ਸ਼ਬਦ ਵਿਚਾਰ -119
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ …
*ਡਾ. ਗੁਰਦੇਵ ਸਿੰਘ
ਗੁਰੂ ਸਾਹਿਬਾਨ ਨੇ ਧੁਰ ਕੀ ਬਾਣੀ ਦੇ ਸੁਨੇਹੇ ਨੂੰ ਲੋਕਾਈ ਤਕ ਪਹੁੰਚਾਉਣ ਲਈ ਅਨੇਕ ਤਰੀਕੇ ਪ੍ਰਯੋਗ ਵਿੱਚ ਲਿਆਂਦੇ ਜਿਵੇਂ ਵਿਭਿੰਨ ਸੰਗੀਤਕ ਸ਼ੈਲੀਆਂ, ਸਲੋਕ, ਪਦ ਆਦਿ। ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਨੇ ਸਮਾਜ ਵਿੱਚ ਪ੍ਰਚਲਿਤ ਰੀਤਾਂ ਨੂੰ ਵੀ ਬਾਣੀ ਦੇ ਪ੍ਰਚਾਰ ਹਿਤ ਪ੍ਰਯੋਗ ਕੀਤਾ। ਜੇ ਵਿਆਹ ਦੀ ਰੀਤ ਹੈ ਤਾਂ ਗੁਰੂ ਸਾਹਿਬ ਨੇ ਲਾਵ, ਘੋੜੀਆਂ ਬਾਣੀ ਰੂਪ, ਜੇ ਅਕਾਲ ਚਲਾਣੇ ਦੀ ਰੀਤ ਹੈ ਤਾਂ ਗੁਰੂ ਸਾਹਿਬ ਨੇ ਅਲਾਹਣੀਆਂ ਬਾਣੀ ਰੂਪ ਨਾਲ ਉਸ ਅਕਾਲ ਪੁਰਖ ਦਾ ਸੁਨੇਹਾ ਲੋਕਾਈ ਤਕ ਸੰਚਾਰਿਤ ਕੀਤਾ। ਸੋਹਿਲਾ ਬਾਣੀ ਰੂਪ ਵੀ ਅਜਿਹੀ ਬਾਣੀ ਰਚਨਾ ਹੈ ਜਿਸ ਵਿੱਚ ਬਾਣੀ ਜਿੰਦ ਰੂਪੀ ਕੁੜੀ ਨੂੰ ਮਾਤ ਲੋਕ ਰੂਪੀ ਪੇਕਿਆਂ ਤੋਂ ਪ੍ਰਲੋਕ ਰੂਪੀ ਸਹੁਰੇ ਘਰ ਜਾਣ ਦਾ ਉਪਦੇਸ਼ ਦਿੰਦੀ ਹੈ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸੋਹਿਲਾ ਬਾਣੀ ਰੂਪ ਦੇ ਅੰਤਰਗਤ ਦਰਜ ਸ਼ਬਦ ਦੀ ਵਿਚਾਰ ਕਰਾਂਗੇ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 12 ‘ਤੇ ਰਾਗ ਗਉੜੀ ਦੀਪਕੀ ਦੇ ਅੰਤਰਗਤ ਅੰਕਿਤ ਹੈ:
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ੴ ਸਤਿਗੁਰ ਪ੍ਰਸਾਦਿ ॥
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥
ਪਦ ਅਰਥ
ਜੈ ਘਰਿ = ਜਿਸ ਘਰ ਵਿਚ, ਜਿਸ ਸਤਸੰਗ-ਘਰ ਵਿਚ। ਕੀਰਤਿ = ਸਿਫ਼ਤਿ-ਸਾਲਾਹ। ਆਖੀਐ = ਆਖੀ ਜਾਂਦੀ ਹੈ। ਤਿਤੁ ਘਰਿ = ਉਸ ਸਤਸੰਗ-ਘਰ ਵਿਚ। ਸੋਹਿਲਾ = ਸੁਹਾਗ ਦਾ ਗੀਤ {ਨੋਟ: ਕੁੜੀ ਦੇ ਵਿਆਹ ਸਮੇ ਜੋ ਗੀਤ ਰਾਤ ਨੂੰ ਜ਼ਨਾਨੀਆਂ ਰਲ ਕੇ ਗਾਂਦੀਆਂ ਹਨ ਉਹਨਾਂ ਨੂੰ ‘ਸੋਹਿਲੜੇ’ ਕਹੀਦਾ ਹੈ। ਇਹਨਾਂ ਗੀਤਾਂ ਵਿਚ ਕੁਝ ਤਾਂ ਵਿਛੋੜੇ ਦਾ ਜਜ਼ਬਾ ਹੁੰਦਾ ਹੈ ਜੋ ਕੁੜੀ ਦੇ ਵਿਆਹੇ ਜਾਣ ਤੇ ਮਾਪਿਆਂ ਅਤੇ ਸਹੇਲੀਆਂ ਨਾਲੋਂ ਪੈਣਾ ਹੁੰਦਾ ਹੈ, ਤੇ, ਕੁਝ ਅਸੀਸਾਂ ਆਦਿਕ ਹੁੰਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}, ਜਸ, ਸਿਫ਼ਤਿ-ਸਾਲਾਹ, ਪ੍ਰਭੂ-ਪਤੀ ਨਾਲ ਮਿਲਣ ਦੀ ਤਾਂਘ ਦੇ ਸ਼ਬਦ।1।
ਹਉ = ਮੈਂ। ਵਾਰੀ = ਸਦਕੇ। ਜਿਤੁ ਸੋਹਿਲੈ = ਜਿਸ ਸੋਹਿਲੇ ਦੀ ਬਰਕਤਿ ਨਾਲ।1। ਰਹਾਉ।
ਨਿਤ ਨਿਤ = ਸਦਾ ਹੀ। ਸਮਾਲੀਅਨਿ = ਸਮਾਲੀਦੇ ਹਨ {ਕਰਮ ਵਾਚ, ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ}। ਦੇਖੈਗਾ = ਸੰਭਾਲ ਕਰੇਗਾ, ਸੰਭਾਲ ਕਰਦਾ ਹੈ। ਤੇਰੇ = ਤੇਰੇ ਪਾਸੋਂ (ਹੇ ਜਿੰਦੇ!) । ਦਾਨੈ ਕੀਮਤਿ = ਦਾਨ ਦਾ ਮੁੱਲ, ਬਖਸ਼ਸ਼ਾਂ ਦਾ ਮੁੱਲ। ਸੁਮਾਰੁ = ਅੰਦਾਜ਼ਾ, ਅੰਤ।2।
ਸੰਬਤਿ = ਸਾਲ, ਵਰ੍ਹਾ। ਸਾਹਾ = ਵਿਆਹੇ ਜਾਣ ਦਾ ਦਿਨ। ਲਿਖਿਆ = ਮਿਥਿਆ ਹੋਇਆ।
ਮਿਲਿ ਕਰਿ = ਰਲ ਕੇ। ਪਾਵਹੁ ਤੇਲੁ = {ਨੋਟ: ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਨੂੰ ਮਾਂਈਏਂ ਪਾਈਦਾ ਹੈ। ਚਾਚੀਆਂ ਤਾਈਆਂ ਸਹੇਲੀਆਂ ਰਲ ਕੇ ਉਸ ਦੇ ਸਿਰ ਵਿਚ ਤੇਲ ਪਾਂਦੀਆਂ ਹਨ, ਤੇ ਅਸੀਸਾਂ ਦੇ ਗੀਤ ਗਾਂਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}। ਅਸੀਸੜੀਆ = ਸੋਹਣੀਆਂ ਅਸੀਸਾਂ।3।
ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਪਾਹੁਚਾ = ਪਹੋਚਾ, ਸੱਦਾ, ਸਾਹੇ-ਚਿੱਠੀ {ਨੋਟ: ਵਿਆਹ ਦਾ ਸਾਹਾ ਤੇ ਲਗਨ ਮੁਕਰਰ ਹੋਣ ਤੇ ਮੁੰਡੇ ਵਾਲਿਆਂ ਦਾ ਨਾਈ ਜੰਞ ਦੀ ਗਿਣਤੀ ਆਦਿਕ ਤੇ ਹੋਰ ਜ਼ਰੂਰੀ ਸੁਨੇਹੇ ਲੈ ਕੇ ਕੁੜੀ ਵਾਲਿਆਂ ਦੇ ਘਰ ਜਾਂਦਾ ਹੈ। ਉਸ ਨੂੰ ਪਹੋਚੇ ਵਾਲਾ ਨਾਈ ਆਖਦੇ ਹਨ}। ਪਵੰਨਿ = ਪੈਂਦੇ ਹਨ। ਸਦੜੇ = ਸੱਦੇ। ਸੇ ਦਿਹ = ਉਹ ਦਿਹਾੜੇ। ਆਵੰਨਿ = ਆਉਂਦੇ ਹਨ।4।
ਵਿਆਖਿਆ
