ਨਵੀਂ ਦਿੱਲੀ : ਇੰਨੀ ਦਿਨੀ ਇੱਕ ਅਹਿਮ ਮਸਲਾ ਜਿਹੜਾ ਬਹੁਤ ਚਰਚਾ ‘ਚ ਹੈ ਉਹ ਹੈ ਲੋਹ ਟੋਪ ਦਾ ਮਸਲਾ। ਜੀ ਹਾਂ ਦਰਅਸਲ ਦੇਸ਼ ਅੰਦਰ ਫੌਜ ‘ਚ ਸਿੱਖ ਸੈਨਿਕਾਂ ਨੂੰ ਲੋਹ ਟੋਪ ਪਹਿਣਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦਾ ਲਗਾਤਾਰ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਹੋ ਰਿਹਾ ਹੈ। ਬੀਤੇ ਦਿਨੀਂ ਇਸ ਮਸਲੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਇਕੱਤਰਤਾ ਵੀ ਕੀਤੀ ਗਈ। ਪਰ ਇਹ ਤਾਣਾ ਬਾਣਾ ਲਗਾਤਾਰ ਉਲਝਦਾ ਜਾ ਰਿਹਾ ਹੈ। ਘੱਟ ਗਿਣਤੀ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਿਕ ਇਸ ਮਸਲੇ ਦੇ ਹੱਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਉੱਧਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਇਸ ‘ਤੇ ਇਤਰਾਜ ਜਾਹਰ ਕੀਤਾ ਜਾ ਰਿਹਾ ਹੈ।
ਜੀ ਹਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਦੀ ਵਕਾਲਤ ਕਰਨ ਵਜਾਏ ਲਾਲਪੁਰਾ ਨੂੰ ਇਹ ਮਸਲਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਹ ਟੋਪ ਸਿੱਖ ਮਰਯਾਦਾ ਦੇ ਉਲਟ ਹੈ। ਕੋਈ ਵੀ ਸਿੱਖ ਪੱਗ ਦੇ ਉਪਰ ਲੋਹ ਟੋਪ ਪਹਿਨਣ ਬਾਰੇ ਸੋਚ ਵੀ ਨਹੀਂ ਸਕਦਾ। ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
ਦਸ ਦੇਈਏ ਕਿ ਸਿੱਖ ਨੂੰ ਟੋਪੀ ਜਾਂ ਲੋਹ ਟੋਪ ਪਹਿਨਣ ਦੀ ਸਖਤ ਮਨਾਹੀ ਹੈ।ਹੋਇ ਸਿਖ ਸਿਰ ਟੋਪੀ ਧਰੈ ।ਸਾਤ ਜਨਮ ਕੁਸ਼ਟੀ ਹੁਇ ਮਰੈ॥ ਪਰ ਇਸ ਦੇ ਬਾਵਜੂਦ ਵੀ ਸਿੱਖ ਫੌਜੀਆਂ ਨੂੰ ਲੋਹ ਟੋਪ ਪਹਿਣਨ ਦੀ ਹਦਾਇਤ ਕੀਤੀ ਜਾ ਰਹੀ ਹੈ।