ਤਰਨ ਤਾਰਨ : ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਕਰਵਾਏ ਗਏ ਸਵੱਛ ਅਤੇ ਹਰਿਆ-ਭਰਿਆ ਵਿਦਿਆਲਾ ਰੇਟਿੰਗ 2025-26 ਦੇ ਸਰਵੇ ਵਿੱਚ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਨੇ ਦੇਸ਼ ਭਰ ਦੇ 14 ਲੱਖ 71 ਹਜ਼ਾਰ ਸਕੂਲਾਂ ਦੇ ਸਖ਼ਤ ਮੁਕਾਬਲੇ ਨੂੰ ਪਛਾੜਦੇ ਹੋਏ ਨਾ ਕੇਵਲ ਜ਼ਿਲ੍ਹਾ ਪੱਧਰ ‘ਤੇ ਅਤੇ ਰਾਜ ਪੱਧਰ ‘ਤੇ, ਸਗੋਂ ਹੁਣ ਰਾਸ਼ਟਰੀ ਪੱਧਰ ‘ਤੇ ਪੁਰਸਕਾਰ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ ‘ਤੇ ਉਚ ਮੁਕਾਮ ਹਾਸਿਲ ਕਰ ਲਿਆ ਹੈ।
ਦਸ ਦਈਏ ਕਿ ਇਹ ਸਰਵੇ ਬਲਾਕ ਪੱਧਰ ਤੋਂ ਜ਼ਿਲ੍ਹਾ ਪੱਧਰ ਤੇ ਫਿਰ ਸਟੇਟ ਪੱਧਰ ‘ਤੇ ਕਰਵਾਇਆ ਗਿਆ ਸੀ । ਇਸ ਸਕੂਲ ਨੇ ਪਹਿਲਾਂ ਬਲਾਕ ਪੱਧਰ ‘ਤੇ ਅਤੇ ਫਿਰ ਜ਼ਿਲ੍ਹਾ ਪੱਧਰ ‘ਤੇ ਉਤਮ 8 ਸਕੂਲਾਂ ਵਿੱਚ ਨਾਮ ਦਰਜ ਕਰਵਾਇਆ ਤੇ ਫਿਰ ਪੰਜਾਬ ਪੱਧਰ ‘ਤੇ ਉੱਤਮ 20 ਸਕੂਲਾਂ ਵਿੱਚ ਇਸ ਸਕੂਲ ਦੀ ਚੋਣ ਹੋਈ। ਰਾਜ ਪੱਧਰ ਦੀ ਚੋਣ ਲਈ ਅਤੇ ਰਾਸ਼ਟਰੀ ਪੱਧਰ ਦੀ ਚੋਣ ਲਈ ਕੇਂਦਰੀ ਪੱਧਰ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸਕੂਲ ਵਿਜ਼ਟ ਕਰਕੇ ਹਰੇਕ ਪਹਿਲੂ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕੀਤੀ ਗਈ । ਦੇਸ਼ ਭਰ ਦੇ ਚੁਣੇ ਹੋਏ ਸਕੂਲਾਂ ਵਿੱਚੋਂ ਵੱਧ ਅੰਕਾਂ ਵਾਲੇ ਸਕੂਲਾਂ ਨੂੰ ਅੰਤਿਮ ਸੂਚੀ ਵਿੱਚ ਸ਼ਾਮਿਲ ਕੀਤਾ।
ਇਸ ਸਬੰਧੀ ਪ੍ਰਿੰਸੀਪਲ-ਕਮ-ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ (ਡੀ ਐਸ ਐਮ) ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਇਸ ਰਾਸ਼ਟਰ ਪੱਧਰੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਹਾਨ ਪ੍ਰਾਪਤੀ ਦਾ ਸਿਹਰਾ ਆਪਣੇ ਸਕੂਲ ਦੇ ਮਿਹਨਤੀ ਸਟਾਫ ਅਤੇ ਪਿਆਰੇ ਬੱਚਿਆਂ ਨੂੰ ਦਿੰਦੇ ਹਨ, ਜਿਨ੍ਹਾਂ ਨੇ ਹੁਣ ਤੱਕ ਸਕੂਲ ਦੀ ਬਿਹਤਰੀ ਲਈ ਦਿਨ-ਰਾਤ ਕਾਰਜ ਕੀਤੇ ਹਨ ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

