ਸ਼ਬਦ ਵਿਚਾਰ -122  ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ… ਡਾ. ਗੁਰਦੇਵ ਸਿੰਘ

TeamGlobalPunjab
5 Min Read

ਸ਼ਬਦ ਵਿਚਾਰ -122 

ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ…

*ਡਾ. ਗੁਰਦੇਵ ਸਿੰਘ

ਸਾਡਾ ਜੀਵਨ ਹੋਲੀ ਹੋਲੀ ਬੀਤ ਦਾ ਜਾ ਰਿਹਾ ਹੈ। ਪ੍ਰਤੀ ਦਿਨ ਸੂਰਜ ਚੜਦਾ ਹੈ ਫਿਰ ਛਿਪ ਜਾਂਦਾ ਹੈ। ਇਹ ਪ੍ਰਕ੍ਰਿਆ ਸਦੀਆਂ ਤੋਂ ਚੱਲੀ ਆ ਰਹੀ ਹੈ। ਧਰਤੀ ‘ਤੇ ਬੇਅੰਤ ਜੀਵ ਪੈਦਾ ਹੋਏ ਅਤੇ ਸਮੇਂ ਨਾਲ ਖਤਮ ਵੀ ਹੋ ਗਏ। ਮਨੁੱਖਾ ਜੀਵਨ ਵੀ ਅਜਿਹਾ ਹੀ ਹੈ। ਬੇਅੰਤ ਮਨੁੱਖਾਂ ਨੇ ਇਸ ਧਰਤੀ ‘ਤੇ ਜਨਮ ਲਿਆ ਤੇ ਆਪਣੀ ਆਪਣੀ ਵਾਰੀ ਇਥੋਂ ਤੁਰ ਗਏ। ਜੋ ਮਨੁੱਖ ਉਸ ਕਰਤੇ ਦੀ ਰਜਾ ਚ ਚਲਦੇ ਹਨ ਤੇ ਉਸ ‘ਤੇ ਵਿਸ਼ਵਾਸ਼ ਕਰਦੇ ਹਨ, ਉਸ ਨੂੰ ਆਪਣੀ ਸਿਮਰਤੀ ਵਿੱਚ ਰੱਖਦੇ ਹਨ ਉਨ੍ਹਾਂ ਦਾ ਆਇਆ ਸਫਲ ਹੋ ਜਾਂਦਾ ਹੈ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਿਆ ਸ਼ਬਦ ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਦੀ ਵਿਚਾਰ ਕਰਾਂਗੇ ਜਿਸ ਵਿੱਚ ਗੁਰੂ ਜੀ ਮਨੁੱਖਾ ਜੀਵਨ ਦੇ ਅਸਲ ਕੰਮ ਨੂੰ ਸਿਰੇ ਚਾੜ੍ਹਨ ਦਾ ਉਪਦੇਸ਼ ਦੇ ਰਹੇ ਹਨ।

ਰਾਗੁ ਗਉੜੀ ਪੂਰਬੀ ਮਹਲਾ ੫ ॥ ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥

- Advertisement -

ਪਦ ਅਰਥ: ਕਰਉ = ਕਰਉਂ, ਮੈਂ ਕਰਦਾ ਹਾਂ {ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ}। ਸੁਣਹੁ = ਤੁਸੀ ਸੁਣੋ {ਹੁਕਮੀ ਭਵਿੱਖਤ, ਮੱਧਮ ਪੁਰਖ, ਬਹੁ-ਵਚਨ}। ਬੇਲਾ = ਵੇਲਾ, ਮੌਕਾ। ਈਹਾ = ਇਥੇ, ਇਸ ਜਨਮ ਵਿਚ। ਖਾਟਿ = ਖੱਟ ਕੇ। ਲਾਹਾ = ਲਾਭ, ਖੱਟੀ। ਆਗੈ = ਪਰਲੋਕ ਵਿਚ। ਬਸਨੁ = ਵੱਸਣਾ, ਵਸੋਂ। ਸੁਹੇਲਾ = ਸੌਖਾ।1।

ਅਰਥ: ਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ = (ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ। (ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿਚ ਰਹਿਣਾ ਸੌਖਾ ਹੋ ਜਾਇਗਾ।1।

ਅਉਧ ਘਟੈ ਦਿਨਸੁ ਰੈਣਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥

ਅਉਧ = ਉਮਰ। ਰੈਣਾ = ਰਾਤ। ਮਨ = ਹੇ ਮਨ! ਮਿਲਿ = ਮਿਲ ਕੇ। ਸਵਾਰੇ = ਸਵਾਰਿ, ਸਵਾਰ ਲੈ।1। ਰਹਾਉ।

