ਸ਼ਬਦ ਵਿਚਾਰ -115  ਜਪੁਜੀ ਸਾਹਿਬ – ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ…- ਡਾ. ਗੁਰਦੇਵ ਸਿੰਘ

TeamGlobalPunjab
5 Min Read

ਸ਼ਬਦ ਵਿਚਾਰ – 115

 ਜਪੁਜੀ ਸਾਹਿਬ – ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ…

ਡਾ. ਗੁਰਦੇਵ ਸਿੰਘ*

ਗੁਰ ਨਾਨਕ ਬਾਣੀ ਦੇ ਸਿਰਲੇਖ ਹੇਠ ਪਹਿਲੇ ਪਾਤਸ਼ਾਹ ਦੀ ਪਾਵਨ ਬਾਣੀ ਵਿਚਾਰ ਸ਼ਬਦ ਵਿਚਾਰ ਦੀ ਲੜੀ ਅਧੀਨ ਚੱਲ ਰਹੀ ਹੈ। ਅਸੀਂ ਸਭ ਤੋਂ ਪਹਿਲਾਂ ਜਪੁ ਜੀ ਸਾਹਿਬ ਦੀ ਬਾਣੀ ਵਿਚਾਰ ਕਰ ਰਹੇ ਹਾਂ। ਹੁਣ ਤੱਕ ਜਪੁਜੀ ਸਾਹਿਬ ਦੀਆਂ ਸਾਰੀਆਂ 38 ਪਉੜੀਆਂ ਦੀ ਵਿਚਾਰ ਹੋ ਚੁਕੀ ਹੈ। ਅੱਜ ਅਸੀਂ ਇਸ ਪਾਵਨ ਬਾਣੀ ਦੇ ਅੰਤ ਵਿੱਚ ਦਰਜ ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦੀ ਵਿਚਾਰ ਕਰ ਰਹੇ ਹਾਂ। ਜਪੁ ਜੀ ਸਾਹਿਬ ਦੀ ਬਾਣੀ ਵਿੱਚ ਦੋ ਸਲੋਕ ਆਉਂਦੇ ਹਨ। ਪਹਿਲੇ ਸਲੋਕ ਵਿਚ ਮੰਗਲਾਚਰਨ ਵਜੋਂ ਸਤਿਗੁਰੂ ਜੀ ਨੇ ਆਪਣੇ ਇਸ਼ਟ ਪ੍ਰਭੂ ਦਾ ਸਰੂਪ ਬਿਆਨ ਕੀਤਾ ਸੀ। ਦੂਜੇ ਤੇ ਅਖ਼ੀਰਲੇ ਸਲੋਕ ਵਿਚ ਸਾਰੀ ਬਾਣੀ ‘ਜਪੁ’ ਦਾ ਸਿਧਾਂਤ ਦੱਸਿਆ ਹੈ। ਆਓ ਇਸ ਦੀ ਵਿਚਾਰ ਕਰਦਾ ਹਾਂ:

ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਪਦ ਅਰਥ: ਪਵਣੁ = ਹਵਾ, ਸੁਆਸ, ਪ੍ਰਾਣ। ਮਹਤੁ = ਵੱਡੀ। ਦਿਵਸੁ = ਦਿਨ। ਦੁਇ = ਦੋਵੇਂ। ਦਿਵਸੁ ਦਾਇਆ = ਦਿਨ ਖਿਡਾਵਾ ਹੈ। ਰਾਤਿ ਦਾਈ = ਰਾਤ ਖਿਡਾਵੀ ਹੈ। ਸਗਲ = ਸਾਰਾ।

ਅਰਥ: ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ, ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ) ।

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਪਦ ਅਰਥ: ਵਾਚੈ = ਪਰਖਦਾ ਹੈ, (ਲਿਖੇ ਹੋਏ) ਪੜ੍ਹਦਾ ਹੈ। ਹਦੂਰਿ = ਅਕਾਲ ਪੁਰਖ ਦੀ ਹਜ਼ੂਰੀ ਵਿਚ, ਅਕਾਲ ਪੁਰਖ ਦੇ ਦਰ ‘ਤੇ। ਕਰਮੀ = ਕਰਮਾਂ ਅਨੁਸਾਰ। ਕੇ = ਕਈ ਜੀਵ। ਨੇੜੈ = ਅਕਾਲ ਪੁਰਖ ਦੇ ਨਜ਼ਦੀਕ।

ਅਰਥ: ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰਿ ਹੋ ਜਾਂਦੇ ਹਨ।

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥

ਪਦ ਅਰਥ: ਜਿਨੀ = ਜਿਨ੍ਹਾਂ ਮਨੁੱਖਾਂ ਨੇ। ਤੇ = ਉਹ ਮਨੁੱਖ। ਧਿਆਇਆ = ਸਿਮਰਿਆ ਹੈ। ਮਸਕਤਿ = ਮਸ਼ੱਕਤਿ, ਮਿਹਨਤ, ਘਾਲ = ਕਮਾਈ। ਘਾਲਿ = ਘਾਲ ਕੇ, ਸਫਲੀ ਕਰ ਕੇ। ਮੁਖ ਉਜਲੇ = ਉੱਜਲ ਮੁਖ ਵਾਲੇ। ਕੇਤੀ = ਕਈ ਜੀਵ। ਛੁਟੀ = ਮੁਕਤ ਹੋ ਗਈ, ਮਾਇਆ ਦੇ ਬੰਦਨਾਂ ਤੋਂ ਰਹਿਤ ਹੋ ਗਈ। ਨਾਲਿ = ਉਹਨਾਂ (ਗੁਰਮੁਖਾਂ) ਦੀ ਸੰਗਤ ਵਿਚ।

ਅਰਥ: ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, (ਅਕਾਲ ਪੁਰਖ ਦੇ ਦਰ ‘ਤੇ) ਉਹ ਉੱਜਲ ਮੁਖ ਵਾਲੇ ਹਨ ਅਤੇ (ਹੋਰ ਭੀ) ਕਈ ਜੀਵ ਉਹਨਾਂ ਦੀ ਸੰਗਤਿ ਵਿਚ (ਰਹਿ ਕੇ) (“ਕੂੜ ਦੀ ਪਾਲਿ” ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ ਹਨ।1।

ਪਾਵਨ ਬਾਣੀ ਜਪੁਜੀ ਸਾਹਿਬ ਦੇ ਉਕਤ ਸਲੋਕ ਵਿੱਚ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਇਹ ਜਗਤ ਇਕ ਰੰਗ-ਭੂਮੀ ਹੈ, ਜਿਸ ਵਿਚ ਜੀਵ ਖਿਲਾੜੀ ਆਪੋ ਆਪਣੀ ਖੇਡ ਖੇਡ ਰਹੇ ਹਨ। ਹਰੇਕ ਜੀਵ ਦੀ ਪੜਤਾਲ ਬੜੇ ਗਹੁ ਨਾਲ ਹੋ ਰਹੀ ਹੈ। ਜੋ ਨਿਰੀ ਮਾਇਆ ਦੀ ਖੇਡ ਹੀ ਖੇਡ ਗਏ, ਉਹ ਪ੍ਰਭੂ ਤੋਂ ਵਿੱਥ ਪਾਈ ਗਏ। ਪਰ ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ, ਉਹ ਆਪਣੀ ਮਿਹਨਤ ਸਫਲੀ ਕਰ ਗਏ ਤੇ ਹੋਰ ਕਈ ਜੀਵਾਂ ਨੂੰ ਇਸ ਸੁਚੱਜੇ ਰਾਹ ‘ਤੇ ਪਾਂਦੇ ਹੋਏ ਆਪ ਭੀ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਏ। ਜਪੁਜੀ ਸਾਹਿਬ ਦੀ ਪਵਿੱਤਰ ਬਾਣੀ ਦੀ ਵਿਚਾਰ ਅੱਜ ਸਮਾਪਤ ਹੋ ਗਈ ਹੈ, ਜਿਵੇਂ ਕਿ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਕਿ ਬਾਣੀ ਦੀ ਵਿਚਾਰ ਲਈ ਮੁੱਖ ਅਧਾਰ ਸਰੋਤ ਪ੍ਰੋ ਸਾਹਿਬ ਸਿੰਘ ਵਲੋਂ ਕੀਤੇ ਟੀਕੇ ਨੂੰ ਹੀ ਬਣਾਇਆ ਗਿਆ ਹੈ। ਗੁਰਬਾਣੀ ਅਥਾਹ ਹੈ, ਬੇਅੰਤ ਹੈ ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਇਹ ਖਸਮ ਦੀ ਬਾਣੀ ਹੈ, ਇਹ ਧੁਰ ਕੀ ਬਾਣੀ ਹੈ। ਸੋ ਇਸ ਲਈ ਬਾਣੀ ਦੀ ਜਿੰਨੀ ਵਿਚਾਰ ਕੀਤੀ ਜਾਵੇ ਉਹ ਘੱਟ ਹੈ। ਹਰ ਰੋਜ਼ ਦੀ ਬਾਣੀ ਵਿਚਾਰ ਇੱਕ ਨਵਾਂ ਗਿਆਨ ਪ੍ਰਦਾਨ ਕਰਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰੂ ਨਾਨਕ ਪਾਤਸ਼ਾਹ ਦੀ ਅਗਲੇਰੀ ਬਾਣੀ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ

*gurdevsinghdr@gmail.com

Share This Article
Leave a Comment