-ਹਰੀ ਰਾਮ
ਕਣਕ, ਪੰਜਾਬ ਦੀ ਹਾੜੀ ਦੀ ਪ੍ਰਮੁੱਖ ਫ਼ਸਲ ਹੈ ਅਤੇ ਲਗਭਗ 35.12 ਲੱਖ ਹੈਕਟੇਅਰ ‘ਤੇ ਕਾਸ਼ਤ ਹੁੰਦੀ ਹੈ। ਉਪਜਾਊ ਜ਼ਮੀਨ, ਅਨੁਕੂਲ ਵਾਤਾਵਰਣ ਉਨਤ ਸਿੰਚਾਈ ਸਾਧਨ, ਸੁਧਰੇ ਬੀਜ, ਖਾਦਾਂ, ਖੇਤੀ ਰਸਾਇਣਾਂ ਅਤੇ ਉਤਪਾਦਨ ਤਕਨੀਕਾਂ ਦੇ ਮਸ਼ੀਨੀਕਰਨ ਦੇ ਕਾਰਨ ਪੰਜਾਬ ਦਾ ਔਸਤਨ ਝਾੜ 2019-20 ਵਿੱਚ 50.08 ਕੁਇੰਟਲ ਪ੍ਰਤੀ ਹੈਕਟੇਅਰ ਸੀ ਜਿਸ ਦੇ ਕਾਰਨ ਪੰਜਾਬ ਦੇਸ਼ ਭਰ ਵਿੱਚੋਂ ਕਣਕ ਉਤਪਾਦਨ ਵਿੱਚ ਮੋਹਰੀ ਰਿਹਾ। ਕਣਕ ਦੇ ਚੰਗੇ ਫੁਟਾਰੇ ਅਤੇ ਵਧੇਰੇ ਝਾੜ ਲਈ ਘੱਟ ਤਾਪਮਾਨ ਅਤੇ ਘੱਟ ਨਮੀ ਦੀ ਜ਼ਰੂਰਤ ਹੁੰਦੀ ਹੈ। ਜੇਕਰ ਕਣਕ ਦੀ ਬਿਜਾਈ ਤੋਂ ਬਾਅਦ ਦਸੰਬਰ- ਜਨਵਰੀ ਮਹੀਨੇ ਵਿੱਚ ਲੋੜ ਤੋਂ ਵਧੇਰੇ ਬੱਦਲਵਾਈ ਜਾਂ ਮੀਂਹ ਪੈ ਜਾਣ ਤਾਂ ਪੀਲੀ ਜਾਂ ਭੂਰੀ ਕੁੰਗੀ ਦੇ ਫ਼ੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਮੌਸਮੀ ਬਦਲਾਅ ਕਾਰਨ ਅੱਜ ਕੱਲ੍ਹ ਮਾਰਚ ਮਹੀਨੇ ਵਿੱਚ ਹੀ ਤਾਪਮਾਨ ਵਿੱਚ ਵਾਧਾ ਹੋ ਜਾਂਦਾ ਹੈ। ਇਸ ਸਮੇਂ ਕਣਕ ਦੀ ਫ਼ਸਲ ਦੋਧੇ ਦੀ ਅਵਸਥਾ ਵਿੱਚ ਹੋਣ ਕਾਰਨ, ਦਾਣੇ ਮਾੜਚੂ ਜਿਹੇ ਰਹਿ ਜਾਂਦੇ ਹਨ ਜਿਸ ਦੇ ਫਲਸਰੂਪ ਝਾੜ ਘੱਟ ਜਾਂਦਾ ਹੈ।ਜ਼ਿਆਦਾ ਤਾਪਮਾਨ ਨਾਲ ਪੌਦੇ ਦੇ ਕਲੋਰੋਪਲਾਸਟ ਦਾ ਨੁਕਸਾਨ ਹੁੰਦਾ ਹੈ ਅਤੇ ਪ੍ਰਕਾਸ਼ ਸੰਸਲੇਸ਼ਣ ਦੀ ਸਮਰੱਥਾ ਘੱਟ ਜਾਂਦੀ ਹੈ। ਇਸ ਕਰਕੇ ਸੁੱਕੇ ਮਾਦੇ ਦੀ ਜਜ਼ਬਤਾ ਅਤੇ ਦਾਣਿਆਂ ਦਾ ਝਾੜ ਘੱਟ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਸਾਨੂੰ ਨਿਵੇਕਲੀਆਂ ਖੇਤੀ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਣਕ ਦੀ ਬਿਜਾਈ ਲਈ ਚੰਗੇ ਜਲ ਨਿਕਾਸ ਵਾਲੀ ਮੈਰਾ ਜ਼ਮੀਨ ਬਹੁਤ ਵਧੀਆ ਸਮਝੀ ਜਾਂਦੀ ਹੈ। ਕੱਲਰ ਅਤੇ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਜ਼ਮੀਨਾਂ ‘ਤੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਸਹੀ ਕਿਸਮਾਂ ਦੀ ਚੋਣ: ਵਧੀਆ ਪੈਦਾਵਾਰ ਲੈਣ ਲਈ ਕਿਸਮ ਦੀ ਸਹੀ ਚੋਣ ਹੋਵੇ।