ਚੰਡੀਗੜ੍ਹ: ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ 26-27 ਨਵੰਬਰ ਨੂੰ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦੇ ਦੇਸ਼ ਵਿਆਪੀ ਅੰਦੋਲਨ ਵਿਚ ਜਿਥੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ, ਲਹਿਰਾ ਤੋਂ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਖੁਦ ਇਸ ਅੰਦੋਲਨ ਵਿਚ ਸ਼ਰੀਕ ਹੋਣਗੇ, ਉਥੇ ਹੀ ਉਨ੍ਹਾਂ ਨੇ ਸਮੁੱਚੇ ਪੰਜਾਬੀਆਂ ਨੂੰ ਇਸ ਲੜਾਈ ਵਿਚ ਕਿਸਾਨਾਂ ਦਾ ਸਾਥ ਦੇਣ ਦਾ ਹੋਕਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਕੇਵਲ ਕਿਸਾਨਾਂ ਦੀ ਲੜਾਈ ਨਹੀਂ ਹੈ, ਸਗੋ ਹਰੇਕ ਉਸ ਸਖ਼ਸ਼ ਦੀ ਲੜਾਈ ਹੈ, ਜੋ ਆਪਣੇ ਅਧਿਕਾਰਾਂ ਲਈ ਲੜ ਰਿਹਾ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਇਸ ਸੰਘਰਸ਼ ਵਿਚ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ।
ਢੀਂਡਸਾ ਨੇ ਹਰਿਆਣਾ ਸਰਕਾਰ ਵਲੋਂ ਸਰਹਦ ਸੀਲ ਕੀਤੇ ਜਾਣ ਦੀ ਸਖ਼ਤ ਸ਼ਬਦਾ ਵਿਚ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਭਾਰਤ ਇਕ ਲੋਕਤੰਤਰਿਕ ਮੁਲਕ ਹੈ ਅਤੇ ਇਥੇ ਹਰੇਕ ਨੂੰ ਆਪਣੀ ਗੱਲ ਸ਼ਾਂਤਮਈ ਤਰੀਕੇ ਨਾਲ ਕਹਿਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰ ਦੇ ਇਸ ਤਾਨਾਸ਼ਾਹੀ ਵਤੀਰੇ ਅੱਗੇ ਝੁਕਣ ਵਾਲੇ ਨਹੀਂ ਹਨ, ਬਲਿਕ ਇਸਦਾ ਡੱਟ ਕੇ ਮੁਕਾਬਲਾ ਕਰਨਗੇ। ਢੀਂਡਸਾ ਨੇ ਆਪਣੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਕਿਸਾਨ ਅੰਦੋਲਨ ਵਿਚ ਸ਼ਮੀਲ ਹੋਣ ਦੀ ਅਪੀਲ ਕੀਤੀ ਹੈ।