ਜਿਸ (ਸਤਸੰਗ-) ਘਰ ਵਿਚ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ (ਹੇ ਜਿੰਦ-ਕੁੜੀਏ!) ਉਸ (ਸਤਸੰਗ-) ਘਰ ਵਿਚ (ਜਾ ਕੇ ਤੂੰ ਭੀ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ (ਸੁਹਾਗ-ਮਿਲਾਪ ਦੀ ਤਾਂਘ ਦੇ ਸ਼ਬਦ) ਗਾਇਆ ਕਰ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ।1।
(ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤਿ ਦੇ ਗੀਤ ਗਾ (ਅਤੇ ਆਖ–) ਮੈਂ ਸਦਕੇ ਹਾਂ ਉਸ ਸਿਫ਼ਤਿ-ਦੇ-ਗੀਤ ਤੋਂ ਜਿਸ ਦੀ ਬਰਕਤਿ ਨਾਲ ਸਦਾ ਦਾ ਸੁਖ ਮਿਲਦਾ ਹੈ।1। ਰਹਾਉ।
(ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ, (ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਭੀ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ) ? (ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ।2।
(ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜ਼ੋਈਆਂ ਕਰਿਆ ਕਰ =) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਸਾਹੇ-ਚਿੱਠੀ ਆਉਣੀ ਹੈ, ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਓ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪ੍ਰਭੂ-ਪਤੀ ਨਾਲ ਮੇਰਾ ਮਿਲਾਪ ਹੋ ਜਾਏ।3।
(ਪਰਲੋਕ ਵਿਚ ਜਾਣ ਲਈ ਮੌਤ ਦੀ) ਇਹ ਸਾਹੇ-ਚਿੱਠੀ ਹਰੇਕ ਘਰ ਵਿਚ ਆ ਰਹੀ ਹੈ, ਇਹ ਸੱਦੇ ਨਿਤ ਪੈ ਰਹੇ ਹਨ। (ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪ੍ਰਭੂ-ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ।4।1।
ਵਿਆਹ ਦੇ ਸਮੇ ਪਹਿਲਾਂ ਮਾਂਈਏਂ ਪੈਣ ਦੀ ਰਸਮ ਨਿਭਾਈ ਜਾਂਦੀ ਰਹੀ ਹੈ। ਚਾਚੀਆਂ ਤਾਈਆਂ ਭਰਜਾਈਆਂ ਸਹੇਲੀਆਂ ਰਲ ਕੇ ਵਿਆਹ ਵਾਲੀ ਕੁੜੀ ਦੇ ਸਿਰ ਵਿਚ ਤੇਲ ਪਾਂਦੀਆਂ ਹਨ। ਉਸ ਨੂੰ ਇਸ਼ਨਾਨ ਕਰਾਂਦੀਆਂ ਹਨ, ਤੇ, ਨਾਲ ਨਾਲ ਸੁਹਾਗ ਦੇ ਗੀਤ ਗਾਂਦੀਆਂ ਹਨ, ਪਤੀ ਦੇ ਘਰ ਜਾ ਕੇ ਸੁਖੀ ਵੱਸਣ ਲਈ ਅਸੀਸਾਂ ਦੇਂਦੀਆਂ ਹਨ। ਉਹਨੀਂ ਦਿਨੀਂ ਰਾਤ ਨੂੰ ਗਾਵਣ ਬੈਠੀਆਂ ਜ਼ਨਾਨੀਆਂ ਭੀ ਸੋਹਿਲੜੇ ਜਾਂ ਸੁਹਾਗ ਦੇ ਗੀਤ ਗਾਂਦੀਆਂ ਹਨ। ਇਹਨਾਂ ਗੀਤਾਂ ਵਿਚ ਅਸੀਸਾਂ ਤੇ ਸੁਹਾਗ ਦੇ ਗੀਤ ਭੀ ਹੁੰਦੇ ਹਨ ਅਤੇ ਵੈਰਾਗ ਦੇ ਗੀਤ ਭੀ, ਕਿਉਂਕਿ ਇਕ ਪਾਸੇ ਤਾਂ ਕੁੜੀ ਨੇ ਵਿਆਹੀ ਜਾ ਕੇ ਆਪਣੇ ਪਤੀ ਦੇ ਘਰ ਜਾਣਾ ਹੈ; ਦੂਜੇ ਪਾਸੇ, ਉਸ ਕੁੜੀ ਦਾ ਮਾਪਿਆਂ ਭੈਣਾਂ ਭਰਾਵਾਂ ਸਹੇਲੀਆਂ ਚਾਚੀਆਂ ਤਾਈਆਂ ਭਰਜਾਈਆਂ ਆਦਿਕ ਨਾਲੋਂ ਵਿਛੋੜਾ ਭੀ ਹੋਣਾ ਹੁੰਦਾ ਹੈ। ਇਹਨਾਂ ਗੀਤਾਂ ਵਿਚ ਇਹ ਦੋਵੇਂ ਮਿਲਵੇਂ ਭਾਵ ਹੁੰਦੇ ਹਨ। ਜਿਵੇਂ ਵਿਆਹ ਲਈ ਸਮਾ ਮੁਹੂਰਤ ਮਿਥਿਆ ਜਾਂਦਾ ਹੈ, ਤੇ ਉਸ ਮਿਥੇ ਸਮੇ ਉਤੇ ਹੀ ਹਥ-ਲੇਵੇਂ ਆਦਿਕ ਕਰਨ ਦਾ ਪੂਰਾ ਜਤਨ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਹਰੇਕ ਜਿੰਦ-ਕੁੜੀ ਦਾ ਉਹ ਸਮਾ ਭੀ ਪਹਿਲਾਂ ਹੀ ਮਿਥਿਆ ਜਾ ਚੁਕਾ ਹੈ, ਜਦੋਂ ਮੌਤ ਦੀ ਸਾਹੇ-ਚਿੱਠੀ ਆਉਂਦੀ ਹੈ, ਤੇ ਇਸ ਨੇ ਸਾਕਾਂ ਸੰਬੰਧੀਆਂ ਤੋਂ ਵਿਛੁੜ ਕੇ ਇਸ ਜਗਤ-ਪੇਕੇ ਘਰ ਨੂੰ ਛੱਡ ਕੇ ਪਰਲੋਕ ਵਿਚ ਜਾਣਾ ਹੈ। ਇਸ ਸ਼ਬਦ ਵਿਚ ਜਿੰਦ-ਕੁੜੀ ਨੂੰ ਸਮਝਾਇਆ ਹੈ ਕਿ ਸਤਸੰਗ ਵਿਚ ਸੁਹਾਗ ਦੇ ਗੀਤ ਗਾਇਆ ਕਰ, ਤੇ ਸੁਣਿਆ ਕਰ। ਸਤ-ਸੰਗ, ਮਾਨੋ, ਮਾਂਈਏਂ ਪੈਣ ਦੀ ਥਾਂ ਹੈ। ਸਤਸੰਗੀ ਸਹੇਲੀਆਂ ਇਥੇ ਇਕ ਦੂਜੀ ਸਹੇਲੀ ਨੂੰ ਅਸੀਸਾਂ ਦੇਂਦੀਆਂ ਹਨ, ਅਰਦਾਸ ਕਰਦੀਆਂ ਹਨ ਕਿ ਪਰਲੋਕ ਤੁਰਨ ਵਾਲੀ ਸਹੇਲੀ ਨੂੰ ਪ੍ਰਭੂ-ਪਤੀ ਦਾ ਮਿਲਾਪ ਹੋਵੇ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰੂ ਨਾਨਕ ਪਾਤਸ਼ਾਹ ਦੀ ਅਗਲੇਰੀ ਬਾਣੀ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।