ਪੰਜਾਬ ਐਗਰੀਕਲਚਰਕਲ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਨਾਂ ਦੀ ਚੋਣ ਕਰਨੀ ਚਾਹੀਦੀ ਹੈ।ਕਿਸਮਾਂ ਦੀਆਂ ਸਿਫ਼ਾਰਿਸ਼ਾਂ ਖੇਤਰ, ਸਿੰਚਾਈ ਸਾਧਨ ਅਤੇ ਬਿਜਾਈ ਦੇ ਸਮੇਂ ਅਧਾਰਿਤ ਕੀਤੀਆਂ ਜਾਂਦੀਆਂ ਹਨ। ਇਸ ਲਈ ਕਿਸਮ ਦੀ ਚੋਣ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕਰਨੀ ਚਾਹੀਦੀ ਹੈ। ਪੰਜਾਬ ਦੇ ਸੇਂਜੂ ਇਲਾਕਿਆਂ ਵਿੱਚ ਸਮੇਂ ਸਿਰ ਬਿਜਾਈ ਲਈ ਉਨਤ ਪੀ ਬੀ ਡਬਲਯੂ 343, ਉਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 1 ਜ਼ਿੰਕ, ਪੀ ਬੀ ਡਬਲਯੂ 725, ਪੀ ਬੀ ਡਬਯੂ 677, ਪੀ ਬੀ ਡਬਲਯੂ 621, ਐਚ ਡੀ 2967, ਐਚ ਡੀ 3086 ਅਤੇ ਡਬਲਯੂ ਐਚ 1105 ਦੀ ਸਿਫ਼ਰਿਸ਼ ਕੀਤੀ ਜਾਂਦੀ ਹੈ। ਨੀਮ ਪਹਾੜੀ ਇਲਾਕਿਆਂ ਵਿੱਚ ਸੇਂਜੂ ਹਾਲਤਾਂ ਅਧੀਨ ਉਨਤ ਪੀ ਬੀ ਡਬਲਯੂ 550 ਅਤੇ ਪੀ ਬੀ ਡਬਲਯੂ 677 ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂ ਕਿ ਇਨ੍ਹਾਂ ਵਿੱਚ ਪੀਲੀ ਕੂੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਵਧੇਰੇ ਹੈ।
ਪਰਾਲੀ ਦੀ ਖੇਤ ਵਿੱਚ ਸੰਭਾਲ ਅਤੇ ਖੇਤ ਦੀ ਤਿਆਰੀ: ਪਿਛਲੀ ਫ਼ਸਲ ਅਤੇ ਮਿੱਟੀ ਪਰਖ ਦੇ ਅਧਾਰ ‘ਤੇ ਖੇਤ ਨੂੰ ਤਵੀਆਂ ਜਾਂ ਹੱਲਾਂ ਨਾਲ ਚੰਗੀ ਤਰ੍ਹਾਂ ਵਾਹ ਕੇ ਤਿਆਰ ਕਰ ਲਵੋ ।ਭਾਰੀਆਂ ਜ਼ਮੀਨਾਂ ਨੂੰ ਹਲਕੀਆਂ ਦੇ ਮੁਕਾਬਲੇ ਵੱਧ ਵਹਾਈ ਦੀ ਲੋੜ ਹੁੰਦੀ ਹੈ ।ਖੇਤ ਵਿੱਚ ਗਿੱਲ ਅਨੁਸਾਰ ਖੇਤ ਦੀ ਵਹਾਈ ਕਰੋ ।ਜੇਕਰ ਨਮੀ ਘੱਟ ਹੋਵੇ ਤਾਂ ਰੌਣੀ ਕਰਨ ਉਪਰੰਤ ਖੇਤ ਦੀ ਤਿਆਰੀ ਕਰੋ। ਝੋਨੇ ਦੀ ਪਰਾਲੀ ਦੀ ਸੰਭਾਲ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮੇਂ ਸਮੇਂ ਉਪਰ ਕਈ ਬਦਲ ਦਿੱਤੇ ਗਏ ਜਿਵੇਂ ਕਿ ਪਰਾਲੀ ਤੋਂ ਬਿਜਲੀ, ਬਾਇਓ ਗੈਸ ਅਤੇ ਗੱਤਾ ਬਣਾਉਣਾ, ਖੁੰਬਾਂ ਦੀ ਕਾਸ਼ਤ ਵਿੱਚ ਵਰਤੋਂ ਅਤੇ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਣਾ । ਜੇਕਰ ਝੋਨੇ ਦੀ ਕਟਾਈ ਹੱਥਾਂ ਨਾਲ ਕੀਤੀ ਹੋਵੇ ਜਾਂ ਕੰਬਾਈਨ ਨਾਲ ਕਟਾਈ ਤੋਂ ਬਾਅਦ ਕਰਚੇ ਕੱਟੇ ਅਤੇ ਬਾਹਰ ਕੱਢੇ ਹੋਣ ਤਾਂ ਖੇਤ ਨੂੰ ਬਿਨ੍ਹਾਂ ਵਾਹੇ ਕਣਕ ਦੀ ਬਿਜਾਈ ਜ਼ੀਰੋ ਟਿੱਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ । ਕੰਬਾਈਨ ਨਾਲ ਕਟਾਈ ਤੋਂ ਬਾਅਦ, ਖੜੇ ਕਰਚਿਆਂ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ ਜਾਂ ਪੀ. ਏੇ.