ਪੰਜਾਬ ‘ਚ ਗਰਮੀ ਨੇ ਤੋੜੇ ਰਿਕਾਰਡ, ਕਹਿਰ ਭਰੀ ਹੀਟਵੇਵ ਦੀ ਚਿਤਾਵਨੀ, ਐਡਵਾਇਜ਼ਰੀ ਜਾਰੀ

Global Team
3 Min Read

ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਇਸ ਵੇਲੇ ਭਿਆਨਕ ਗਰਮੀ ਦੀ ਲਪੇਟ ਵਿੱਚ ਹਨ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ 23 ਮਈ ਤੱਕ ਤੀਬਰ ਹੀਟਵੇਵ ਯਾਨੀ ਭਿਆਨਕ ਲੂ ਦਾ ਅਲਰਟ ਜਾਰੀ ਕੀਤਾ ਹੈ। ਮੰਗਲਵਾਰ ਦੇ ਮੁਕਾਬਲੇ ਪੰਜਾਬ ਦੇ ਤਾਪਮਾਨ ਵਿੱਚ 1.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 4.6 ਡਿਗਰੀ ਵੱਧ ਹੈ।

ਮੰਗਲਵਾਰ ਨੂੰ ਫਰੀਦਕੋਟ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਤਾਪਮਾਨ 47.3 ਡਿਗਰੀ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ ਵੀ ਪਾਰਾ 40 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਅੱਜ ਫਿਰੋਜ਼ਪੁਰ, ਮੋਗਾ, ਬਰਨਾਲਾ, ਸੰਗਰੂਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਗਰਮੀ ਹੋਰ ਵੱਧਣ ਦੀ ਸੰਭਾਵਨਾ ਹੈ। ਹੋਰ ਜ਼ਿਲ੍ਹਿਆਂ ਵਿੱਚ ਵੀ ਲੂ ਦਾ ਪ੍ਰਭਾਵ ਜਾਰੀ ਰਹੇਗਾ।

ਮੌਸਮ ਵਿਭਾਗ ਦੇ ਅਨੁਸਾਰ ਅਗਲੇ ਇੱਕ ਹਫ਼ਤੇ ਤੱਕ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਵਿੱਚ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ, ਜਦਕਿ ਚੰਡੀਗੜ੍ਹ ਵਿੱਚ ਇਹ 42 ਤੋਂ 45 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਚੰਡੀਗੜ੍ਹ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ

ਚੰਡੀਗੜ੍ਹ ਦੇ ਸਕੂਲਾਂ ਵਿੱਚ 23 ਮਈ ਤੋਂ 30 ਜੂਨ 2026 ਤੱਕ ਗਰਮੀ ਦੀਆਂ ਛੁੱਟੀਆਂ ਰਹਿਣਗੀਆਂ। ਹਾਲਾਂਕਿ 29 ਅਤੇ 30 ਜੂਨ ਨੂੰ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿਣਗੇ।

ਗਰਮੀ ਦਾ ਵਧਦਾ ਅਸਰ

ਭਿਆਨਕ ਗਰਮੀ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਮੰਗਲਵਾਰ ਦੁਪਹਿਰ ਬਿਜਲੀ ਦੀ ਮੰਗ 12,244 ਮੈਗਾਵਾਟ ਤੱਕ ਪਹੁੰਚ ਗਈ। ਇਸ ਦੌਰਾਨ ਪੰਜਾਬ ਨੇ ਆਪਣੀ ਉਤਪਾਦਨ ਸਮਰੱਥਾ ਤੋਂ ਇਲਾਵਾ ਲਗਭਗ 9 ਹਜ਼ਾਰ ਮੈਗਾਵਾਟ ਬਿਜਲੀ ਸੈਂਟਰਲ ਪੂਲ ਤੋਂ ਖਰੀਦੀ।

ਦੂਜੇ ਪਾਸੇ ਚੰਡੀਗੜ੍ਹ ਸਿਹਤ ਵਿਭਾਗ ਨੇ 14 ਦਿਨਾਂ ਵਿੱਚ ਦੂਜੀ ਐਡਵਾਇਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਲੂ ਤੋਂ ਬਚਣ ਲਈ ਹਲਕੇ ਕੱਪੜੇ ਪਹਿਨਣ ਅਤੇ ਖਾਣ-ਪੀਣ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।

ਅਗਲੇ ਦਿਨਾਂ ਦਾ ਮੌਸਮ

21 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੀਟਵੇਵ ਅਤੇ ਕੁਝ ਜ਼ਿਲ੍ਹਿਆਂ ਵਿੱਚ ਸੀਵਿਅਰ ਹੀਟਵੇਵ ਦੀ ਸੰਭਾਵਨਾ ਹੈ। 22 ਅਤੇ 23 ਮਈ ਨੂੰ ਪਠਾਨਕੋਟ ਤੋਂ ਇਲਾਵਾ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਭਿਆਨਕ ਲੂ ਚੱਲ ਸਕਦੀ ਹੈ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਅਗਲੇ 3 ਤੋਂ 4 ਦਿਨਾਂ ਵਿੱਚ ਤਾਪਮਾਨ ਹੋਰ ਵੱਧੇਗਾ ਅਤੇ ਫਿਲਹਾਲ ਮੀਂਹ ਦੇ ਕੋਈ ਆਸਾਰ ਨਹੀਂ ਹਨ।

Share This Article
Leave a Comment