ਲੁਧਿਆਣਾ: ਆਮ ਆਦਮੀ ਪਾਰਟੀ (ਆਪ) ਦੇ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਵਜੋਂ ਸਹੁੰ ਚੁੱਕੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਸਹੁੰ ਤੋਂ ਇੱਕ ਦਿਨ ਪਹਿਲਾਂ ਸੰਜੀਵ ਅਰੋੜਾ ਨੇ ਆਪਣੇ ਪਰਿਵਾਰ ਸਮੇਤ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ‘ਐਕਸ’ ‘ਤੇ ਤਸਵੀਰ ਸਾਂਝੀ ਕਰਦਿਆਂ ਖੁਸ਼ੀ ਜ਼ਾਹਰ ਕੀਤੀ।
ਸੰਜੀਵ ਅਰੋੜਾ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਮੰਤਰੀ ਵਜੋਂ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਦੀ ਪੁਸ਼ਟੀ ਮੁੱਖ ਮੰਤਰੀ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਦੌਰਾਨ ਕੀਤੀ। ਉਹ ਲੁਧਿਆਣਾ ਪੱਛਮੀ ਹਲਕੇ ਤੋਂ ਪੰਜਵੇਂ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਜੋਗਿੰਦਰਪਾਲ ਪਾਂਡੇ, ਹਰਨਾਮ ਦਾਸ ਜੌਹਰ, ਮਹੇਸ਼ ਇੰਦਰ ਗਰੇਵਾਲ ਅਤੇ ਭਾਰਤ ਭੂਸ਼ਣ ਆਸ਼ੂ ਇਸ ਹਲਕੇ ਤੋਂ ਮੰਤਰੀ ਰਹਿ ਚੁੱਕੇ ਹਨ
ਜ਼ਿਮਨੀ ਚੋਣ ਅਤੇ ਸਿਆਸੀ ਸਫਰ
2022 ਵਿੱਚ ‘ਆਪ’ ਉਮੀਦਵਾਰ ਗੁਰਪ੍ਰੀਤ ਗੋਗੀ ਨੇ ਲੁਧਿਆਣਾ ਪੱਛਮੀ ਸੀਟ ਜਿੱਤੀ ਸੀ, ਪਰ ਕੁਝ ਮਹੀਨੇ ਪਹਿਲਾਂ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ 19 ਜੂਨ 2025 ਨੂੰ ਹੋਈ ਜ਼ਿਮਨੀ ਚੋਣ ਵਿੱਚ ਸੰਜੀਵ ਅਰੋੜਾ ਨੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫਰਕ ਨਾਲ ਹਰਾਇਆ। ਸੰਜੀਵ ਅਰੋੜਾ ਨੂੰ 35,179 ਅਤੇ ਆਸ਼ੂ ਨੂੰ 24,542 ਵੋਟਾਂ ਮਿਲੀਆਂ।
ਹਲਕੇ ਦਾ ਸਿਆਸੀ ਇਤਿਹਾਸ
ਲੁਧਿਆਣਾ ਪੱਛਮੀ ਹਲਕੇ ਵਿੱਚ ਕਾਂਗਰਸ ਨੇ ਸਭ ਤੋਂ ਵੱਧ 6 ਵਾਰ ਜਿੱਤ ਦਰਜ ਕੀਤੀ ਹੈ। ਜੋਗਿੰਦਰਪਾਲ ਪਾਂਡੇ 1 ਵਾਰ, ਹਰਨਾਮ ਦਾਸ ਜੌਹਰ 3 ਵਾਰ ਅਤੇ ਭਾਰਤ ਭੂਸ਼ਣ ਆਸ਼ੂ 2 ਵਾਰ ਇਸ ਹਲਕੇ ਤੋਂ ਵਿਧਾਇਕ ਰਹੇ। ਸ਼੍ਰੋਮਣੀ ਅਕਾਲੀ ਦਲ ਨੇ 2 ਵਾਰ ਸਫਲਤਾ ਹਾਸਲ ਕੀਤੀ, ਜਿਸ ਵਿੱਚ ਮਹੇਸ਼ਇੰਦਰ ਗਰੇਵਾਲ ਅਤੇ ਹਰੀਸ਼ ਰਾਏ ਢੰਡਾ ਵਿਧਾਇਕ ਰਹੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।