ਨਵੀ ਦਿੱਲੀ : ਜੇਕਰ ਤੁਹਾਡਾ ਖਾਤਾ ਸਟੇਟ ਬੈਂਕ ਆਫ਼ ਇੰਡੀਆ (SBI) ਵਿੱਚ ਹੈ ਅਤੇ ਤੁਸੀਂ ਬੈਂਕ ਦੀ ਸ਼ਾਖਾ ਜਾ ਕੇ ਕੋਈ ਜ਼ਰੂਰੀ ਕੰਮ ਨਿਪਟਾਉਣਾ ਹੈ, ਤਾਂ ਤੁਹਾਡੇ ਕੋਲ ਅੱਜ ਹੀ ਦਾ ਸਮਾਂ ਹੈ। ਕੱਲ੍ਹ ਯਾਨੀ 23 ਮਈ 2026 ਤੋਂ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ SBI ਬੈਂਕ ਦੀਆਂ ਸ਼ਾਖਾਵਾਂ ਛੇ ਦਿਨਾਂ ਲਈ ਬੰਦ ਰਹਿਣ ਵਾਲੀਆਂ ਹਨ ਅਤੇ ਇਹ ਬੰਦ ਪੂਰੇ ਦੇਸ਼ ਵਿੱਚ ਰਹਿ ਸਕਦਾ ਹੈ।
ਮੁਲਾਜ਼ਮ ਜਥੇਬੰਦੀ ਦੀ ਪ੍ਰਸਤਾਵਿਤ ਦੇਸ਼ ਵਿਆਪੀ ਹੜਤਾਲ ਅਤੇ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਇੱਕਠੇ ਆਉਣ ਕਾਰਨ 23 ਮਈ ਤੋਂ 28 ਮਈ ਤੱਕ ਆਫ਼ਲਾਈਨ ਬੈਂਕਿੰਗ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿ ਸਕਦੀਆਂ ਹਨ। ਦੱਸ ਦਈਏ ਕਿ 23 ਮਈ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੈ ਅਤੇ 24 ਮਈ ਨੂੰ ਐਤਵਾਰ ਹੈ। ਨਿਯਮ ਮੁਤਾਬਕ, ਦੇਸ਼ ਦੇ ਸਾਰੇ ਬੈਂਕਾਂ ਵਿੱਚ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਰਹਿੰਦੀ ਹੈ, ਜਿਸ ਕਾਰਨ ਇਹਨਾਂ ਦੋ ਦਿਨਾਂ ਵਿੱਚ ਬੈਂਕ ਬੰਦ ਰਹਿਣਗੇ।
ਇਸ ਤੋਂ ਬਾਅਦ ਆਲ ਇੰਡੀਆ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਫੈਡਰੇਸ਼ਨ ਨੇ ਆਪਣੀਆਂ ਕਈ ਮੰਗਾਂ ਨੂੰ ਲੈ ਕੇ 25 ਅਤੇ 26 ਮਈ (ਸੋਮਵਾਰ ਅਤੇ ਮੰਗਲਵਾਰ) ਨੂੰ ਦੇਸ਼ ਭਰ ਵਿੱਚ ਦੋ ਦਿਨਾਂ ਦੀ ਹੜਤਾਲ ਦਾ ਪ੍ਰਸਤਾਵ ਦਿੱਤਾ ਹੈ। ਇਸ ਨਾਲ ਬੈਂਕਾਂ ਦੇ ਕੰਮਕਾਜ ‘ਤੇ ਸਿੱਧਾ ਅਸਰ ਪੈ ਸਕਦਾ ਹੈ। 27 ਮਈ ਨੂੰ ਬਕਰੀਦ ਕਾਰਨ SBI ਬੰਦ ਰਹੇਗਾ, ਜਦੋਂ ਕਿ ਕੁਝ ਹਿੱਸਿਆਂ ਵਿੱਚ 28 ਮਈ ਨੂੰ ਛੁੱਟੀ ਰਹੇਗੀ।ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 27 ਅਤੇ 28 ਮਈ ਦੋਵੇਂ ਦਿਨ ਬੈਂਕ ਬੰਦ ਰਹਿਣਗੇ।