ਹੇ ਮਨ! ਦਿਨ ਰਾਤ (ਬੀਤ ਬੀਤ ਕੇ) ਉਮਰ ਘਟਦੀ ਜਾ ਰਹੀ ਹੈ। ਹੇ (ਮੇਰੇ) ਮਨ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ।1। ਰਹਾਉ।

- Advertisement -

ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥  ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥

ਬਿਕਾਰ = ਵਿਕਾਰ-ਰੂਪ, ਵਿਕਾਰਾਂ ਨਾਲ ਭਰਿਆ ਹੋਇਆ। ਸੰਸੇ ਮਹਿ = ਸਹਿੰਸਿਆਂ ਵਿਚ, ਤੌਖ਼ਲਿਆਂ ਵਿਚ। ਜਿਸਹਿ = ਜਿਸ ਮਨੁੱਖ ਨੂੰ। ਜਗਾਇ = ਜਗਾ ਕੇ। ਪੀਆਵੈ = ਪਿਲਾਂਦਾ ਹੈ। ਤਿਨਿ = ਉਸ ਨੇ।2।

ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖ਼ਲਿਆਂ ਵਿਚ (ਡੁੱਬ ਰਹੇ ਹਨ। ਇਹਨਾਂ ਵਿਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ। (ਵਿਕਾਰਾਂ ਵਿਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ) ਕਰਨ ਦੀ ਜਾਚ ਸਿੱਖ ਲਈ ਹੈ।2।

ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥

ਜਾ ਕਉ = ਜਿਸ (ਮਨੋਰਥ) ਵਾਸਤੇ। ਬਿਹਾਝਹੁ = ਖ਼ਰੀਦੋ, ਵਣਜ ਕਰੋ। ਤੇ = ਤੋਂ, ਦੀ ਰਾਹੀਂ। ਮਨਹਿ = ਮਨ ਵਿਚ ਹੀ। ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ ਵਿਚ। ਮਹਲੁ = (ਪਰਮਾਤਮਾ ਦਾ) ਟਿਕਾਣਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਬਹੁਰਿ = ਫਿਰ।3।

(ਹੇ ਭਾਈ!) ਜਿਸ ਕੰਮ ਵਾਸਤੇ (ਇੱਥੇ) ਆਏ ਹੋ, ਉਸ ਦਾ ਵਣਜ ਕਰੋ। ਉਹ ਹਰਿ-ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿਚ ਵੱਸ ਸਕਦਾ ਹੈ। (ਜੇ ਗੁਰੂ ਦੀ ਸਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ।3।

ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥ 

ਅੰਤਰਜਾਮੀ = ਹੇ ਦਿਲਾਂ ਦੀ ਜਾਣਨ ਵਾਲੇ! ਪੁਰਖ = ਹੇ ਸਭ ਵਿਚ ਵਿਆਪਕ! ਬਿਧਾਤੇ = ਹੇ ਸਿਰਜਣਹਾਰ! ਪੂਰੇ = ਪੂਰਿ, ਪੂਰੀ ਕਰ। ਮਾਗੈ = ਮੰਗਦਾ ਹੈ। ਮੋ ਕਉ = ਮੈਨੂੰ। ਧੂਰੇ = ਚਰਨ-ਧੂੜ।4।

ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਬ-ਵਿਆਪਕ ਸਿਰਜਨਹਾਰ! ਮੇਰੇ ਮਨ ਦੀ ਇੱਛਾ ਪੂਰੀ ਕਰ। ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ।4।5।

 ਅਖ਼ੀਰਲੇ ਅੰਕ 5 ਦਾ ਭਾਵ ਇਹ ਹੈ ਕਿ ਇਸ ਸੰਗ੍ਰਹਿ (ਸੋਹਿਲੇ) ਦਾ ਇਹ ਪੰਜਵਾਂ ਸ਼ਬਦ ਹੈ। ਪਾਠਕ ਸੱਜਣ ਧਿਆਨ ਰੱਖਣ ਕਿ ਇਸ ਬਾਣੀ ਦਾ ਨਾਮ ‘ਸੋਹਿਲਾ’ ਹੈ,’ਕੀਰਤਨ ਸੋਹਿਲਾ’ ਨਹੀਂ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।

*gurdevsinghdr@gmail.com

Share this Article
Leave a comment