ਚੰਡੀਗੜ੍ਹ: ਦਿੱਲੀ, ਹੈਦਰਾਬਾਦ, ਜੈਪੁਰ ਅਤੇ ਚੰਡੀਗੜ੍ਹ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਵੀ ਕੋਰੋਨਾਵਾਇਰਸ ਦੇ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਚੰਡੀਗੜ੍ਹ ਪੀ. ਜੀ. ਆਈ. ’ਚ ਕੋਰੋਨਾ ਵਾਇਰਸ ਦੇ ਤਿੰਨ ਹੋਰ ਸ਼ੱਕੀ ਮਰੀਜ਼ ਦਾਖਲ ਹੋਏ ਹਨ। ਤਿੰਨਾਂ ਦੇ ਸੈਂਪਲ ਏਮਸ ਨਵੀਂ ਦਿੱਲੀ ’ਚ ਜਾਂਚ ਲਈ ਭੇਜੇ ਗਏ ਹਨ। ਵੀਰਵਾਰ ਨੂੰ ਇਨ੍ਹਾਂ ਦੀ ਰਿਪੋਰਟ ਪੀ. ਜੀ. ਆਈ. ਕੋਲ ਪਹੁੰਚ ਜਾਵੇਗੀ। ਇਨ੍ਹਾਂ ਮਰੀਜ਼ਾਂ ਨੂੰ ਪੀ. ਜੀ. ਆਈ. ਦੇ ਸੀ. ਡੀ. ਵਾਰਡ ’ਚ ਭਰਤੀ ਕੀਤਾ ਗਿਆ ਹੈ। ਉਧਰ ਮੰਗਲਵਾਰ ਨੂੰ ਜਿਨ੍ਹਾਂ ਦੋ ਮਰੀਜ਼ਾਂ ਦੇ ਸੈਂਪਲ ਏਮਸ ਭੇਜੇ ਗਏ ਸਨ, ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਕੋਰੋਨਾਵਾਇਰਸ ਨਾਲ ਸਬੰਧਤ ਆਈਸੋਲੇਸ਼ਨ ਵਾਰਡ ‘ਚ 3 ਸ਼ੱਕੀ ਮਰੀਜ਼ਾਂ ਨੂੰ ਦੇਰ ਸ਼ਾਮ ਦਾਖਲ ਕੀਤਾ ਗਿਆ ਹੈ। ਇਹ ਮਰੀਜ਼ ਇਕ ਹੀ ਪਰਿਵਾਰ ਨਾਲ ਸਬੰਧਿਤ ਹਨ ਅਤੇ ਬੁੱਧਵਾਰ ਸਵੇਰੇ ਇਟਲੀ ਤੋਂ ਦਿੱਲੀ ਏਅਰਪੋਰਟ ਪੁੱਜੇ ਸਨ।
ਉੱਧਰ ਜਲੰਧਰ ‘ਚ ਪਿਛਲੇ ਦਿਨੀਂ ਪੱਕਾ ਬਾਗ ਵਿਚ ਵਿਦੇਸ਼ ਤੋਂ ਆਏ ਇਕ ਪਰਿਵਾਰ ਦੇ 2 ਬੱਚਿਆਂ ਨੂੰ ਬੁਖਾਰ ਅਤੇ ਖਾਂਸੀ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਚੈੱਕ ਕਰਵਾਉਣ ਗਏ ਤਾਂ ਡਾਕਟਰਾਂ ਨੇ ਬੱਚਿਆਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਸ਼ੱਕ ਜ਼ਾਹਿਰ ਕੀਤਾ। ਜਿਸ ਤੋਂ ਬਾਅਦ ਬੱਚਿਆਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਦੇਰ ਰਾਤ ਦੋਆਬਾ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ।
ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਅਨਿਲ ਕੁਮਾਰ ਕਰੀਬ 10 ਦਿਨ ਪਹਿਲਾ ਹੀ ਮਲੇਸ਼ੀਆ ਤੋਂ ਵਾਪਸ ਆਇਆ ਹੈ। ਬੀਤੇ ਦਿਨ ਤੋਂ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਉਸ ਨੂੰ ਉਸ ਦੇ ਪਰਿਵਾਰ ਨੇ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ।