ਮਿਲੀ ਜਾਣਕਾਰੀ ਅਨੁਸਾਰ ਐਸ.ਬੀ.ਆਈ. ਸਟਾਫ਼ ਫੈਡਰੇਸ਼ਨ ਨੇ ਨੌਕਰੀਆਂ ਦੀ ਆਊਟਸੋਰਸਿੰਗ ਦਾ ਵਿਰੋਧ ਕਰਨ ਅਤੇ ਨਵੇਂ ਮੁਲਾਜ਼ਮਾਂ (ਖ਼ਾਸ ਕਰਕੇ ਹਥਿਆਰਬੰਦ ਗਾਰਡਾਂ ਅਤੇ ਸਬ-ਸਟਾਫ਼) ਦੀ ਪੱਕੀ ਭਰਤੀ ਦੀ ਮੰਗ ਨੂੰ ਲੈ ਕੇ ਇਸ ਹੜਤਾਲ ਦਾ ਪ੍ਰਸਤਾਵ ਰੱਖਿਆ ਹੈ।
ਇਸ ਤੋਂ ਇਲਾਵਾ, ਨੈਸ਼ਨਲ ਪੈਨਸ਼ਨ ਸਿਸਟਮ (NPS) ਦੇ ਗਾਹਕਾਂ ਲਈ ਫੰਡ ਮੈਨੇਜਰ ਬਦਲਣ ਦੀ ਆਜ਼ਾਦੀ, ਕਰੀਅਰ ਦੇ ਵਾਧੇ ਦੀ ਯੋਜਨਾ ਦੀ ਸਮੀਖਿਆ ਅਤੇ ਅਧਿਕਾਰੀਆਂ ਦੇ ਨਾਲ ਤਨਖ਼ਾਹ-ਭੱਤਿਆਂ ਵਿੱਚ ਬਰਾਬਰੀ ਵਰਗੇ ਅਹਿਮ ਮੁੱਦਿਆਂ ‘ਤੇ ਵੀ ਮੁਲਾਜ਼ਮ ਜਥੇਬੰਦੀ ਚਿੰਤਾ ਪ੍ਰਗਟਾ ਰਹੀ ਹੈ।
ਬੈਂਕ ਦੀਆਂ ਸ਼ਾਖਾਵਾਂ ਬੰਦ ਰਹਿਣ ਕਾਰਨ ਕਾਊਂਟਰ ਤੋਂ ਨਕਦੀ ਜਮ੍ਹਾਂ ਕਰਵਾਉਣ ਜਾਂ ਕਢਵਾਉਣ, ਪਾਸਬੁੱਕ ਅਪਡੇਟ ਕਰਵਾਉਣ, ਚੈੱਕ ਕਲੀਅਰੈਂਸ ਅਤੇ ਲੋਨ ਪ੍ਰੋਸੈਸਿੰਗ ਵਰਗੇ ਵਿਅਕਤੀਗਤ ਤੌਰ ‘ਤੇ ਕੀਤੇ ਜਾਣ ਵਾਲੇ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋਣਗੇ।
ਹਾਲਾਂਕਿ, ਬੈਂਕ ਪ੍ਰਬੰਧਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਦੌਰਾਨ ਗਾਹਕਾਂ ਦੀ ਸਹੂਲਤ ਲਈ ਸਾਰੀਆਂ ਡਿਜੀਟਲ ਅਤੇ ਆਨਲਾਈਨ ਬੈਂਕਿੰਗ ਸੇਵਾਵਾਂ ਜਿਵੇਂ ਕਿ ਇੰਟਰਨੈੱਟ ਬੈਂਕਿੰਗ, ਯੋਨੋ (YONO) ਐਪ, ਯੂ.ਪੀ.ਆਈ. (UPI) ਭੁਗਤਾਨ ਅਤੇ ਏ.ਟੀ.ਐਮ. (ATM) ਸੇਵਾਵਾਂ ਆਮ ਵਾਂਗ 24×7 ਚਾਲੂ ਰਹਿਣਗੀਆਂ। ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣ ਲਈ ਆਪਣੇ ਪੈਸਿਆਂ ਦਾ ਲੈਣ-ਦੇਣ ਆਨਲਾਈਨ ਮਾਧਿਅਮਾਂ ਰਾਹੀਂ ਹੀ ਕਰਨ।

