ਕਰਨਾਲ: ਕਰਨਾਲ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅਤੇ ‘ਮਿਨੀ ਸਕੱਤਰੇਤ’ ਦਾ ਘਿਰਾਓ ਕਰਨ ਦੇ ਐਲਾਨ ਤੋਂ ਬਾਅਦ ਪੁਲਿਸ ਪਹਿਲਾਂ ਤੋਂ ਹੀ ਸੁਚੇਤ ਹੋ ਗਈ ਹੈ। ਕਰਨਾਲ ਪ੍ਰਸ਼ਾਸਨ ਨੇ ਸਕੱਤਰੇਤ ਦੇ ਘਿਰਾਓ ਤੋਂ ਇੱਕ ਦਿਨ ਪਹਿਲਾਂ ਜ਼ਿਲ੍ਹੇ ‘ਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਸਬੰਧੀ ਪ੍ਰਸ਼ਾਸਨ ਵਲੋਂ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਗੰਗਾ ਰਾਮ ਪੂਨੀਆਂ ਦੀ ਅਮਨ- ਕਾਨੂੰਨ ਨੂੰ ਦੇਖਦਿਆਂ ਕੀਤੀ ਗਈ ਸਿਫ਼ਾਰਿਸ਼ ਦੇ ਅਧਾਰ ਉੱਤੇ ਡਿਪਟੀ ਕਮਿਸ਼ਨਰ ਨਿਸ਼ਾਤ ਕੁਮਾਰ ਯਾਦਵ ਨੇ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਹਨ।
ਇਸ ਤੋਂ ਇਲਾਵਾ ਇਨ੍ਹਾਂ ਹੁਕਮਾਂ ਮੁਤਾਬਕ ਗੰਡਾਸੀ, ਕੁਹਾੜੀ, ਕਹੀ, ਫਾਲਾ ਅਤੇ ਲਾਠੀ ਵਰਗੇ ਹਥਿਆਰਾਂ ਨੂੰ ਲੈ ਕੇ ਚੱਲਣ ‘ਤੇ ਵੀ ਪਾਬੰਦੀ ਲਗਾਈ ਗਈ ਹੈ।
ਕਰਨਾਲ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਦਿੱਲੀ ਤੋਂ ਹਰਿਆਣਾ ਆਉਣ ਵਾਲੇ ਵਾਹਨਾਂ ਨੂੰ ਪੈਪਸੀ ਪੁਲ ਪਾਨੀਪਤ ਤੋਂ ਮੂਨਕ, ਅਸੰਧ, ਗਗਸੀਨਾ ਰਾਹੀਂ ਕਰਨਾਲ ਦੇ ਹਾਂਸੀ ਚੌਕ ਬਾਈਪਾਸ ਨਹਿਰ ਤੋਂ ਹੁੰਦੇ ਹੋਏ ਜੀਟੀ ਰੋਡ 44 ਰਾਹੀਂ ਚੰਡੀਗੜ੍ਹ ਵੱਲ ਮੋੜਿਆ ਜਾਵੇਗਾ। ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ ਪਿੱਪਲੀ ਚੌਕ ਕੁਰੂਕਸ਼ੇਤਰ ਤੋਂ ਇੰਦਰੀ,ਬਯਾਨਾ, ਕੁੰਜਪੁਰਾ ਤੋਂ ਹੁੰਦੇ ਹੋਏ ਅੰਮ੍ਰਿਤਪੁਰ ਖੁਰਦ ਕਹਿਰਵਾਲੀ ਅਤੇ ਘਰੌਂਡਾ ਦੇ ਜੀਟੀ ਰੋਡ ਰਾਹੀਂ ਦਿੱਲੀ ਵੱਲ ਰਵਾਨਾ ਕੀਤਾ ਜਾਵੇਗਾ।