ਸ਼੍ਰੋਮਣੀ ਕਮੇਟੀ ਦਾ 11 ਅਰਬ 38 ਕਰੋੜ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਪਾਸ

Global Team
6 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਸਾਲ 2023-24 ਦਾ ਸਾਲਾਨਾ ਬਜਟ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਇਜਲਾਸ ਦੌਰਾਨ ਪਾਸ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਏ ਜਨਰਲ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ 11 ਅਰਬ 38 ਕਰੋੜ 14 ਲੱਖ ਰੁਪਏ ਦਾ ਬਜਟ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਬਜਟ ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।

ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਪਣੇ ਬਜਟ ਭਾਸ਼ਣ ਵਿਚ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਲਈ ਹੋਣ ਵਾਲੀ ਆਮਦਨ ਦੇ ਵੇਰਵੇ ਸਾਂਝੇ ਕਰਦਿਆਂ ਵੱਖ-ਵੱਖ ਭਵਿੱਖੀ ਕਾਰਜਾਂ ਲਈ ਰੱਖੀ ਗਈ ਰਾਸ਼ੀ ਦਾ ਖੁਲਾਸਾ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਅਰਸੇ ਵਿਚ ਕੀਤੇ ਗਏ ਪੰਥਕ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਵੀ ਤਫਤੀਸ ਸਾਂਝੀ ਕੀਤੀ। ਇਹ ਪਹਿਲੀ ਵਾਰ ਸੀ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਲਗਾਈ ਵੱਡ ਅਕਾਰੀ ਸਕਰੀਨ ’ਤੇ ਨਾਲੋ-ਨਾਲ ਵੇਰਵੇ ਨਸ਼ਰ ਕੀਤੇ ਜਾਂਦੇ ਰਹੇ।

ਬਜਟ ਇਜਲਾਸ ਮਗਰੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਇਸ ਵਾਰ ਬੀਤੇ ਵਰ੍ਹੇ ਨਾਲੋਂ 17 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਵਰ੍ਹੇ ਦਾ ਬਜਟ 9 ਅਰਬ 88 ਕਰੋੜ ਰੁਪਏ ਦੇ ਲਗਪਗ ਸੀ, ਜਦਕਿ ਇਸ ਵਾਰ 11 ਅਰਬ 38 ਕਰੋੜ ਰੁਪਏ ਦਾ ਅਨੁਮਾਨ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਪਾਸ ਕੀਤੇ ਗਏ ਬਜਟ ਵਿਚ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੈਕਸ਼ਨ 85 ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ, ਵਿਦਿਅਕ ਅਦਾਰੇ, ਪ੍ਰਿੰਟਿੰਗ ਪ੍ਰੈੱਸਾਂ ਆਦਿ ਸ਼ਾਮਲ ਹਨ। ਕੁਲ ਬਜਟ ਵਿੱਚੋਂ ਗੁਰਦੁਆਰਾ ਸਾਹਿਬਾਨ ਦਾ ਬਜਟ 8 ਅਰਬ 55 ਕਰੋੜ ਰੁਪਏ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਬਜਟ ਦਾ ਅਧਾਰ ਸੰਗਤਾਂ ਵੱਲੋਂ ਗੁਰੂ ਘਰਾਂ ਵਿਚ ਚੜ੍ਹਾਈ ਜਾਂਦੀ ਭੇਟਾ ਹੈ, ਜਿਸ ਅਨੁਸਾਰ ਸਲਾਨਾ ਖਰਚੇ ਨਿਰਧਾਰਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬਜਟ ਵਿਚ ਭਵਿੱਖੀ ਯੋਜਨਾਵਾਂ ਤਹਿਤ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਲਈ 1 ਕਰੋੜ ਰੁਪਏ, ਵਿਦੇਸ਼ਾਂ ਵਿਚ ਸਿੱਖੀ ਪ੍ਰਚਾਰ ਕੇਂਦਰ ਸਥਾਪਤ ਕਰਨ ਲਈ 7 ਕਰੋੜ 9 ਲੱਖ ਰੁਪਏ, ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬਾਨ ਵਿਖੇ ਸੋਲਰ ਪਲਾਂਟ ਲਗਾਉਣ ਲਈ 4 ਕਰੋੜ 72 ਲੱਖ ਰੁਪਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਨਵੀਆਂ ਸਰਾਵਾਂ ਲਈ 24 ਕਰੋੜ ਰੁਪਏ, ਭਾਈਚਾਰਕ ਭਲਾਈ ਲੈਬ ਅਤੇ ਦਵਾਖਾਨੇ ਲਈ 60 ਲੱਖ ਰੁਪਏ, ਪੰਥਕ ਮਾਮਲਿਆਂ ਅਤੇ ਮੁਕੱਦਮਿਆਂ ਲਈ 1 ਕਰੋੜ 80 ਲੱਖ ਰੁਪਏ, ਧਰਮ ਅਰਥ ਫੰਡ ਅਤੇ ਪੰਥਕ ਭਲਾਈ ਫੰਡ ਵਾਸਤੇ 3 ਕਰੋੜ 69 ਲੱਖ ਰੁਪਏ, ਕੁਦਰਤੀ ਆਫ਼ਤਾਂ ਲਈ 1 ਕਰੋੜ 11 ਲੱਖ ਰੁਪਏ, ਗੁਰਸਿੱਖ ਵਿਦਿਆਰਥੀਆਂ ਦੀ ਵਿਦਿਆ ਲਈ 1 ਕਰੋੜ 70 ਲੱਖ ਰੱਖੇ ਗਏ ਹਨ। ਇਸੇ ਤਰ੍ਹਾਂ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਸਿੱਖੀ ਪ੍ਰਚਾਰ ਵਾਸਤੇ 3 ਕਰੋੜ 70 ਲੱਖ ਰੁਪਏ, ਆਉਣ ਵਾਲੀਆਂ ਸ਼ਤਾਬਦੀਆਂ ਲਈ 2 ਕਰੋੜ ਰੁਪਏ, ਗੁਰਮਤਿ ਸਮਾਗਮਾਂ ਲਈ 2 ਕਰੋੜ 50 ਲੱਖ ਰੁਪਏ, ਖੇਡ ਅਕੈਡਮੀਆਂ ਲਈ 3 ਕਰੋੜ 5 ਲੱਖ ਰੁਪਏ ਖਰਚ ਕੀਤੇ ਜਾਣਗੇ। ਐਡਵੋਕੇਟ ਧਾਮੀ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਕੇਸਾਂ ਦੀ ਪੈਰਵਾਈ ਲਈ ਦੇ ਨਾਲ-ਨਾਲ ਨਜ਼ਰਬੰਦ ਸਿੰਘਾਂ ਦੇ ਪਰਿਵਾਰਾਂ ਨੂੰ ਸਹਾਇਤਾ ਲਈ ਵੀ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗਰੀਬ ਵਿਦਿਆਰਥੀਆਂ, ਅੰਮ੍ਰਿਤਧਾਰੀ ਬੱਚਿਆਂ ਨੂੰ ਵਜੀਫੇ, ਸਿਕਲੀਗਰ ਤੇ ਵਣਜਾਰੇ ਸਿੱਖਾਂ ਲਈ ਵੀ ਬਜਟ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਭਵਿੱਖੀ ਯੋਜਨਾਵਾਂ ਵਿਚ ਸਿੱਖ ਮਸਲਿਆਂ ਦੀ ਪੈਰਵਾਈ, ਧਰਮ ਪ੍ਰਚਾਰ, ਲੋਕ ਭਲਾਈ ਕਾਰਜ, ਸਿਹਤ ਸਹੂਲਤਾਂ ਅਤੇ ਵਿਦਿਆ ਦੇ ਪ੍ਰਚਾਰ ਪ੍ਰਸਾਰ ਦੀਆਂ ਤਰਜੀਹਾਂ ਸ਼ਾਮਲ ਹਨ। ਉਨ੍ਹਾਂ ਵਿਸ਼ੇਸ਼ ਤੌਰ ‘’ਤੇ ਸਿੱਖ ਨੌਜੁਆਨਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਵਿਚ ਲਿਆਉਣ ਲਈ ਖੋਲ੍ਹੀ ਗਈ ਅਕੈਡਮੀ ਦਾ ਜ਼ਿਕਰ ਕੀਤਾ। ਐਡਵੋਕੇਟ ਧਾਮੀ ਨੇ ਦੱਸਿਆ ਕਿ ਇਸ ਅਕੈਡਮੀ ਵਿਚ ਹਰ ਸਾਲ 25 ਬੱਚਿਆਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾਇਆ ਕਰੇਗੀ, ਜਿਸ ਤਹਿਤ ਇਸ ਵਾਰ ਦੇ ਬਜਟ ਵਿਚ ਪਹਿਲੇ ਸਾਲ ਲਈ 1 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਰਜੀਹ ਲਈ ਸ਼੍ਰੋਮਣੀ ਕਮੇਟੀ ਸੰਗਤ ਨੂੰ ਵੀ ਪਰੇਰ ਰਹੀ ਹੈ, ਜਿਸ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਨੂੰ ਪੈਰਾਂ ਸਿਰ ਕਰਨ ਲਈ ਵੀ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਸਵੈ-ਨਿਰਭਰ ਦੀ ਸਥਿਤੀ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਵਿਦਿਅਕ ਅਦਾਰਿਆਂ ਲਈ ਸਰਕਾਰ ਵੱਲੋਂ ਐਸਸੀ ਸਕਾਲਰਸ਼ਿਪ ਰੋਕਣ ਅਤੇ ਏਡਿਡ ਪੋਸਟਾਂ ਪੁਰ ਨਾ ਕਰਨ ਦੀ ਕਰੜੀ ਆਲੋਚਨਾ ਵੀ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਸਵੈ-ਨਿਰਭਰ ਹੋਣ ਦਾ ਇਕ ਵੱਡਾ ਕਾਰਨ ਸਰਕਾਰ ਵੱਲੋਂ ਬਣਦੇ ਫੰਡ ਨਾ ਜਾਰੀ ਕਰਨਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਸ਼੍ਰੋਮਣੀ ਕਮੇਟੀ ਵਿਦਿਅਕ ਸੇਵਾਵਾਂ ਦਿੰਦਿਆਂ ਪੰਜਾਬ ਸਰਕਾਰ ਦੇ ਮੁਕਾਬਲੇ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ, ਸਿੱਖੀ ਪ੍ਰਚਾਰ ਅਤੇ ਸਿੱਖ ਮਸਲਿਆਂ ਦੀ ਪੈਰਵਾਈ ਦੇ ਮਾਮਲੇ ਵਿਚ ਨਿਰੰਤਰ ਆਪਣੀ ਜ਼ੁੰਮੇਵਾਰੀ ਨਿਭਾ ਰਹੀ ਹੈ ਅਤੇ ਭਵਿੱਖ ਵਿਚ ਵੀ ਵਚਨਬੱਧ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦੇ ਬਜਟ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਇਸ ਵਾਰ ਹਰਿਆਣਾ ਵਿਚਲੇ ਗੁਰ-ਅਸਥਾਨਾਂ ਲਈ ਵੱਖਰੇ ਤੌਰ ’ਤੇ 57 ਕਰੋੜ 11 ਲੱਖ ਰੁਪਏ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰਾਂ ਦੀ ਮੰਦ-ਮਨਸ਼ਾ ਕਰਕੇ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਪਾਸੋਂ ਜਬਰੀ ਹਥਿਆ ਲਿਆ ਗਿਆ ਹੈ, ਪਰੰਤੂ ਫਿਰ ਵੀ ਸ਼੍ਰੋਮਣੀ ਕਮੇਟੀ ਨੇ ਇਸ ਲਈ ਬਜਟ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਸਾਹਿਬਾਨ ਸਿੱਖ ਗੁਰਦੁਆਰਾ ਐਕਟ 1925 ਦੀ ਭਾਵਨਾ ਦੇ ਅੰਤਰਗਤ ਅੱਜ ਵੀ ਨੋਟੀਫਾਈ ਹਨ ਅਤੇ ਸਰਕਾਰ ਨੂੰ ਇਸ ਦਾ ਪ੍ਰਬੰਧ ਨੁਮਾਇੰਦਾ ਸ਼੍ਰੋਮਣੀ ਕਮੇਟੀ ਨੂੰ ਵਾਪਸ ਦੇਣਾ ਚਾਹੀਦਾ ਹੈ।

Share This Article
Leave a Comment