ਯੂ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕੀਤੀ ਜਾ ਸਕਦੀ ਹੈ।
ਬਿਜਾਈ ਦਾ ਸਮਾਂ: ਕਣਕ ਦਾ ਵਧੇਰੇ ਝਾੜ ਲਈ, ਉਸਦੀ ਬਿਜਾਈ ਦਾ ਸਮਾਂ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ।ਵਧੇਰੇ ਝਾੜ ਲੈਣ ਲਈ ਕਣਕ ਦੀ ਬਿਜਾਈ ਨਵੰਬਰ ਦੇ ਪਹਿਲੇ ਪੰਦਰਵਾੜੇ ਤੱਕ ਖਤਮ ਕਰ ਲੈਣੀ ਚਾਹੀਦੀ ਹੈ। ਢੁਕਵੇਂ ਸਮੇਂ ਤੋਂ ਇਕ ਹਫ਼ਤੇ ਦੀ ਪਿਛੇਤ ਤਕਰੀਬਨ 1.5 ਕੁਇੰਟਲ ਪ੍ਰਤੀ ਏਕੜ ਝਾੜ ਘਟਾ ਦਿੰਦੀ ਹੈ।ਕਣਕ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ।ਪਰ ਇੱਹ ਯਾਦ ਰੱਖੋ ਕਿ ਉੱਨਤ ਪੀ ਬੀ ਡਬਲਯੂ 550 ਦੀ ਬਿਜਾਈ ਨਵੰਬਰ 8 ਤੋਂ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਇਹ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਹਨ।ਜੇਕਰ ਇਸ ਕਿਸਮ ਦੀ ਬਿਜਾਈ ਅਗੇਤੀ ਕੀਤੀ ਜਾਵੇ ਤਾਂ ਇਨ੍ਹਾਂ ਦੇ ਦਾਣੇ ਪੈਣ ਦੀ ਅਵਸਥਾ ਦੌਰਾਨ ਕੋਰਾ ਪੈਣ ਕਾਰਨ ਦਾਣੇ ਘੱਟ ਬਣਦੇ ਹਨ, ਜਿਸ ਕਰਕੇ ਝਾੜ ਘੱਟਦਾ ਹੈ।
ਬੀਜ ਦੀ ਮਾਤਰਾ: ਵਧੇਰੇ ਝਾੜ ਲੈਣ ਲਈ ਖੇਤ ਵਿਚ ਬੂਟਿਆਂ ਦੀ ਗਿਣਤੀ ਪੂਰੀ ਹੋਣੀ ਬਹੁੱਤ ਦੀ ਮਹੱਤਵਪੂਰਨ ਹੈ।ਫ਼ਸਲ ਦੀ ਕਿਸਮ ਦੀ ਚੋਣ ਤੋਂ ਬਾਅਦ ਨਰੋਇਆ, ਬੀਮਾਰੀ ਰਹਿਤ (ਖਾਸ ਕਰਕੇ ਕਰਨਾਲ ਬੰਟ) ਦੂਸਰੀਆਂ ਫ਼ਸਲਾਂ/ਕਿਸਮਾਂ ਦੇ ਬੀਜਾਂ ਤੋਂ ਰਹਿਤ ਅਤੇ ਸਾਫ ਸੁਥਰੇ ਸਿਹਤਮੰਦ ਬੀਜ ਦੀ ਚੋਣ ਕਰਨੀ ਚਾਹੀਦੀ ਹੈ। ਇਸ ਲਈ ਬਹੁਤ ਦੀ ਜਰੂਰੀ ਹੈ ਕਿ ਬੀਜ ਭਰੋਸੇਯੋਗ ਵਸੀਲਿਆਂ ਤੋਂ ਖਰੀਦਿਆ ਜਾਵੇ।ਪੀ. ਏ. ਯੂ ਵੱਲੋਂ ਸਿਫ਼ਾਰਿਸ਼ ਕਿਸਮਾਂ ਉੱਨਤ ਪੀ ਬੀ ਡਬਲਯੂ 550 ਲਈ 45 ਕਿਲੋ/ਏਕੜ ਅਤੇ ਬਾਕੀ ਸਾਰੀਆਂ ਸਿਫ਼ਾਰਿਸ਼ ਕਿਸਮਾਂ ਲਈ 40 ਕਿਲੋ/ ਏਕੜ ਬੀਜ ਪਾਉਣਾ ਚਾਹੀਦਾ ਹੈ। ਹੈਪੀ ਸੀਡਰ ਲਈ 45 ਕਿਲੋ/ਏਕੜ ਬੀਜ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ।
