ਭੋਪਾਲ: ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਜਹਾਂਗੀਰਾਬਾਦ ਥਾਣੇ ਦੀ ਪੁਲਿਸ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਪਤਨੀ ਅਪਣੇ ਪਤੀ ਦੇ ਵਿਰੁਧ ਸ਼ਿਕਾਇਤ ਦਰਜ ਕਰਵਾਉਣ ਪਹੁੰਚੀ। ਪਤਨੀ ਨੇ ਉਸ ਦੇ ਪਤੀ ਉਤੇ ਇਕ, ਦੋ, ਚਾਰ ਨਹੀਂ ਸਗੋਂ ਅੱਠ ਵਿਆਹ ਕਰਵਾਉਣ ਦਾ ਇਲਜ਼ਾਮ ਲਗਾਇਆ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਨੌਜਵਾਨ ਨੂੰ ਕਾਉਂਸਲਿੰਗ ਲਈ ਬੁਲਾਇਆ, ਤਾਂ ਉਹ ਅਪਣੀ ਅੱਠਵੀਂ ਪਤਨੀ ਨੂੰ ਹੀ ਛੱਡ ਕੇ ਭੱਜ ਗਿਆ।
ਕਾਉਂਸਲਰ ਦਾ ਕਹਿਣਾ ਹੈ ਕਿ ਔਰਤ ਦੀ ਸ਼ਿਕਾਇਤ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ। ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਪੁਲਿਸ ਕਰ ਰਹੀ ਹੈ। ਫ਼ਿਲਹਾਲ ਉਸ ਦੀਆਂ ਸੱਤ ਪਤਨੀਆਂ ਨੂੰ ਸੱਦ ਕੇ ਪੁੱਛਗਿਛ ਕਰ ਰਹੀ ਹੈ। ਪੁਲਿਸ ਦੇ ਮੁਤਾਬਕ, ਨੌਜਵਾਨ ਦੀ ਪਤਨੀ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ 7 ਵਿਆਹ ਕਰਵਾ ਚੁੱਕਿਆ ਹੈ। ਇਸ ਗੱਲ ਦਾ ਖ਼ੁਲਾਸਾ ਤੱਦ ਹੋਇਆ ਜਦੋਂ ਉਹ ਘਰ ਵਿਚ ਸਾਫ਼-ਸਫ਼ਾਈ ਕਰ ਰਹੀ ਸੀ।
ਉਸ ਦੇ ਹੱਥ ਇਕ ਐਲਬਮ ਲੱਗੀ ਜਿਸ ਵਿਚ ਉਸ ਦੀਆਂ ਪਤਨੀਆਂ ਦੇ ਨਾਲ ਫੋਟੋਆਂ ਸੀ। ਪਤਨੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਸ ਨੂੰ ਧੋਖੇ ਵਿਚ ਰੱਖ ਕੇ ਵਿਆਹ ਕੀਤਾ ਗਿਆ। ਵਿਆਹ ਤੋਂ ਬਾਅਦ ਉਸ ਨੂੰ ਇਕ ਬੱਚਾ ਹੋਇਆ। ਕੁੱਝ ਦਿਨ ਬਾਅਦ ਪਤੀ ਉਸ ਨਾਲ ਕੁੱਟਮਾਰ ਕਰਨ ਲੱਗਾ। ਉਸ ਨੇ ਸੱਸ ਨੂੰ ਸ਼ਿਕਾਇਤ ਕੀਤੀ ਤਾਂ ਉਸ ਨੇ ਚੁੱਪ ਰਹਿਣ ਦੀ ਗੱਲ ਕਹੀ। ਫਿਰ ਇਕ ਦਿਨ ਕਮਰੇ ਦੀ ਸਫ਼ਾਈ ਦੇ ਦੌਰਾਨ ਉਸ ਨੂੰ ਐਲਬਮ ਮਿਲੀ ਜਿਸ ਦੇ ਨਾਲ ਪਤੀ ਦੇ ਸੱਤ ਵਿਆਹਾਂ ਦਾ ਪਤਾ ਲੱਗਾ।
ਔਰਤ ਨੇ ਉਸ ਦੀਆਂ ਪਤਨੀਆਂ ਦੀ ਜਾਣਕਾਰੀ ਕੱਢੀ ਅਤੇ ਪੁਲਿਸ ਦੇ ਕੋਲ ਪਹੁੰਚੀ। ਲੜਕੀ ਨੇ ਕਾਉਂਸਲਰ ਨੂੰ ਦੱਸਿਆ ਕਿ ਪਤੀ ਬੱਸ ਵਿਚ ਕੰਡਕਟਰ ਦਾ ਕੰਮ ਕਰਦਾ ਹੈ ਅਤੇ ਬਸ ਵਿਚ ਹੀ ਉਸ ਦੀ ਜਾਣ-ਪਹਿਚਾਣ ਹੋਈ। ਇਸ ਦੌਰਾਨ ਉਸ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਮਈ 2016 ਵਿਚ ਉਸ ਦਾ ਵਿਆਹ ਹੋ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਪਤੀ ਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ ਤਾਂ ਉਹ ਭੱਜ ਗਿਆ। ਉਸ ਦਾ ਮੋਬਾਇਲ ਬੰਦ ਹੈ।