ਸ਼੍ਰੋਮਣੀ ਕਮੇਟੀ ਨੇ ਕੈਨੇਡਾ ‘ਚ ਪਾਵਨ ਸਰੂਪ ਛਾਪਣ ਦੀ ਕੋਈ ਪ੍ਰਵਾਨਗੀ ਨਹੀਂ ਦਿੱਤੀ: ਧਾਮੀ

TeamGlobalPunjab
2 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪੇ ਜਾਣ ਦੀ ਕਿਸੇ ਨੂੰ ਵੀ ਪ੍ਰਵਾਨਗੀ ਨਹੀਂ ਦਿੱਤੀ ਹੈ। ਸਤਿਨਾਮ ਐਜੂਕੇਸ਼ਨ ਟਰੱਸਟ ਵੱਲੋਂ ਕੈਨੇਡਾ ਵਿਚ ਪਾਵਨ ਸਰੂਪ ਛਾਪਣ ਦੀਆਂ ਖਬਰਾਂ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਬਾਰੇ ਸਪੱਸ਼ਟ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਸਬੰਧ ਵਿਚ ਛਪੀਆਂ ਖਬਰਾਂ ‘ਚ ਸਤਿਨਾਮ ਟਰੱਸਟ ਦੇ ਨੁਮਾਇੰਦੇ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬਕਾਇਦਾ ਲਿਖਤੀ ਆਗਿਆ ਦੀ ਗੱਲ ਸਰਾਸਰ ਝੂਠ ਹੈ। ਅਜਿਹਾ ਕਰਕੇ ਉਹ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਸ਼੍ਰੋਮਣੀ ਕਮੇਟੀ ਨੇ ਕਿਸੇ ਨੂੰ ਵੀ ਅਜਿਹੀ ਆਗਿਆ ਨਹੀਂ ਦਿੱਤੀ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੀਤੇ ਸਮੇਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ਦੇ ਅਧਿਕਾਰ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਹੋਏ ਹਨ ਅਤੇ ਇਹ ਆਦੇਸ਼ ਕੀਤਾ ਹੋਇਆ ਹੈ ਕਿ ਕੋਈ ਵੀ ਇਹ ਕਾਰਜ ਨਿੱਜੀ ਤੌਰ ’ਤੇ ਨਹੀਂ ਕਰ ਸਦਕਾ। ਪਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਹੁਕਮ ਨੂੰ ਅਣਗੌਲਿਆਂ ਕਰਕੇ ਕੈਨੇਡਾ ਵਿਚ ਸਤਿਨਾਮ ਐਜੂਕੇਸ਼ਨ ਟਰੱਸਟ ਵੱਲੋਂ ਪਾਵਨ ਸਰੂਪ ਛਾਪੇ ਗਏ ਹਨ। ਉਨ੍ਹਾਂ ਕਿਹਾ ਕਿ ਟਰੱਸਟ ਦੇ ਨੁਮਾਇੰਦਿਆਂ ਵੱਲੋਂ ਇਸ ਬਾਰੇ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਹੋਣ ਦੀ ਗੱਲ ਬਿਲਕੁਲ ਝੂਠ ਹੈ। ਧਾਮੀ ਨੇ ਆਖਿਆ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੈਨੇਡਾ ਵਿਖੇ ਛਾਪਣ ਸਬੰਧੀ ਲਿਖਾ-ਪੜ੍ਹੀ ਚੱਲ ਰਹੀ ਹੈ, ਪਰੰਤੂ ਇਸ ਬਾਰੇ ਅਜੇ ਤੱਕ ਕੋਈ ਵੀ ਅੰਤਮ ਫੈਸਲਾ ਨਹੀਂ ਲਿਆ ਗਿਆ। ਕੈਨੇਡਾ ਵਿਚ ਪਾਵਨ ਸਰੂਪ ਛਾਪਣ ਦੇ ਮਾਮਲੇ ਨਾਲ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਸਬੰਧ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਤਿਨਾਮ ਟਰੱਸਟ ਵੱਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਗਈ ਹੈ। ਇਹ ਮਾਮਲਾ ਬੇਹੱਦ ਸੰਜੀਦਾ ਹੈ ਅਤੇ ਇਸ ਬਾਰੇ ਝੂਠ ਬੋਲ ਕੇ ਸੰਗਤ ਨੂੰ ਗੁੰਮਰਾਹ ਕਰਨਾ ਹਰਗਿਜ ਜਾਇਜ਼ ਨਹੀਂ ਹੈ।

Share this Article
Leave a comment