ਧੂਰੀ ਵਿਖੇ 150 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਸਕੀਮ ਲਾਂਚ

Prabhjot Kaur
2 Min Read

ਚੰਡੀਗੜ੍ਹ: ਪਟਿਆਲਾ ਡਿਵੈੱਲਪਮੈਂਟ ਅਥਾਰਟੀ (ਪੀ.ਡੀ.ਏ.) ਵੱਲੋਂ ਪੀ.ਡੀ.ਏ. ਇਨਕਲੇਵ, ਧੂਰੀ ਵਿਖੇ 150 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਕੀਮ 14 ਅਕਤੂਬਰ, 2022 ਨੂੰ ਬੰਦ ਹੋ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 150 ਵਰਗ ਗਜ਼, 200 ਵਰਗ ਗਜ਼ ਅਤੇ 250 ਵਰਗ ਗਜ਼ ਦੇ ਪਲਾਟਾਂ ਦੀ ਕੀਮਤ 12,000/ ਰੁਪਏ ਪ੍ਰਤੀ ਵਰਗ ਗਜ਼ ਰੱਖੀ ਗਈ ਹੈ ਜਦੋਂਕਿ 300 ਵਰਗ ਗਜ਼ ਅਤੇ 400 ਵਰਗ ਗਜ਼ ਦੇ ਪਲਾਟਾਂ ਦੀ ਰਾਖਵੀਂ ਕੀਮਤ 14,000 ਰੁਪਏ ਪ੍ਰਤੀ ਵਰਗ ਗਜ਼ ਰੱਖੀ ਗਈ ਹੈ। ਬਿਨੈਕਾਰਾਂ ਵੱਲੋਂ ਪਲਾਟ ਦੀ 10 ਫ਼ੀਸਦ ਰਕਮ ਬਿਨੈ-ਪੱਤਰ ਦੇ ਨਾਲ ਅਦਾ ਕੀਤੀ ਜਾਵੇਗੀ ਅਤੇ ਸਫ਼ਲ ਬਿਨੈਕਾਰਾਂ ਨੂੰ ਲੈਟਰ ਆਫ਼ ਇੰਟੈਂਟ (ਐਲ.ਓ.ਆਈ.) ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਕੁੱਲ ਰਕਮ ਦਾ 15 ਫ਼ੀਸਦ ਅਦਾ ਕਰਨਾ ਹੋਵੇਗਾ। ਬਾਕੀ ਦੀ ਰਕਮ ਯਕਮੁਸ਼ਤ ਜਾਂ ਨਿਰਧਾਰਤ ਕਿਸ਼ਤਾਂ ਵਿੱਚ ਅਦਾ ਕੀਤੀ ਜਾਵੇਗੀ।

ਬੁਲਾਰੇ ਨੇ ਦੱਸਿਆ ਕਿ ਪੀ.ਡੀ.ਏ. ਇਨਕਲੇਵ, ਧੂਰੀ ਢੁਕਵੇਂ ਸਥਾਨ ਧੂਰੀ-ਸੰਗਰੂਰ ਮੁੱਖ ਸੜਕ ‘ਤੇ ਸਥਿਤ ਹੈ ਅਤੇ ਇਸ ਰਿਹਾਇਸ਼ੀ ਪ੍ਰਾਜੈਕਟ ਦੇ ਵਸਨੀਕਾਂ ਨੂੰ ਅਤਿ-ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਬਿਨੈਕਾਰ ਇਸ ਸਕੀਮ ਸਬੰਧੀ ਜਾਣਕਾਰੀ ਬਰੌਸ਼ਰ ਤੋਂ ਪ੍ਰਾਪਤ ਕਰ ਸਕਦੇ ਹਨ, ਜੋ ਬਿਨੈ-ਪੱਤਰ ਸਵੀਕਾਰ ਕਰਨ ਅਤੇ ਬਰੌਸ਼ਰਾਂ ਦੀ ਵਿਕਰੀ ਲਈ ਸਬੰਧਤ ਬੈਂਕਾਂ (ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ, ਐਚ.ਡੀ.ਐਫ.ਸੀ. ਬੈਂਕ ਲਿਮਟਿਡ ਅਤੇ ਆਈ.ਸੀ.ਆਈ.ਸੀ.ਆਈ. ਬੈਂਕ) ਵਿੱਚ ਉਪਲਬਧ ਹਨ। ਇਹ ਬਰੌਸ਼ਰ ਪੁੱਡਾ ਕੰਪਲੈਕਸ, ਅਰਬਨ ਅਸਟੇਟ ਫੇਜ਼-2, ਪਟਿਆਲਾ ਵਿਖੇ ਪੀ.ਡੀ.ਏ. ਦੇ ਸਿੰਗਲ ਵਿੰਡੋ ਸਰਵਿਸ ਕਾਊਂਟਰ ਤੋਂ ਵੀ ਖਰੀਦਿਆ ਜਾ ਸਕਦਾ ਹੈ।

- Advertisement -

ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਲਈ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ। ਬਿਨੈਕਾਰ ਵੈੱਬਸਾਈਟ www.pdapatiala.in ਜਾਂ www.puda.gov.in ਉਤੇ ਜਾ ਕੇ ਸਕੀਮ ਦੇ ਵੇਰਵੇ ਦੇਖ ਸਕਦੇ ਹਨ ਜਾਂ 0175-5020555 ਉਤੇ ਫੋਨ ਕਰਕੇ ਵੀ ਵੇਰਵੇ ਪ੍ਰਾਪਤ ਕੀਤੇ ਜਾ ਸਕਦੇ ਹਨ।

Share this Article
Leave a comment