ਉੱਥੇ ਹੀ ਮੋਗਾ ‘ਚ ਬੀਤੇ ਦਿਨੀਂ ਦੁਬਈ ਤੋਂ ਪਰਤਿਆ ਨੌਜਵਾਨ ਨਿਮੋਨੀਆ ਹੋਣ ਕਾਰਨ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਗਿਆ। ਇਸ ਦੌਰਾਨ ਡਾਕਟਰਾਂ ਵਲੋਂ ਉਸ ਦੇ ਲੋੜੀਂਦੇ ਟੈਸਟ ਕੀਤੇ। ਟੈਸਟ ਤੋਂ ਬਾਅਦ ਡਾਕਟਰਾਂ ਵਲੋਂ ਉਸ ‘ਚ ਕੋਰੋਨਾ ਵਾਇਰਸ ਹੋਣ ਦਾ ਖਦਸ਼ਾ ਪ੍ਰਗਟਾਇਆ ਅਤੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਨਿਗਰਾਨੀ ਹੇਠ ਰੱਖਣ ਦੀ ਸਲਾਹ ਦਿੱਤੀ ਪਰ ਇਸ ਤੋਂ ਪਹਿਲਾਂ ਹੀ ਉਕਤ ਨੌਜਵਾਨ ਉਥੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਹਰਕਤ ‘ਚ ਆਈ ਪੁਲਿਸ ਨੇ ਉਸ ਨੂੰ ਬੱਧਨੀ ਖੁਰਦ ਤੋਂ ਕਾਬੂ ਕਰ ਲਿਆ। ਉਕਤ ਨੌਜਵਾਨ ਦੇ ਖੂਨ ਦੇ ਨਮੂਨੇ ਲੈ ਕੇ ਪੂਣੇ ਭੇਜੇ ਗਏ ਹਨ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਸਕੇਗੀ। ਫਿਲਹਾਲ ਨੌਜਵਾਨ ਨੂੰ ਸਖਤ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਫਤਿਹਗੜ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਕੋਰੋਨਾਵਾਇਰਸ ਦਾ ਇੱਕ ਸ਼ੱਕੀ ਮਰੀਜ਼ ਹੋਣ ਦੀ ਖਬਰ ਮਿਲੀ ਹੈ। ਬੁੱਧਵਾਰ ਸਵੇਰੇ ਖੰਘ ਅਤੇ ਬੁਖਾਰ ਹੋਣ ਦੀ ਕਾਰਨ ਉਹ ਹਸਪਤਾਲ ਵਿੱਚ ਦਾਖਲ ਹੋਇਆ ਸੀ। ਜਿਵੇਂ ਹੀ ਹਸਪਤਾਲ ਦੇ ਡਾਕਟਰਾਂ ਨੂੰ ਉਸ ਵਿੱਚ ਕੋਰੋਨਾ ਦੇ ਲੱਛਣ ਵਿਖੇ ਸੈਂਪਲ ਦੇਣ ਤੋਂ ਬਾਅਦ ਮਰੀਜ਼ ਬਿਨਾਂ ਕਿਸੇ ਨੂੰ ਦੱਸੇ ਫਰਾਰ ਹੋ ਗਿਆ। ਇਸ ਤੋਂ ਬਾਅਦ ਸਿਵਲ ਸਰਜਨ ਦਫਤਰ ਨੇ ਇਸ ਦੀ ਸੂਚਨਾ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਫਤਿਹਗੜ੍ਹ ਸਾਹਿਬ ਨੂੰ ਦਿੱਤੀ। ਬਾਅਦ ਵਿੱਚ ਉਨ੍ਹਾਂ ਨੇ ਦੱਸਿਆ ਕਿ ਪੀੜਤ ਹਸਪਤਾਲ ਪਰਤ ਆਇਆ ਹੈ ਅਤੇ ਉਸਦਾ ਇਲਾਜ਼ ਸ਼ੁਰੂ ਹੋ ਗਿਆ ਹੈ।