ਗੁਰੂ ਦੀ ਰਾਹੀਂ ਸਿੱਧੇ ਰਾਹੇ ਪਾਈਦਾ ਹੈ, ਸਰਬ-ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ।2।
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥ ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥ ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥
ਤ੍ਰਿਬਿਧਿ = ਤਿੰਨ ਕਿਸਮਾਂ ਦੇ, ਮਾਇਆ ਦੇ ਤਿੰਨ ਗੁਣਾਂ (ਰਜੋ, ਸਤੋ, ਤਮੋ) ਵਾਲੇ। ਕਮਾਈਅਹਿ = ਕਮਾਏ ਜਾਂਦੇ ਹਨ, ਕੀਤੇ ਜਾਂਦੇ ਹਨ। ਅੰਦੇਸਾ = ਸਹਸਾ। ਤ੍ਰਿਕਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ, ਖਿੱਝ। ਸਹਜਿ ਮਿਲਿਐ = ਜੇ ਅਡੋਲ ਅਵਸਥਾ ਵਿਚ ਟਿਕੇ ਰਹੀਏ। ਨਿਜ ਘਰਿ = ਆਪਣੇ ਘਰ ਵਿਚ, ਅਡੋਲ ਅਵਸਥਾ ਵਿਚ ਜਦੋਂ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ।3।
(ਦੁਨੀਆ ਵਿਚ ਆਮ ਤੌਰ ਤੇ) ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ, ਜਿਸ ਕਰਕੇ ਆਸਾ ਤੇ ਸੰਹਸਿਆਂ ਦਾ ਗੇੜ ਬਣਿਆ ਰਹਿੰਦਾ ਹੈ (ਇਹਨਾਂ ਦੇ ਕਾਰਨ ਮਨ ਵਿਚ ਖਿੱਝ ਬਣਦੀ ਹੈ) ਇਹ ਖਿੱਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਨਹੀਂ ਹਟਦੀ (ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ) , ਅਡੋਲਤਾ ਵਿਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ। ਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਮਨੁੱਖ (ਆਪਣੇ ਮਨ ਦੀ) ਮੈਲ ਸਾਫ਼ ਕਰਦਾ ਹੈ (ਮਨ ਭਟਕਣੋਂ ਹਟ ਜਾਂਦਾ ਹੈ) ਤੇ ਅਡੋਲਤਾ ਵਿਚ ਪਰਮਾਤਮਾ ਦਾ ਟਿਕਾਣਾ (ਆਪਣੇ ਅੰਦਰ ਹੀ) ਪਛਾਣ ਲਈਦਾ ਹੈ।3।
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥ ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥ ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥
ਘਰ ਵਾਸੁ = ਘਰ ਦਾ ਵਸੇਬਾ, ਅਡੋਲ ਅਵਸਥਾ, ਉਹ ਹਾਲਤ ਜਦੋਂ ਮਨ ਬਾਹਰ ਭਟਕਣੋਂ ਰੁਕ ਜਾਂਦਾ ਹੈ। ਏਕੋ = ਇਕ (ਰਾਜ਼ਕ ਪ੍ਰਭੂ) ਦਾ। ਦੇਖਿ = ਦੇਖ ਕੇ। ਦਿਖਾਈਐ = ਵਿਖਾਇਆ ਜਾ ਸਕਦਾ ਹੈ। ਜਾਸੁ = ਜਾਂਦਾ ਹਾਂ।4।
ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁਪਦੀ, ਪਰਮਾਤਮਾ ਵਿਚ ਜੁੜਨ ਤੋਂ ਬਿਨਾ ਮਾਨਸਕ ਅਡੋਲਤਾ ਨਹੀਂ ਲੱਭਦੀ। (ਹੇ ਭਾਈ!) ਇਕ (ਰਾਜ਼ਕ) ਪ੍ਰਭੂ ਦੀ ਹੀ ਸਿਫ਼ਤਿ-ਸਾਲਾਹ ਵਿਚਾਰਨੀ ਚਾਹੀਦੀ ਹੈ (ਜੋ ਸਿਫ਼ਤਿ-ਸਾਲਾਹ ਕਰਦਾ ਹੈ ਉਹ) ਹੋਰ ਹੋਰ ਆਸਾਂ ਛੱਡ ਦੇਂਦਾ ਹੈ। ਹੇ ਨਾਨਕ! (ਆਖ–) ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰ ਕੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।4।12।
ਮੰਦੇ ਵਿਚਾਰਾਂ ਦੀ ਲੱਗੀ ਮਲ ਕੇਵਲ ਗੁਰੂ ਦੀ ਕਿਰਪਾ ਸਦਕਾ ਹੀ ਉਤਰ ਸਕਦੀ ਹੈ। ਗੁਰੂ ਦੀ ਕਿਰਪਾ ਸਦਕਾ ਨਿਰਮਲ ਮਨ ਨਾਲ ਕੀਤੀ ਪ੍ਰਭੂ ਦੀ ਸਿਫਤ ਸਾਲਾਹ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਪੱਕੀ ਹੈ। ਸੋ ਸਾਨੂੰ ਅਜਿਹੇ ਗੁਰੂ ਦੀ ਚਰਨਾਂ ਦੀ ਧੂੜ ਬਣਨਾ ਚਾਹੀਦਾ ਹੈ ਜੋ ਸੱਚ ਦਾ ਗਿਆਨ ਸਾਨੂੰ ਬਖਸ਼ਿਸ਼ ਕਰਦਾ ਹੈ। ਸ਼ਬਦ ਵਿਚਾਰ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।
*gurdevsinghdr@gmail.com