ਐਮਾਜ਼ੋਨ ਵੱਲੋਂ ਪਾਵਨ ਗੁਰਬਾਣੀ ਦੀਆਂ ਸੈਂਚੀਆਂ ਤੇ ਗੁਟਕਾ ਸਾਹਿਬ ਵੇਚਣਾ ਹਰਗਿਜ਼ ਬਰਦਾਸ਼ਤ ਨਹੀਂ: ਐਡਵੋਕੇਟ ਧਾਮੀ

Global Team
2 Min Read

ਅੰਮ੍ਰਿਤਸਰ : ਆਨਲਾਈਨ ਵਪਾਰਕ ਵੈੱਬਸਾਈਟ ਐਮਾਜ਼ੋਨ ਵੱਲੋਂ ਪਾਵਨ ਗੁਰਬਾਣੀ ਦੀਆਂ ਸੈਂਚੀਆਂ ਤੇ ਗੁਟਕਾ ਸਾਹਿਬ ਵੇਚਣਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਗੁਟਕਾ ਸਾਹਿਬ ਦੀ ਵਿਕਰੀ ਤੁਰੰਤ ਰੋਕਣ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਪੋਥੀਆਂ ਤੇ ਪਵਿੱਤਰ ਗੁਟਕਾ ਸਾਹਿਬ ਨੂੰ ਇਸ ਐਪ ’ਤੇ ਆਨਲਾਈਨ ਵੇਚਣਾ ਬਰਦਾਸ਼ਤ ਕਰਨ ਤੋਂ ਬਾਹਿਰ ਹੈ, ਕਿਉਂਕਿ ਇਸ ਦੇ ਸਟੋਰਾਂ ’ਤੇ ਪਾਵਨ ਪੋਥੀਆਂ ਦਾ ਸਤਿਕਾਰ ਕਾਇਮ ਨਹੀਂ ਰਹਿ ਸਕਦਾ। ਜਦੋਂ ਪਾਰਸਲ ਰਾਹੀਂ ਇਹ ਇਕ ਤੋਂ ਦੂਜੀ ਥਾਂ ’ਤੇ ਪੁੱਜਦੇ ਹਨ ਤਾਂ ਕੁਦਰਤੀ ਹੈ ਕਿ ਇਸ ਦੇ ਸਤਿਕਾਰ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਮਨਾਂ ਅੰਦਰ ਗੁਰਬਾਣੀ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਹੈ ਅਤੇ ਐਮਾਜ਼ੋਨ ਵੱਲੋਂ ਆਨਲਾਈਨ ਗੁਟਕਾ ਸਾਹਿਬਾਨ ਦੀ ਵਿਕਰੀ ਨਾਲ ਸਿੱਖ ਮਨਾਂ ਅੰਦਰ ਭਾਰੀ ਰੋਸ ਦੀ ਲਹਿਰ ਹੈ।

ਐਡਵੋਕੇਟ ਧਾਮੀ ਨੇ ਐਮਾਜ਼ੋਨ ਨੂੰ ਆਪਣੀ ਵੈੱਬਸਾਈਟ ਤੋਂ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ।ਉਨ੍ਹਾਂ ਪਬਲੀਸ਼ਰਾਂ ਨੂੰ ਅਪੀਲ ਕੀਤੀ ਕਿ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਉਹ ਗੁਟਕਾ ਸਾਹਿਬ ਤੇ ਪਾਵਨ ਪੋਥੀਆਂ ਨੂੰ ਆਨਲਾਈਨ ਵੇਚਣ ਤੋਂ ਗੁਰੇਜ ਕਰਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ, ਜਿਸ ਨੂੰ ਧਰਮ ਪ੍ਰਚਾਰ ਕਮੇਟੀ ਦੀ ਆਉਣ ਵਾਲੀ ਇਕੱਤਰਤਾ ਵਿਚ ਵੀ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਐਮਾਜ਼ੋਨ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ, ਜਿਸ ਮਗਰੋਂ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਬੰਦ ਕਰ ਦਿੱਤੀ ਗਈ ਸੀ। ਇਸ ਸਬੰਧੀ ਐਮਾਜ਼ੋਨ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਕਿ ਉਹ ਤੁਰੰਤ ਵੈੱਬਸਾਈਟ ਤੋਂ ਗੁਰਬਾਣੀ ਦੇ ਗੁਟਕਾ ਸਾਹਿਬਾਨ ਨੂੰ ਹਟਾ ਕੇ ਆਪਣਾ ਸਪੱਸ਼ਟੀਕਰਨ ਸ਼੍ਰੋਮਣੀ ਕਮੇਟੀ ਨੂੰ ਭੇਜਣ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment