ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਨਵੀਂ ਟੀਮ ਦੇ ਐਲਾਨ ਤੋਂ ਬਾਅਦ ਹੁਣ ਪਾਰਟੀ ਨੇ ਸੂਬਿਆਂ ਦੇ ਇੰਚਾਰਜ ਵੀ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸੇ ਕੜੀ ਵਿੱਚ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਡਾ. ਸਤੀਸ਼ ਪੂਨੀਆ ਨੂੰ ਪੰਜਾਬ BJP ਦਾ ਨਵਾਂ ਇੰਚਾਰਜ ਬਣਾਇਆ ਗਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਲੀ ਇਹ ਜ਼ਿੰਮੇਵਾਰੀ ਉਨ੍ਹਾਂ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ।
ਵਿਜੇ ਰੂਪਾਣੀ ਤੋਂ ਬਾਅਦ ਖਾਲੀ ਸੀ ਅਹੁਦਾ
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਦੀ ਹਵਾਈ ਹਾਦਸੇ ਵਿੱਚ ਮੌਤ ਤੋਂ ਬਾਅਦ ਪੰਜਾਬ BJP ਦੇ ਇੰਚਾਰਜ ਦਾ ਅਹੁਦਾ ਖਾਲੀ ਸੀ। ਹੁਣ ਪਾਰਟੀ ਨੇ ਉਨ੍ਹਾਂ ਦੀ ਥਾਂ ਡਾ. ਸਤੀਸ਼ ਪੂਨੀਆ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਹੈ।
ਹਾਲਾਂਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਲੰਬੇ ਸਮੇਂ ਤੋਂ ਪੰਜਾਬ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ। ਉਨ੍ਹਾਂ ਦੇ ਨਾਲ ਡਾ. ਪੂਨੀਆ ਵੀ ਪੰਜਾਬ BJP ਨਾਲ ਜੁੜੇ ਕੰਮਾਂ ਵਿੱਚ ਸ਼ਾਮਲ ਰਹੇ ਹਨ। ਪੰਜਾਬ BJP ਦੇ ਸੂਬਾ ਪ੍ਰਧਾਨ ਦੀ ਚੋਣ ਤੋਂ ਲੈ ਕੇ ਨਵੀਂ ਟੀਮ ਦੇ ਗਠਨ ਤੱਕ ਵੀ ਉਨ੍ਹਾਂ ਦੀ ਭੂਮਿਕਾ ਰਹੀ ਹੈ।
ਹਰਿਆਣਾ ਚੋਣਾਂ ਦਾ ਤਜਰਬਾ ਵੀ ਕੰਮ ਆਵੇਗਾ
ਡਾ. ਸਤੀਸ਼ ਪੂਨੀਆ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੇ ਸੂਬਾ ਚੋਣ ਇੰਚਾਰਜ ਬਣਾਇਆ ਸੀ। ਹਰਿਆਣਾ ਵਿੱਚ ਤੀਜੀ ਵਾਰ BJP ਸਰਕਾਰ ਬਣਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਇਸ ਤਜਰਬੇ ਤੋਂ ਬਾਅਦ ਹੁਣ ਉਨ੍ਹਾਂ ਨੂੰ ਪੰਜਾਬ ਵਰਗੇ ਸਿਆਸੀ ਤੌਰ ’ਤੇ ਅਹਿਮ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਪੂਨੀਆ ਸਾਹਮਣੇ 6 ਵੱਡੀਆਂ ਚੁਣੌਤੀਆਂ
ਸਭ ਤੋਂ ਪਹਿਲੀ ਚੁਣੌਤੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਸੰਗਠਨ ਨੂੰ ਮਜ਼ਬੂਤ ਕਰਨਾ ਹੋਵੇਗੀ। BJP ਇਸ ਸਮੇਂ ਸਾਰੀਆਂ ਸੀਟਾਂ ’ਤੇ ਇਕੱਲੇ ਚੋਣ ਲੜਨ ਦੀ ਗੱਲ ਕਰ ਰਹੀ ਹੈ। ਇਸ ਲਈ ਉਨ੍ਹਾਂ ਖੇਤਰਾਂ ਵਿੱਚ ਵੀ ਬੂਥ ਅਤੇ ਮੰਡਲ ਪੱਧਰ ’ਤੇ ਮਜ਼ਬੂਤ ਢਾਂਚਾ ਖੜ੍ਹਾ ਕਰਨਾ ਪਵੇਗਾ, ਜਿੱਥੇ ਪਾਰਟੀ ਦੀ ਮੌਜੂਦਗੀ ਕਮਜ਼ੋਰ ਰਹੀ ਹੈ।
ਦੂਜੀ ਵੱਡੀ ਚੁਣੌਤੀ ਪੇਂਡੂ ਪੰਜਾਬ ਅਤੇ ਸਿੱਖ ਵੋਟਰਾਂ ਵਿੱਚ ਪਾਰਟੀ ਦੀ ਪਕੜ ਵਧਾਉਣੀ ਹੈ। ਅਕਾਲੀ ਦਲ ਨਾਲ ਲੰਬੇ ਗਠਜੋੜ ਕਾਰਨ BJP ਦਾ ਆਧਾਰ ਮੁੱਖ ਤੌਰ ’ਤੇ ਸ਼ਹਿਰੀ ਅਤੇ ਹਿੰਦੂ ਵੋਟਰਾਂ ਵਿੱਚ ਮਜ਼ਬੂਤ ਰਿਹਾ ਹੈ।

