ਕੀ ਖ਼ਤਮ ਹੋ ਜਾਵੇਗਾ ਦੁਨੀਆ ਦਾ ਸਭ ਤੋਂ ਵੱਡਾ ਮਹਾਸਾਗਰ? ਵਿਗਿਆਨੀਆਂ ਦੀ ਵੱਡੀ ਚਿਤਾਵਨੀ

Global Team
3 Min Read

ਨਿਊਜ਼ ਡੈਸਕ: ਦੁਨੀਆ ਦੇ ਸਭ ਤੋਂ ਵੱਡੇ ਮਹਾਸਾਗਰ ਪ੍ਰਸ਼ਾਂਤ ਮਹਾਸਾਗਰ (Pacific Ocean) ਨੂੰ ਲੈ ਕੇ ਵਿਗਿਆਨੀਆਂ ਨੇ ਚਿੰਤਾਜਨਕ ਜਾਣਕਾਰੀ ਸਾਂਝੀ ਕੀਤੀ ਹੈ। ਵਿਗਿਆਨੀਆਂ ਦੇ ਅਨੁਸਾਰ ਇਹ ਮਹਾਸਾਗਰ ਹੌਲੀ-ਹੌਲੀ ਸੁੰਗੜ ਰਿਹਾ ਹੈ। ਇਸ ਦੇ ਪਿੱਛੇ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਦੀ ਲਗਾਤਾਰ ਗਤੀ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਧਰਤੀ ਦੀ ਸਭ ਤੋਂ ਵੱਡੀ ਜਲ ਸੰਰਚਨਾ

NOAA Ocean Exploration ਦੀ ਰਿਪੋਰਟ ਮੁਤਾਬਕ ਪ੍ਰਸ਼ਾਂਤ ਮਹਾਸਾਗਰ ਕਰੀਬ 155 ਮਿਲੀਅਨ ਵਰਗ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ। ਇਹ ਧਰਤੀ ਦੀ ਸਤ੍ਹਾ ਦੇ ਲਗਭਗ ਇੱਕ-ਤਿਹਾਈ ਹਿੱਸੇ ਨੂੰ ਘੇਰਦਾ ਹੈ ਅਤੇ ਦੁਨੀਆ ਦੇ ਸਮੁੰਦਰੀ ਪਾਣੀ ਦਾ ਤਕਰੀਬਨ ਅੱਧਾ ਹਿੱਸਾ ਇਸ ਵਿੱਚ ਮੌਜੂਦ ਹੈ। ਇਸ ਦਾ ਖੇਤਰਫਲ ਧਰਤੀ ਦੇ ਸਾਰੇ ਮਹਾਂਦੀਪਾਂ ਅਤੇ ਟਾਪੂਆਂ ਦੇ ਕੁੱਲ ਜ਼ਮੀਨੀ ਖੇਤਰ ਤੋਂ ਵੀ ਵੱਧ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਮਹਾਸਾਗਰ ਦੇ ਆਲੇ-ਦੁਆਲੇ ਸਬਡਕਸ਼ਨ ਜ਼ੋਨ ਮੌਜੂਦ ਹਨ, ਜਿਨ੍ਹਾਂ ਨੂੰ ‘ਰਿੰਗ ਆਫ ਫਾਇਰ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਖੇਤਰਾਂ ਵਿੱਚ ਧਰਤੀ ਦੀਆਂ ਪਲੇਟਾਂ ਇੱਕ-ਦੂਜੇ ਹੇਠਾਂ ਸਰਕਦੀਆਂ ਰਹਿੰਦੀਆਂ ਹਨ, ਜਿਸ ਕਾਰਨ ਸਮੁੰਦਰ ਦਾ ਤਲ ਹੌਲੀ-ਹੌਲੀ ਧਰਤੀ ਦੇ ਅੰਦਰ ਸਮਾਉਂਦਾ ਜਾ ਰਿਹਾ ਹੈ। ਹਾਲਾਂਕਿ ‘ਈਸਟ ਪੈਸਿਫਿਕ ਰਾਈਜ਼’ ਨਵੀਂ ਸਮੁੰਦਰੀ ਸਤ੍ਹਾ ਬਣਾਉਂਦੀ ਹੈ, ਪਰ ਸਬਡਕਸ਼ਨ ਦੀ ਰਫ਼ਤਾਰ ਇਸ ਨਾਲੋਂ ਵੱਧ ਹੋਣ ਕਰਕੇ ਕੁੱਲ ਮਿਲਾ ਕੇ ਮਹਾਸਾਗਰ ਦਾ ਆਕਾਰ ਘਟ ਰਿਹਾ ਹੈ।

ਮਾਰਿਆਨਾ ਟ੍ਰੈਂਚ ਦੀ ਭੂਮਿਕਾ

ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਮਾਰਿਆਨਾ ਟ੍ਰੈਂਚ ਧਰਤੀ ਦਾ ਸਭ ਤੋਂ ਡੂੰਘਾ ਸਮੁੰਦਰੀ ਸਥਾਨ ਹੈ, ਜਿਸ ਦੀ ਡੂੰਘਾਈ ਲਗਭਗ 11 ਹਜ਼ਾਰ ਮੀਟਰ ਹੈ। ਇਹ ਵੀ ਇੱਕ ਸਬਡਕਸ਼ਨ ਜ਼ੋਨ ਹੈ, ਜਿੱਥੇ ਸਮੁੰਦਰੀ ਪਰਤ ਧਰਤੀ ਦੇ ਅੰਦਰ ਖਿਸਕਦੀ ਰਹਿੰਦੀ ਹੈ ਅਤੇ ਇਹੀ ਪ੍ਰਕਿਰਿਆ ਮਹਾਸਾਗਰ ਦੇ ਸੁੱਕੜਨ ਦਾ ਕਾਰਨ ਬਣ ਰਹੀ ਹੈ।

ਭਵਿੱਖ ਵਿੱਚ ਬਣ ਸਕਦਾ ਹੈ ਨਵਾਂ ਮਹਾਂਦੀਪ

2022 ਵਿੱਚ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤੇ ਗਏ ਸੁਪਰਕੰਪਿਊਟਰ ਅਧਿਐਨ ਅਨੁਸਾਰ, ਆਉਣ ਵਾਲੇ 20 ਤੋਂ 30 ਕਰੋੜ ਸਾਲਾਂ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਪੂਰੀ ਤਰ੍ਹਾਂ ਖਤਨ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅਮਰੀਕਾ ਅਤੇ ਏਸ਼ੀਆ ਦੇ ਜੁੜਨ ਨਾਲ ‘ਅਮਾਸੀਆ’ ਨਾਮ ਦਾ ਨਵਾਂ ਮਹਾਂਦੀਪ ਬਣ ਸਕਦਾ ਹੈ। ਹਾਲਾਂਕਿ ਕੁਝ ਹੋਰ ਵਿਗਿਆਨਕ ਮਾਡਲਾਂ ਵਿੱਚ ਇਸ ਤੋਂ ਵੱਖਰੀ ਸੰਭਾਵਨਾ ਵੀ ਜਤਾਈ ਗਈ ਹੈ, ਜਿਨ੍ਹਾਂ ਵਿੱਚ ਅਟਲਾਂਟਿਕ ਮਹਾਸਾਗਰ ਦੇ ਸੁੰਗੜ ਕੇ ਬੰਦ ਹੋਣ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਖੁੱਲ੍ਹੇ ਰਹਿਣ ਦੀ ਗੱਲ ਕਹੀ ਗਈ ਹੈ।

Share This Article
Leave a Comment