ਸਰਨਾ ਭਰਾਵਾਂ ਤੇ ਜੀ.ਕੇ. ਨੂੰ ਪੰਥਕ ਸੰਸਥਾਵਾਂ ਖਿਲਾਫ਼ ਕਾਰਵਾਈਆਂ ਕਰਨ ਲਈ ਕੀਤਾ ਜਾਵੇ ਅਕਾਲ ਤਖ਼ਤ ਸਾਹਿਬ ਤਲਬ: ਸਿਰਸਾ

TeamGlobalPunjab
3 Min Read

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਵੱਲੋਂ ਪੰਥਕ ਸੰਸਥਾਵਾਂ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਗੰਭੀਰ ਨੋਟਿਸ ਲੈਂਦਿਆਂ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਜਾਵੇ ਅਤੇ ਇਹਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੁੰ ਲਿਖੇ ਪੱਤਰ ‘ਚ ਸਿਰਸਾ ਨੇ ਕਿਹਾ ਕਿ ਇਹਨਾਂ ਤਿੰਨ ਸਾਬਕਾ ਪ੍ਰਧਾਨਾਂ ਵੱਲੋਂ ਪੰਥਕ ਸੰਸਥਾਵਾਂ ‘ਤੇ ਪੰਥ ਵਿਰੋਧੀ ਤਾਕਤਾਂ ਦੇ ਤੇ ਸਰਕਾਰਾਂ ਦਾ ਕਬਜ਼ਾ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਜਿਥੇ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਉਪ ਰਾਜਪਾਲ ਨੂੰ ਪੱਤਰ ਲਿਖ ਕੇ ਦਿੱਲੀ ਗੁਰਦੁਆਰਾ ਕਮੇਟੀ ਦਾ ਕੰਟਰੋਲ ਸਰਕਾਰ ਦੇ ਕਬਜ਼ੇ ਅਧੀਨ ਲਿਆਉਣ ਵਾਸਤੇ ਕਿਹਾ ਹੈ, ਉਥੇ ਹੀ ਹਰਵਿੰਦਰ ਸਿੰਘ ਸਰਨਾ ਨੇ ਵੱਖ-ਵੱਖ ਅਦਾਲਤਾਂ ਵਿਚ ਕੇਸ ਪਾ ਕੇ ਕਮੇਟੀ ਦੇ ਜਨਰਲ ਹਾਊਸ ਤੇ ਕਾਰਜਕਾਰਨੀ ਦੇ ਗਠਨ ਦੇ ਰਾਹ ਵਿਚ ਰੁਕਾਵਟਾਂ ਪਾਈਆਂ ਹੋਈਆਂ ਹਨ, ਹਾਲਾਂਕਿ ਕਮੇਟੀ ਦੀਆਂ ਚੋਣਾਂ ਹੋਏ ਨੂੰ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ।

ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਸਗੋਂ ਸਰਲਾ ਭਰਾ ਹਮੇਸ਼ਾ ਹੀ ਸਿੱਖ ਕੌਮ ਦੇ ਵਿਰੁੱਧ ਕੋਝੀਆਂ ਸਾਜ਼ਿਸ਼ਾਂ ਰਚਦੇ ਰਹਿੰਦੇ ਹਨ। 1984 ਦੀ ਸਿੱਖ ਨਸਲਕੁਸ਼ੀ ਦੇ ਕਾਤਲਾਂ ਜਗਦਸ਼ ਟਾਈਟਲਰ ਤੇ ਕਮਲ ਨਾਥ ਨੂੰ ਇਹਨਾਂ ਨੇ ਸਰਕਾਰ ਨਾਲ ਮਿਲ ਕੇ ਹਮੇਸ਼ਾ ਬਚਾਇਆ ਅਤੇ ਉਹਨਾਂ ਨੂੰ ਸਨਮਾਨਤ ਵੀ ਕਰਦੇ ਰਹੇ ਹਨ।

- Advertisement -

ਉਹਨਾਂ ਕਿਹਾ ਕਿ ਗੁਰਦੁਆਰਿਆਂ ਤੋਂ ਪੰਥ ਵਿਰੋਧੀ ਤਾਕਤਾਂ ਦੇ ਕਬਜ਼ੇ ਖਤਮ ਕਰਵਾਉਣ ਲਈ ਸਿੱਖ ਕੌਮ ਨੇ ਅਨੇਕਾਂ ਸ਼ਹਾਦਤਾਂ ਦਿੱਤੀਆਂ ਹਨ ਤੇ ਅਸੀਂ ਕਦੇ ਵੀ ਇਹ ਨਹੀਂ ਚਾਹਾਂਗੇ ਕਿ ਸਰਕਾਰ ਮੁੜ ਤੋਂ ਗੁਰਧਾਮਾਂ ‘ਤੇ ਕਬਜ਼ਾ ਕਰੇ ਅਤੇ ਆਪਣੀ ਮਨਮਰਜ਼ੀ ਕਰੇ ਤੇ ਸੰਗਤ ਵੱਲੋਂ ਚੁਣੀ ਹੋਈ ਕਮੇਟੀ ਦੇ ਪ੍ਰਤੀਨਿਧਾਂ ਨੂੰ ਗੁਰਦੁਆਰਾ ਪ੍ਰਬੰਧਾਂ ਤੋਂ ਵਾਂਝਾ ਕੀਤਾ ਜਾਵੇ।

ਉਹਨਾਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਤਿੰਨਾਂ ਪੰਥ ਵਿਰੋਧੀ ਸਾਬਕਾ ਪ੍ਰਧਾਨਾਂ ਦੀ ਪੰਥ ਵਿਰੋਧੀ ਕਾਰਗੁਜ਼ਾਰੀ ‘ਤੇ ਵਿਚਾਰ ਕਰ ਕੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੱਲੋਂ ਸਿੱਖ ਕੌਮ ਲਈ ਅਜਿਹੀਆਂ ਕੋਝੀਆਂ ਸਾਜ਼ਿਸ਼ਾਂ ਨਾ ਰਚੀਆਂ ਜਾਣ।

Share this Article
Leave a comment