ਬੀਜ ਦੀ ਦਵਾਈਆਂ ਨਾਲ ਸੋਧ ਅਤੇ ਜੀਵਾਣੂ ਖਾਦਾਂ ਦਾ ਟੀਕਾ ਲਗਾਉਣਾ: ਸਿਉਂਕ ਅਤੇ ਬੀਜ ਤੋਂ ਲੱਗਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਕੇਵਲ ਬੀਜ ਸੋਧ ਨਾਲ ਹੀ ਕੀਤੀ ਜਾ ਸਕਦੀ ਹੈ। ਸਿਉਂਕ ਦੀ ਰੋਕਥਾਮ 40 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 80 ਮਿਲੀਲਿਟਰ ਨਿਉਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਜਾਂ ਡਰਸਬਾਨ/ ਰੂਬਾਨ/ਡਰਮਿਟ 20 ਈ ਸੀ (ਕਲੋਰਪਾਈਰੀਫਾਸ) 160 ਮਿਲਿ. ਪ੍ਰਤੀ ਏਕੜ 40 ਕਿਲੋ ਬੀਜ ਲਈ ਵਰਤਿਆ ਜਾ ਸਕਦਾ ਹੈ।ਸਿੱਟਿਆਂ ਅਤੇ ਪੱਤਿਆਂ ਦੀ ਕਾਂਗਿਆਰੀ ਉਲੀ ਰੋਗ ਹਨ, ਇਹਨਾਂ ਬਿਮਾਰੀਆਂ ਦੀ ਰੋਕਥਾਮ ਲਈ ਪ੍ਰਤੀ 40 ਕਿਲੋ ਬੀਜ ਨੂੰ 13 ਗ੍ਰਾਮ ਰੈਕਸਿਲ ਇਜ਼ੀ ਜਾਂ ਓਰੀਅਸ 6 ਐਸ ਐਫ ਨੂੰ 400 ਮਿ. ਲਿ. ਪਾਣੀ ਵਿੱਚ ਘੋਲ ਕੇ ਲਗਾਓ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 7.5 ਡਬਲਯੂ ਪੀ ਜਾਂ 80 ਗ੍ਰਾਮ ਵੀਟਾਵੈਕਸ ਜਾਂ ਸੀਡੈਕਸ 2 ਡੀ ਐਸ ਜਾਂ ਏਕਸਜ਼ੋਲ 2 ਡੀ ਐਸ ਨੂੰ 40 ਕਿਲੋ ਬੀਜ ਲਈ ਵਰਤੋ। ਬੀਜ ਸੋਧ ਹਮੇਸ਼ਾਂ ਬੀਜ ਸੋਧ ਡਰੱਮ ਨਾਲ ਕਰਨੀ ਚਾਹੀਦੀ ਹੈ।ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਝੁਲਸ ਰੋਗ ਦੀ ਰੋਕਥਾਮ ਲਈ 40 ਕਿਲੋ ਬੀਜ ਨੂੰ 120 ਗ੍ਰਾਮ ਕੈਪਟਨ ਨਾਲ ਸੋਧਣਾ ਚਾਹੀਦਾ ਹੈ। ਜੇਕਰ ਬੀਜ ਨੂੰ ਵੀਟਾਵੈਕਸ ਪਾਵਰ ਨਾਲ ਸੋਧਿਆ ਹੈ ਤੈ ਕੈਪਟਨ ਨਾਲ ਸੋਧਣ ਦੀ ਲੋੜ ਨਹੀਂ ਹੈ। ਬੀਜ ਦੀ ਜੀਵਾਣੂੰ ਖਾਦ ਨਾਲ ਸੋਧ ਕਰਨ ਨਾਲ ਜ਼ਮੀਨ ਵਿੱਚ ਉਪਜਾਊ ਸ਼ਕਤੀ ਵਧਾਉਣ ਵਾਲੇ ਜੀਵਾਣੂੰਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਜਿਸਦੇ ਨਤੀਜੇ ਵਜੋਂ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਫ਼ਸਲ ਦੇ ਝਾੜ ਵਿੱਚ ਵਾਧਾ ਹੁੰਦਾ ਹੈ। 40 ਕਿਲੋ ਬੀਜ ਲਈ 250 ਗ੍ਰਾਮ ਅਜ਼ੋਟੋਬੈਕਟਰ ਅਤੇ ਸਟਰੈਪਟੋਮਾਈਸੀਜ਼ ਜੀਵਾਣੂੰ ਖਾਦ (ਐਜ਼ੋ-ਐਸ) ਨੂੰ 1 ਲਿਟਰ ਪਾਣੀ ਵਿੱਚ ਘੋਲ ਕੇ ਬੀਜ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਬਿਜਾਈ ਦੇ ਢੰਗ: ਕਣਕ ਦੀ ਬਿਜਾਈ ਲਈ ਖੇਤ ਦੀ ਤਿਆਰੀ ਅਨੁਸਾਰ ਬੀਜ ਕਮ ਖਾਦ ਡਰਿੱਲ, ਜ਼ੀਰੋ ਡਰਿੱਲ ਜਾਂ ਹੈਪੀ ਸੀਡਰ ਨਾਲ ਕੀਤੀ ਜਾ ਸਕਦੀ ਹੈ। ਕਣਕ ਦੀ ਬਿਜਾਈ ਚੰਗੇ ਵੱਤਰ ਵਿੱਚ 4-6 ਸੈਂ. ਮੀ ਡੂੰਘਾਈ ‘ਤੇ ਕਤਾਰ ਤੋਂ ਕਤਾਰ 15-20 ਸੈਂ. ਮੀ ਫ਼ਾਸਲੇ ਉਪਰ ਕਰਨੀ ਚਾਹੀਦੀ ਹੈ। ਬੈੱਡਾਂ ਉਪਰ ਬਿਜਾਈ ਦੀ ਵਿਧੀ ਵਿੱਚ 37.5 ਸੈਂ. ਮੀ ਚੌੜੇ ਬੈੱਡ ਉੱਪਰ 20 ਸੈਂ. ਮੀ ਫ਼ਾਸਲੇ ‘ਤੇ ਦੋ ਕਤਾਰਾਂ ਬੀਜੋ। ਇਸ ਵਿਧੀ ਵਿੱਚ ਬੈੱਡ ਪਲਾਂਟਰ ਨਾਲ ਪ੍ਰਤੀ ਏਕੜ 30 ਕਿਲੋ ਬੀਜ ਨਾਲ ਬਿਜਾਈ ਕੀਤੀ ਜਾ ਸਕਦੀ ਹੈ।ਇਸ ਵਿਧੀ ਨਾਲ 25 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਖੇਤੀ ਸੰਦਾਂ ਨਾਲ ਕੀਤੀ ਜਾ ਸਕਦੀ ਹੈ।
ਖਾਦਾਂ ਦੀ ਸੁਚੱਜੀ ਵਰਤੋਂ: ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਅਨੁਸਾਰ ਕਰਨੀ ਚਾਹੀਦੀ ਹੈ। ਹਮੇਸ਼ਾ ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ (10 ਟਨ ਪ੍ਰਤੀ ਏਕੜ) ਜਾਂ ਮੁਰਗੀਆਂ ਦੀ ਖਾਦ (2.5 ਟਨ ਪ੍ਰਤੀ ਏਕੜ) ਜਾਂ ਹਰੀ ਖਾਦ ਜਾਂ ਚੌਲਾਂ ਦੀ ਫੱਕ ਦੀ ਸੁਆਹ ਜਾਂ ਗੰਨਿਆਂ ਦੇ ਪੀੜ ਦੀ ਸੁਆਹ (4 ਟਨ ਪ੍ਰਤੀ ਏਕੜ) ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਜੋ ਕਿ ਮਿੱਟੀ ਦੀ ਗੁਣਵੱਤਾ ਵਧਾਉਣ ਦੇ ਨਾਲ-ਨਾਲ ਰਸਾਇਣਿਕ ਖਾਦਾਂ ਤੇ ਹੋਣ ਵਾਲੇ ਖਰਚੇ ਨੂੰ ਵੀ ਘਟਾਉਂਦੇ ਹਨ। ਜੇਕਰ ਮਿੱਟੀ ਦੀ ਪਰਖ ਨਾ ਕਰਵਾਈ ਹੋਵੇ ਤਾਂ ਦਰਮਿਆਨੀਆਂ ਜ਼ਮੀਨਾਂ ਵਿੱਚ 50 ਕਿਲੋ ਨਾਈਟ੍ਰੋਜਨ ਅਤੇ 25 ਕਿਲੋ ਫਾਸਫੋਸ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਇਹ ਤੱਤ 90 ਕਿਲੋ ਯੂਰੀਆ ਅਤੇ 55 ਕਿਲੋ ਡੀ.ਏ.ਪੀ ਪ੍ਰਤੀ ਏਕੜ ਪਾਉਣ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ।ਪੋਟਾਸ਼ੀਅਮ ਦੀ ਵਰਤੋਂ ਉਨ੍ਹਾਂ ਖੇਤਾਂ ਵਿਚ ਕਰਨੀ ਚਾਹੀਦੀ ਹੈ ਜਿਸ ਵਿੱਚ ਪੋਟਾਸ਼ੀਆਮ ਦੀ ਘਾਟ ਹੋਵੇ।ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਵੇਲੇ ਕੇਰ ਦਿਓ ਅਤੇ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਵੇਲੇ ਛੱਟੇ ਨਾਲ ਪਾਉ। ਬਚਦੀ ਅੱਧੀ ਨਾਈਟ੍ਰੋਜਨ ਦੂਜੇ ਪਾਣੀ ਤੌਂ ਪਹਿਲਾਂ ਛੱਟੇ ਨਾਲ ਪਾਉ।ਹਲਕੀਆਂ ਜ਼ਮੀਨਾਂ ਵਿੱਚ ਅੱਧੀ ਨਾਈਟ੍ਰੋਜਨ ਬੀਜਣ ਸਮੇਂ ਇੱਕ ਚੋਥਾਈ ਹਿੱਸਾ ਪਹਿਲਾ ਪਾਣੀ ਲਾਣ ਸਮੇਂ ਅਤੇ ਬਚਦਾ ਇੱਕ ਚੌਥਾਈ ਹਿੱਸਾ ਦੂਜਾ ਪਾਣੀ ਲਾਣ ਸਮੇਂ ਪਾਉਣੀ ਚਾਹੀਦੀ ਹੈ।ਖਾਦ ਪਾਣੀ ਲਾਉਣ ਤੋਂ ਪਹਿਲਾਂ ਪਾਈ ਜਾਵੇ ਤਾਂ ਅਸਰ ਜਲਦੀ ਅਤੇ ਵੱਧ ਕਰਦੀ ਹੈ।ਫਲੀਦਾਰ ਫਸਲਾਂ ਤੋਂ ਬਾਅਦ ਬੀਜੀ ਕਣਕ ਨੂੰ 25 ਪ੍ਰਤੀਸ਼ਤ ਨਾਈਟ੍ਰੋਜਨ ਘੱਟ ਪਾਉ। ਜਦੋਂ ਕਣਕ, ਆਲੂਆਂ ਦੀ ਫਸਲ ਪਿੱਛੋਂ ਬੀਜੀ ਜਾਵੇ ਅਤੇ ਆਲੂਆਂ ਨੂੰ 10 ਟਨ ਪ੍ਰਤੀ ਏਕੜ ਰੂੜੀ ਪਾਈ ਗਈ ਹੋਵੇ ਤਾਂ ਕਣਕ ਦੀ ਫਸਲ ਨੂੰ ਫਾਸਫੋਰਸ ਦੀ ਕੋਈ ਜ਼ਰੂਰਤ ਨਹੀਂ ਹੈ।ਨਾਈਟ੍ਰੋਜਨ ਵਾਲੀ ਖਾਦ ਵੀ ਕੇਵਲ ਸਿਫਾਰਿਸ਼ ਕੀਤੀ ਖਾਦ ਨਾਲੋਂ ਅੱਧੀ ਪਾਉਣੀ ਚਾਹੀਦੀ ਹੈ।ਕਲਰ ਵਾਲੀਆਂ ਜ਼ਮੀਨਾਂ ਵਿੱਚ 25 ਪ੍ਰਤੀਸ਼ਤ ਵੱਧ ਨਾਈਟ੍ਰੋਜਨ ਪਾਓ।
ਨਦੀਨਾਂ ਦੀ ਸੁਚੱਜੀ ਰੋਕਥਾਮ: ਕਣਕ ਦੀ ਵਧੇਰੇ ਪੈਦਾਵਾਰ ਲੈਣ ਲਈ ਬਹੁਤ ਹੀ ਜ਼ਰੂਰੀ ਹੈ ਕਿ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਕੀਤੀ ਜਾਵੇ ।ਫ਼ਸਲ ਦੀ ਬਿਜਾਈ ਤੋਂ 30-35 ਦਿਨਾਂ ਤੱਕ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਹੀ ਜਰੂਰੀ ਹੈ ਕਿਉਂਕਿ ਇਸ ਸਮੇਂ ਨਦੀਨ ਕਣਕ ਦੀ ਫ਼ਸਲ ਨਾਲ ਪਾਣੀ, ਖੁਰਾਕੀ ਤੱਤਾਂ, ਧੁੱਪ ਆਦਿ ਲਈ ਮੁਕਾਬਲਾ ਕਰਦੇ ਹਨ ਜਿਸ ਦੇ ਨਤੀਜੇ ਵਜੋਂ ਕਣਕ ਦੇ ਝਾੜ ‘ਤੇ ਮਾੜਾ ਅਸਰ ਪੈਂਦਾ ਹੈ ।
ਝੋਨਾ-ਕਣਕ ਫ਼ਸਲੀ ਚੱੱੱਕਰ ਦਾ ਮੁੱਖ ਨਦੀਨ ਗੁੱਲੀ ਡੰਡਾ ਹੈ ਜੋ ਸ਼ੂਰਆਤੀ ਸਮੇਂ ਵਿੱਚ ਹੀ ਕਣਕ ਨਾਲ ਪੈਦਾ ਹੋ ਜਾਂਦਾ ਹੈ।ਪਹਿਲਾਂ ਇਸ ਨਦੀਨ ਦੀ ਰੋਕਥਾਮ ਨਦੀਨ ਨਾਸ਼ਕ ਦਵਾਈਆਂ ਨਾਲ ਕੀਤੀ ਜਾਂਦੀ ਸੀ।ਪ੍ਰੰਤੂ ਛਿੜਕਾਅ ਵਿਧੀ ਵਿੱਚ ਕੁਝ ਊਣਤਾਈਆਂ ਰਹਿਣ ਕਾਰਨ ਇਸ ਵਿੱਚ ਨਦੀਨ ਨਾਸ਼ਕਾਂ ਪ੍ਰਤੀ ਸਹਿਣਸ਼ੀਲਤਾ ਉਤਪਨ ਹੋ ਗਈ ਹੈ।ਜਿਨ੍ਹਾਂ ਖੇਤਾਂ ਵਿੱਚ ਨਦੀਨ ਨਾਸ਼ਕ ਕਾਰਗਰ ਸਾਬਤ ਨਹੀਂ ਹੋ ਰਹੇ ਤਾਂ ਸਰਵਪੱਖੀ ਨਦੀਨ ਪ੍ਰਬੰਧ ਅਪਣਾਉਣਾ ਚਾਹੀਦਾ ਹੈ।ਜਿਸ ਵਿੱਚ ਸਭ ਤੋਂ ਪਹਿਲਾਂ ਕਣਕ ਦੀ ਬਿਜਾਈ ਅਗੇਤੀ (25 ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ) ਕਰਨ ਨਾਲ ਗੁੱਲੀ ਡੰਡੇ ਦੇ ਪਹਿਲੇ ਲੌਅ ਤੋਂ ਫ਼ਸਲ ਬਚੀ ਰਹਿੰਦੀ ਹੈ। ਹੈਪੀ ਸੀਡਰ ਨਾਲ ਕੀਤੀ ਬਿਜਾਈ ਵਿੱਚ ਜ਼ਮੀਨ ਦੀ ਉਪਰਲੀ ਸਤਿਹ ‘ਤੇ ਪਰਾਲੀ ਹੋਣ ਕਾਰਨ ਗੁੱਲੀ ਡੰਡੇ ਦੇ ਬੀਜ ਨੂੰ ਲੋੜੀਂਦੀ ਧੁੱਪ ਨਹੀਂ ਮਿਲਦੀ ਜਿਸ ਕਾਰਨ ਉਸ ਦੇ ਬੂਟੇ ਕਮਜ਼ੋਰ ਰਹਿ ਜਾਂਦੇ ਹਨ ਅਤੇ ਕਣਕ ਦੀ ਫ਼ਸਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।ਗੁੱਲੀ ਡੰਡੇ ਦੇ ਜੰਮ ਲਈ ਉਪਰਲੀ ਸਤਿਹ ਦਾ ਸੁੱਕਾ ਰੱਖਣ ਨਾਲ ਵੀ ਗੁੱਲੀ ਡੰਡੇ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਬਿਜਾਈ ਤੋਂ ਦੋ ਦਿਨਾਂ ਦੇ ਅੰਦਰ-ਅੰਦਰ ਨਦੀਨ ਨਾਸ਼ਕ ਦਵਾਈਆਂ ਜਿਵੇਂ ਕਿ ਪ੍ਰਤੀ ਏਕੜ ਸਟੌਂਪ 30 ਈ ਸੀ (1.5 ਲਿਟਰ) /ਅਵਕੀਰਾ 85 ਡਬਲਯੂ ਜੀ (60 ਗ੍ਰਾਮ) ਪਲੈਟਫਾਰਮ 385 ਐਸ ਈ (1.0 ਲਿਟਰ) ਦਾ ਪ੍ਰਤੀ ਏਕੜ ਛਿੜਕਾਅ ਕਰਨ ਨਾਲ ਗੁੱਲੀ ਡੰਡੇ ਦੀ ਰੋਕਥਾਮ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ। ਜੇਕਰ ਨਦੀਨ ਪਹਿਲੇ ਪਾਣੀ ਤੋਂ ਬਾਅਦ ਹੋ ਜਾਣ ਤਾਂ ਕੋਈ ਵੀ ਨਦੀਨ ਉੱਗਣ ਤੌਂ ਬਾਅਦ ਵਰਤੀਆਂ ਜਾਣ ਵਾਲੀਆਂ ਨਦੀਨ ਨਾਸ਼ਕ ਦਵਾਈਆਂ ਵਰਤੀਆਂ ਜਾ ਸਕਦੀਆਂ ਹਨ। ਜਿਨ੍ਹਾਂ ਖੇਤਾਂ ਵਿੱਚ ਇਹ ਸਮੱਸਿਆ ਜ਼ਿਆਦਾ ਹੋਵੇ ਉਨ੍ਹਾਂ ਵਿੱਚ ਜਦੋਂ ਕਣਕ ਦੀ ਫ਼ਸਲ ਵਿੱਚ ਖੜੇ ਗੁੱਲੀ ਡੰਡੇ ਨੂੰ ਸਿੱਟੀ/ਸਿੱਟਾ ਲੱਗ ਜਾਵੇ ਤਾਂ ਉਸਨੂੰ ਪੁੱਟ ਦਿਓ ਤਾਂ ਜੋ ਉਸ ਵਿੱਚ ਬੀਜ ਨਾ ਬਣ ਸਕੇ।
ਕਣਕ ਨੂੰ ਗਰਮੀ ਦੇ ਤਣਾਅ ਤੋ ਬਚਾਉਣਾ: ਕਣਕ ਨੂੰ ਅਖੀਰਲੇ ਗਰਮੀ ਦੇ ਤਣਾਅ ਤੋ ਬਚਾਉਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ [4 ਕਿਲੋ (13:0:45) 200 ਲਿਟਰ ਪਾਣੀ ਵਿੱਚ] ਦੇ ਦੋ ਛਿੜਕਾਅ ਪਹਿਲਾ ਸਿੱਟਾ ਨਿਕਲਣ ਸਮੇਂ ਤੇ ਦੂਜਾ ਬੂਰ ਪੈਣ ਸਮੇਂ ਕਰੋ ਜਾਂ 15 ਗ੍ਰਾਮ ਸੈਲੀਸੀਲਿਕ ਏਸਿਡ ਦਾ 450 ਮਿ.ਲਿ. ਸਪਿਰਟ ਵਿੱਚ ਘੋਲ ਬਣਾ ਕੇ 200 ਲਿਟਰ ਪਾਣੀ ਵਿੱਚ ਪਾ ਕੇ ਦੋ ਛਿੜਕਾਅ ਕਰੋ। ਪਹਿਲਾ ਛਿੜਕਾਅ ਸਿੱਟੇ ਨਿਕਲਣ ਸਮੇਂ ਤੇ ਦੂਜਾ ਦਾਣੇ ਦੋਧੇ ਪੈਣ ਸਮੇਂ ਸ਼ਾਮ ਨੂੰ ਕਰੋ। ਇਹਨਾਂ ਰਸਾਇਣਾਂ ਦੀ ਵਰਤੋਂ ਨਾਲ ਦਾਣਿਆਂ ਦੇ ਵਜ਼ਨ ਅਤੇ ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ਵੱਧਣ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ।ਇਸਦੇ ਨਾਲ ਨਾਲ ਪੱਤੇ ਲੰਮੇਂ ਸਮੇਂ ਤੱਕ ਹਰੇ ਰਹਿੰਦੇ ਹਨ ਜਿਸ ਕਰਕੇ ਫ਼ਸਲ ਲੰਮਾ ਸਮਾਂ ਲੈ ਕੇ ਵਧੀਆ ਤਰੀਕੇ ਨਾਲ ਪੱਕ ਕੇ ਤਿਆਰ ਹੁੰਦੀ ਹੈ।
ਸਿੰਚਾਈ ਦਾ ਸਮਾਂ: ਕਣਕ ਦੀ ਬਿਜਾਈ ਭਰਵੀਂ ਰੌਣੀ ਕਰਕੇ ਕਰਨੀ ਚਾਹੀਦੀ ਹੈ। ਜੇਕਰ ਝੋਨੇ ਦੀ ਫਸਲ ਕੱਟਣ ਵਿੱਚ ਦੇਰੀ ਹੋ ਰਹੀ ਹੋਵੇ ਤਾਂ ਖੜੇ ਝੋਨੇ ਵਿੱਚ ਹੀ ਰੌਣੀ ਵਾਲਾ ਪਾਣੀ ਲਗਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਫਸਲ ਦੀ ਬਿਜਾਈ ਹਫਤੇ ਤੱਕ ਅਗੇਤੀ ਹੋ ਜਾਂਦੀ ਹੈ। ਪਾਣੀ ਦੀ ਸੁਚੱਜੀ ਵਰਤੋਂ ਲਈ ਭਾਰੀਆਂ ਜ਼ਮੀਨਾਂ ਵਿੱਚ 8 ਕਿਆਰੇ ਅਤੇ ਹਲਕੀਆਂ ਜ਼ਮੀਨਾਂ ਵਿੱਚ 16 ਕਿਆਰੇ ਪ੍ਰਤੀ ਏਕੜ ਪਾਉਣੇਂ ਚਾਹੀਦੇ ਹਨ। ਪਹਿਲਾ ਪਾਣੀ ਬਿਜਾਈ ਤੋਂ ਬਾਅਦ ਹਲਕਾ ਲਾਉਣਾ ਚਾਹੀਦਾ ਹੈ। ਅਕਤੂਬਰ ਵਿੱਚ ਬੀਜੀ ਕਣਕ ਨੂੰ ਪਹਿਲਾ ਪਾਣੀ ਤਿੰਨ ਹਫਤਿਆਂ ਬਾਅਦ ਜਦੋਂਕਿ ਨਵੰਬਰ ਬੀਜੀ ਕਣਕ ਨੂੰ ਚਾਰ ਹਫਤਿਆਂ ਬਾਅਦ ਲਗਾਉਣਾ ਚਾਹੀਦਾ ਹੈ। ਹਨੇਰੀ-ਝੱਖੜ ਦੌਰਾਨ ਕਣਕ ਨੂੰ ਪਾਣੀ ਨਾ ਲਗਾਉ ।ਜੇਕਰ ਹਲਕੀਆਂ ਜ਼ਮੀਨਾਂ ਹਨ ਤਾਂ ਸਿੰਚਾਈ ਅਗੇਤੀ ਕਰ ਲਉ ਅਤੇ ਜੇਕਰ ਭਾਰੀਆਂ ਹਨ ਤਾਂ ਇਕ ਹਫਤਾ ਪਿਛੇਤੀ ਕਰ ਲਉ ।ਸਿੰਚਾਈ ਜ਼ਮੀਨ ਅਤੇ ਮੌਸਮ ਦੇ ਮੁਤਾਬਿਕ 2-3 ਦਿਨ ਅੱਗੇ-ਪਿੱਛੇ ਕੀਤੀ ਜਾ ਸਕਦੀ ਹੈ ।ਜੇਕਰ ਮਾਰਚ ਵਿੱਚ ਇਕਦੱਮ ਤਾਪਮਾਨ ਵੱਧ ਜਾਂਦਾ ਹੈ ਅਤੇ ਦਾਣੇ ਬਣ ਰਹੇ ਹੋਣ ਤਾਂ ਫਸਲ ਨੂੰ ਪਾਣੀ ਲਾ ਦੇਣਾ ਚਾਹੀਦਾ ਹੈ।
ਸੰਪਰਕ: 95010-02967